ਬਕਾਇਆ ਨਾ ਮਿਲਣ ਕਾਰਨ ਪੈਨਸ਼ਨਰਜ਼ ਤੇ ਮੁਲਾਜ਼ਮ ਖ਼ਫ਼ਾ
ਸੁਖਦੇਵ ਸਿੰਘ
ਅਜਨਾਲਾ, 3 ਜੂਨ
ਪੰਜਾਬ ਪੈਨਸ਼ਨਰਜ਼ ਯੂਨੀਅਨ ਤਹਿਸੀਲ ਅਜਨਾਲਾ ਦੀ ਅਹਿਮ ਇਕੱਤਰਤਾ ਅੱਜ ਇੱਥੇ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਕੁਲਦੀਪ ਸਿੰਘ ਬੱਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵੱਖ-ਵੱਖ ਆਗੂਆਂ ਨੇ ਸਰਕਾਰ ਨੂੰ ਹੱਕੀ ਮੰਗਾਂ ਦੀ ਤੁਰੰਤ ਭਰਪਾਈ ਕਰਨ ਲਈ ਅਪੀਲ ਕੀਤੀ।
ਪ੍ਰਧਾਨ ਕੁਲਦੀਪ ਸਿੰਘ ਬੱਲ ਨੇ ਕਿਹਾ ਕਿ ਵੱਖ-ਵੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ 31 ਦਸੰਬਰ 2016 ਤੋਂ ਬਕਾਇਆ ਚੱਲਦਾ ਆ ਰਿਹਾ ਹੈ। ਕੋਈ ਵੀ ਸਰਕਾਰ ਇਸ ਬਕਾਏ ਨੂੰ ਪੈਨਸ਼ਨਰਾਂ ਤੱਕ ਪਹੁੰਚਾਉਣ ਦਾ ਪ੍ਰਬੰਧ ਨਹੀਂ ਕਰ ਰਹੀ ਜਿਸ ਕਾਰਨ ਸਮੂਹ ਪੈਨਸ਼ਨਰਾਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 1 ਜਨਵਰੀ 2016 ਤੋਂ ਪੇਅ ਸਕੇਲ ਸੋਧਣ ਸਮੇਂ ਪੈਨਸ਼ਨਰਾਂ ਦੇ ਨਾਲ ਧੱਕਾ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਭਰੋਸੇ ਵਿੱਚ ਵੀ ਨਹੀਂ ਲਿਆ ਗਿਆ। ਆਗੂਆ ਨੇ ਕਿਹਾ ਕਿ12 ਫੀਸਦੀ ਮਹਿੰਗਾਈ ਭੱਤੇ ਦੀ ਕਿਸ਼ਤ ਵੀ ਪੈਨਸ਼ਨਰਾਂ ਨੂੰ ਨਹੀਂ ਮਿਲ ਰਹੀ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਤੁਰੰਤ ਪੈਨਸ਼ਨਰਾਂ ਵੱਲ ਧਿਆਨ ਦੇਵੇ ਨਹੀਂ ਤਾਂ ਸਰਕਾਰ ਦੇ ਖ਼ਿਲਾਫ਼ ਵੱਡਾ ਮੋਰਚਾ ਖੋਲ੍ਹਦਿਆਂ ਸੰਘਰਸ਼ ਕੀਤਾ ਜਾਵੇਗਾ।
ਪੈਨਸ਼ਨਰਾਂ ਦੇ ਮੈਡੀਕਲ ਬਿੱਲਾਂ ਦੀ ਅਦਾਇਗੀ ਮੰਗੀ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਨਗਰ ਨਿਗਮ ਦੇ ਸੇਵਾਮੁਕਤ ਸੁਪਰਡੈਂਟ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਦੇ ਨਾਲ-ਨਾਲ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਮੈਡੀਕਲ ਬਿੱਲਾਂ ਦਾ ਭੁਗਤਾਨ ਨਾ ਹੋਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਯੂਨੀਅਨਾਂ ਵਲੋਂ ਸਰਕਾਰ ਤੋਂ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕੋਈ ਠੋਸ ਹੱਲ ਨਹੀਂ ਨਿਕਲ ਰਿਹਾ ਜਿਸ ਕਾਰਨ ਪੈਨਸ਼ਨਰਾਂ ਅਤੇ ਮੌਜੂਦਾ ਕਰਮਚਾਰੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਹੈ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ-ਨਾਲ ਪੈਨਸ਼ਨਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਦੀ ਮੁਸ਼ਕਲਾਂ ਨੂੰ ਧਿਆਨ ਗੋਚਰੇ ਰੱਖਦਿਆਂ ਇਸ ਸਮੱਸਿਆ ਦਾ ਹੱਲ ਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਜਲਦੀ ਕੀਤੀ ਜਾਵੇ।