ਖੰਡ ਮਿੱਲ ਬਟਾਲਾ ਵੱਲੋਂ 84 ਲੱਖ ਦੀ ਪੈਨਲਟੀ ਰਾਸ਼ੀ ਜਾਰੀ
ਦਲਬੀਰ ਸਿੰਘ ਸੱਖੋਵਾਲੀਆ
ਬਟਾਲਾ, 28 ਨਵੰਬਰ
ਪੰਜਾਬ ਸ਼ੂਗਰਫੈੱਡ ਦੇ ਪ੍ਰਬੰਧਕੀ ਨਿਰਦੇਸ਼ਕ ਸੇਨੂੰ ਦੁੱਗਲ ਵੱਲੋਂ ਨੇੜਲੇ ਸ਼ੂਗਰ ਮਿੱਲ ਪਨਿਆੜ ਦਾ ਦੌਰਾ ਕੀਤਾ ਗਿਆ। ਦੁੱਗਲ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋਂ 1148 ਕਿਸਾਨਾਂ ਦੀ 84 ਲੱਖ ਰੁਪਏ ਦੀ ਪੈਨਲਟੀ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ।
ਇੱਕ ਸਵਾਲ ਦੇ ਜਵਾਬ ਵਿੱਚ ਸ੍ਰੀਮਤੀ ਦੁੱਗਲ ਨੇ ਦੱਸਿਆ ਕਿ ਬਟਾਲਾ ਦੀ ਸਹਿਕਾਰੀ ਖੰਡ ਮਿੱਲ ਦਾ ਪਿੜਾਈ ਸੀਜ਼ਨ 5 ਦਸੰਬਰ ਨੂੰ ਸ਼ੁਰੂ ਹੋ ਰਿਹਾ ਹੈ। ਅੱਜ ਉਨ੍ਹਾਂ ਵੱਲੋਂ ਸਹਿਕਾਰੀ ਖੰਡ ਮਿੱਲ ਬਟਾਲਾ ਵਿੱਚ ਨਵੇਂ ਲੱਗੇ 3500 ਟੀਸੀਡੀ ਸਮਰੱਥਾ ਦੇ ਪਲਾਂਟ ਦਾ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਹਿਕਾਰੀ ਖੰਡ ਮਿੱਲ ਬਟਾਲਾ ਵੱਲੋਂ 1148 ਕਿਸਾਨਾਂ ਨੂੰ ਪਿੜਾਈ ਸੀਜ਼ਨ 2023-24 ਦੀ ਗੰਨੇ ਦੀ ਸਪਲਾਈ ’ਤੇ ਲੱਗੀ 84 ਲੱਖ ਦੀ ਪੈਨਲਟੀ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ ਇਲਾਕੇ ਦੇ ਕਿਸਾਨਾਂ ਦਾ ਮਿੱਲ ’ਤੇ ਭਰੋਸਾ ਵਧਿਆ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਖੰਡ ਬਟਾਲਾ ਦਾ ਪਹਿਲਾਂ 1500 ਟੀਸੀਡੀ ਦਾ ਪਲਾਂਟ ਚੱਲਦਾ ਸੀ ਅਤੇ ਹੁਣ 3500 ਟੀਸੀਡੀ ਸਮਰੱਥਾ ਦਾ ਨਵਾਂ ਪਲਾਂਟ ਲੱਗ ਚੁੱਕਾ ਹੈ ਜੋ 5 ਦਸੰਬਰ ਨੂੰ ਚੱਲਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਦੌਰਾਨ ਮਿੱਲ ਦਾ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਹੈ। ਉਨ੍ਹਾਂ ਗੰਨਾ ਕਾਸ਼ਤਕਾਰਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹੈ ਅਤੇ ਪਿੜਾਈ ਸੀਜ਼ਨ ਦੌਰਾਨ ਉਨ੍ਹਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦੇ ਗੰਨੇ ਦੀਆਂ ਟਰਾਲੀਆਂ ਦਾ ਖੜੋਤ ਸਮਾਂ ਘੱਟ ਤੋਂ ਘੱਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੰਨਾ ਲੈ ਕੇ ਮਿੱਲ ਆਏ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਲਈ ਨੋਡਲ ਅਧਿਕਾਰੀ ਸੁਖਜਿੰਦਰਪਾਲ ਸਿੰਘ ਲਗਾਇਆ ਜਿਨ੍ਹਾਂ ਦਾ ਮੋਬਾਈਲ ਨੰਬਰ 80546-03800 ਹੈ।