ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਰਹੀ ਸ਼ਾਂਤੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਫਰਵਰੀ
ਸ਼ੰਭੂ ਅਤੇ ਖਨੌਰੀ ਹੱਦਾਂ ’ਤੇ ਹਾਲਾਤ ਅੱਜ ਪਿਛਲੇ ਦੋ ਦਿਨਾਂ ਦੇ ਮੁਕਾਬਲੇ ਸ਼ਾਂਤ ਰਹੇ। ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਕਿਸਾਨਾਂ ਦਾ ਹਰਿਆਣਾ ਦੀ ਸਰਹੱਦਾਂ ਵੱਲ ਆਉਣਾ ਜਾਰੀ ਹੈ। ਅੱਜ ਵੱਡੀ ਗਿਣਤੀ ਕਿਸਾਨਾਂ ਨੇ ਬੈਰੀਕੇਡਾਂ ਵੱਲ ਵਧਣ ਦੀ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਅੱਜ ਹਰਿਆਣਾ ਪੁਲੀਸ ਵੱਲੋਂ ਘੱਟ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਇਸ ਦੇ ਉਲਟ ਵੱਡੀ ਗਿਣਤੀ ਕਿਸਾਨ ਅੱਜ ਧੁੱਪ ਸੇਕਦੇ ਤੇ ਸੜਕਾਂ ਕਿਨਾਰੇ ਪੰਗਤ ਬਣਾ ਕੇ ਲੰਗਰ ਛਕਦੇ ਦਿਖਾਈ ਦਿੱਤੇ। ਇਸ ਮੌਕੇ ਟਰੈਕਟਰ-ਟਰਾਲੀਆਂ ਵਿੱਚ ਉੱਚੀ ਆਵਾਜ਼ ਵਿੱਚ ਗੀਤ ਵੀ ਲੱਗੇ ਹੋਏ ਸਨ।
ਦੋਵੇਂ ਬਾਰਡਰਾਂ ’ਤੇ ਅੱਜ ਅਮਨ ਸ਼ਾਂਤੀ ਲਈ ਦੋਵੇਂ ਪਾਸੇ ਚਿੱਟੇ ਰੰਗ ਦੇ ਝੰਡੇ ਲਾਏ ਹੋਏ ਸਨ ਤੇ ਕਿਸਾਨਾਂ ਵੱਲੋਂ ਤਾਰ ਲਾ ਕੇ ਅੱਗੇ ਵਧਣ ਤੋਂ ਰੋਕਿਆ ਵੀ ਗਿਆ। ਖਨੌਰੀ ਬੈਰੀਅਰ ’ਤੇ ਅੱਜ ਕਈ ਥਾਈਂ ਕਿਸਾਨ ਤਾਸ਼ ਖੇਡਦੇ ਵੀ ਨਜ਼ਰ ਆਏ। ਇਸ ਤੋਂ ਬਿਨਾਂ ਕਿਸਾਨ ਅਤੇ ਸੁਰੱਖਿਆ ਜਵਾਨ ਰਲ-ਮਿਲ ਕੇ ਸਾਫ਼ ਸਫ਼ਾਈ ਕਰਦੇ ਵੇਖੇ ਗਏ। ਖਨੌਰੀ ਬਾਰਡਰ ’ਤੇ ਸੰਬੋਧਨ ਕਰਦਿਆਂ ਅੱਜ ਆਗੂਆਂ ਨੇ ਹਰਿਆਣਾ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਅੱਜ ਖਨੌਰੀ ਬਾਰਡਰ ’ਤੇ ਪੁੱਜੇ ਤੇ ਕਿਸਾਨਾਂ ਨਾਲ ਗੱਲਬਾਤ ਕੀਤੀ।