ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੀਸੀਐੱਸ ਅਫਸਰ

06:04 AM Jul 10, 2024 IST

ਸਰੋਜ

Advertisement

ਅਧਿਆਪਨ ਖੇਤਰ ਵਿੱਚ ਕੰਮ ਕਰਦਿਆਂ ਲੱਗਭੱਗ 25 ਸਾਲ ਹੋ ਗਏ। ਮੇਰੇ ਪੜ੍ਹਾਏ ਅਨੇਕ ਵਿਦਿਆਰਥੀ ਅਗਾਂਹ ਵਾਲੀ ਜ਼ਿੰਦਗੀ ਵਿੱਚ ਰਚ-ਮਿਚ ਗਏ। ਸਕੂਲ ਵਿੱਚ ਵਧੇਰੇ ਬੱਚੇ ਅਧਿਆਪਕਾਂ ਦਾ ਨਿੱਕਾ-ਨਿੱਕਾ ਕੰਮ ਕਰ ਕੇ ਖੁਸ਼ ਹੁੰਦੇ ਹਨ ਪਰ ਹੁਸ਼ਿਆਰ ਬੱਚੇ ਆਪਣੇ ਵਿੱਚ ਮਸਤ ਰਹਿੰਦੇ ਹਨ। ਪੜ੍ਹਾਈ ਵਿੱਚ ਹੁਸ਼ਿਆਰ ਬੱਚਿਆਂ ਵੱਲ ਪੂਰਾ ਧਿਆਨ ਦਿੰਦੀ ਹਾਂ। ਉਨ੍ਹਾਂ ਨੂੰ ਪੜ੍ਹਾਈ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਵਾਹ ਲੱਗਦੀ ਹੱਲ ਵੀ ਕਰ ਦਿੰਦੀ ਹਾਂ। ਸਰਕਾਰੀ ਸਕੂਲਾਂ ਵਿੱਚ ਪੰਜਾਬੀ ਪਰਿਵਾਰਾਂ ਦੇ ਬੱਚਿਆਂ ਦੇ ਨਾਲ-ਨਾਲ ਗ਼ੈਰ-ਪੰਜਾਬੀ ਪਰਿਵਾਰਾਂ ਦੇ ਬੱਚੇ ਵੀ ਪੜ੍ਹਨ ਆਉਣ ਲੱਗ ਪਏ। ਯੂਪੀ, ਬਿਹਾਰ ਤੇ ਰਾਜਸਥਾਨ ਤੋਂ ਪੰਜਾਬ ਕੰਮ ਕਰਨ ਆਉਣ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ ਬੜੇ ਧਿਆਨ ਨਾਲ ਦੇਖਦੀ ਹਾਂ। ਇਨ੍ਹਾਂ ’ਚੋਂ ਬਹੁਤੇ ਬੱਚੇ ਪੜ੍ਹਾਈ ’ਚ ਬਹੁਤ ਹੁਸ਼ਿਆਰ ਨਿਕਲ ਆਉਂਦੇ ਹਨ। ਇਹ ਤੇਜ਼ੀ ਨਾਲ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਗਣਿਤ ਸਿੱਖ ਰਹੇ ਹਨ।
ਇਕ ਬੱਚਾ ਪਹਿਲੇ ਦਰਜੇ ਵਿੱਚ ਅੱਠਵੀਂ ਪਾਸ ਕਰ ਕੇ ਮੇਰੀ ਨੌਵੀਂ ਦੀ ਕਲਾਸ ਵਿੱਚ ਆਇਆ। ਮੈਰਿਟ ਵਿੱਚ ਪੰਜ ਨੰਬਰਾਂ ਪਿੱਛੇ ਰਹਿ ਗਿਆ ਸੀ। ਜਦੋਂ ਉਹਦਾ ਨਾਂ ਪੁੱਛਿਆ ਤਾਂ ਉਹਨੇ ਆਪਣਾ ਨਾਂ ਧਰਮ ਰਾਜ ਦੱਸਿਆ। ਫਿਰ ਮੈਨੂੰ ਚੇਤੇ ਆਇਆ ਕਿ ਇਹ ਧਰਮ ਰਾਜ ਅਸਾਧਾਰਨ ਪ੍ਰਤਿਭਾ ਵਾਲਾ ਬੱਚਾ ਹੈ। ਇਹਦੀਆਂ ਗੱਲਾਂ ਅੱਠਵੀਂ ਜਮਾਤ ਵਾਲੀ ਮੈਡਮ ਦੱਸਦੀ ਹੁੰਦੀ ਸੀ। ਧਰਮ ਰਾਜ ਹਰ ਜਮਾਤ ਵਿੱਚ ਅਵੱਲ ਆਉਂਦਾ। ਸਕੂਲ ਵਿੱਚ ਉਹਦੀ ਭੈਣ 2 ਜਮਾਤ ਵਿੱਚ ਮੇਰੇ ਕੋਲ ਹੀ ਪੜ੍ਹਦੀ ਹੈ। ਉਹ ਵੀ ਉਹਦੇ ਵਾਂਗ ਹੁਸ਼ਿਆਰ ਹੈ ਅਤੇ ਚਿੱਤਰਕਾਰੀ ਬੜੀ ਅੱਛੀ ਕਰਦੀ ਹੈ। ਧਰਮ ਰਾਜ ਦੇ ਮਾਤਾ ਪਿਤਾ ਕਈ ਸਾਲ ਪਹਿਲਾਂ ਪਿੰਡ ਖਾਨਪੁਰ ਢੱਡਾ ਆ ਕੇ ਰਹਿਣ ਲੱਗੇ। ਉਹਦੇ ਮਾਤਾ-ਪਿਤਾ ਪਿੰਡ ਦੀ ਦਾਣਾ ਮੰਡੀ ਵਿੱਚ ਕੰਮ ਕਰਦੇ ਹਨ ਅਤੇ ਨੇੜੇ ਹੀ ਖੁੱਲ੍ਹੀ ਥਾਂ ਝੁੱਗੀ ਬਣਾ ਕੇ ਰਹਿੰਦੇ ਹਨ।
ਪਹਿਲੇ ਦਿਨ ਬੱਚਿਆਂ ਦੀ ਜਾਣ ਪਛਾਣ ਕਰਨ ਲੱਗੀ ਤਾਂ ਉਸ ਬੱਚੇ ਨੂੰ ਖੜ੍ਹਾ ਕਰ ਲਿਆ, “ਪੁੱਤਰ ਤੇਰਾ ਨਾਂ ਕੀ ਹੈ?” ਮੈਂ ਉਹਦੇ ਨੇੜੇ ਜਾ ਕੇ ਬੋਲੀ।
“ਜੀ ਧਰਮ ਰਾਜ।” ਉਹਨੇ ਪਟੱਕ ਜਵਾਬ ਦਿੱਤਾ।
ਫਿਰ ਉਸ ਨੂੰ ਪੜ੍ਹਾਈ ਸਬੰਧੀ ਕੁਝ ਸਵਾਲ ਪੁੱਛੇ ਤਾਂ ਉਸ ਨੇ ਤੁਰੰਤ ਜਵਾਬ ਦੇ ਦਿੱਤੇ। ਫਿਰ ਇਕ ਦਿਨ ਉਹ ਅਡਜਸਟਮੈਂਟ ਦਾ ਰਜਿਸਟਰ ਫੜੀ ਮੇਰੇ ਕੋਲ ਆ ਖੜ੍ਹਾ ਹੋਇਆ। ਬਿਨਾ ਕਿਸੇ ਡਰ ਭੈਅ ਦੇ ਉਹ ਪ੍ਰਿੰਸੀਪਲ ਕੋਲ ਵੀ ਚਲੇ ਜਾਂਦਾ ਸੀ। ਅਡਜਸਟਮੈਂਟ ਲਾਉਣ ਬਾਰੇ ਕਹਿਣ ਲੱਗ ਪੈਂਦਾ ਸੀ।
“ਮੈਡਮ ਜੀ, ਅੱਜ ਤੁਹਾਡਾ ਪੀਰੀਅਡ ਹੈ, ਸਾਡੀ ਕਲਾਸ ਵਿੱਚ ਅੰਗਰੇਜ਼ੀ ਵਾਲੇ ਟੀਚਰ ਅੱਜ ਛੁੱਟੀ ’ਤੇ ਹਨ ਤਾਂ ਤੁਹਾਡੀ ਸਾਡੀ ਜਮਾਤ ਵਿੱਚ ਅਡਜਸਮੈਂਟ ਹੋਈ ਹੈ ਜੀ। ਤੁਸੀਂ ਆ ਕੇ ਜੀ ਹਿਸਟਰੀ ਪੜ੍ਹਾ ਦਿਓ।” ਮੈਂ ਉਹਦੀ ਗੱਲ ਸੁਣ ਕੇ ਹੱਸਦੀ ਹੱਸਦੀ ਉਹਦੇ ਮਗਰ-ਮਗਰ ਤੁਰ ਪਈ। ਮੈਂ ਅੱਜ ਦੀ ਅਡਜਸਟਮੈਂਟ ਭੁੱਲ ਗਈ ਸੀ।
ਧਰਮ ਰਾਜ ਸੱਚਮੁੱਚ ਧਰਮ ਰਾਜ ਵਾਂਗ ਸਕੂਲ ’ਚ ਵਿਚਰਦਾ ਸੀ। ਜਦੋਂ ਸਮਾਂ ਮਿਲਦਾ, ਉਹ ਆਪਣੇ ਅਧਿਆਪਕਾਂ ਨੂੰ ਸਵਾਲ ਕਰਦਾ ਰਹਿੰਦਾ। ਪੜ੍ਹਾਈ ਸਬੰਧੀ ਕੋਈ ਨਾ ਕੋਈ ਗੱਲ ਪੁੱਛਦਾ ਰਹਿੰਦਾ। ਉਹ ਆਪਣੀ ਜਮਾਤ ਵਿੱਚ ਵੀ ਸਾਰੇ ਬੱਚਿਆਂ ’ਤੇ ਹਾਵੀ ਰਹਿੰਦਾ ਸੀ। ਪੜ੍ਹਾਈ ਸਬੰਧੀ ਹਰ ਮੁਸ਼ਕਿਲ ਦਾ ਹੱਲ ਧਰਮ ਰਾਜ ਕੋਲ ਹੁੰਦਾ ਸੀ। ਉਹ ਸਕੂਲ ਸਵੇਰ ਨੂੰ ਬਹੁਤ ਜਲਦੀ ਆ ਕੇ ਸਕੂਲ ਦਾ ਹਰ ਕਮਰਾ ਦੇਖਦਾ ਹੁੰਦਾ ਸੀ। ਜਿਹੜੇ ਕਮਰੇ ਵਿੱਚ ਗੰਦ ਹੁੰਦਾ, ਸਫ਼ਾਈ ਕਰਮਚਾਰੀ ਨੂੰ ਤੁਰੰਤ ਕਹਿ ਕੇ ਕਮਰੇ ਦੀ ਸਫ਼ਾਈ ਕਰਵਾ ਦਿੰਦਾ।
ਇਕ ਦਿਨ ਮੈਂ ਇਤਿਹਾਸ ਪੜ੍ਹਾ ਰਹੀ ਸੀ ਤਾਂ ਉਹ ਮੇਰੇ ਹਰ ਸਵਾਲ ਦਾ ਉੱਤਰ ਤੁਰੰਤ ਦੇ ਰਿਹਾ ਸੀ। ਮੈਨੂੰ ਪਤਾ ਲੱਗਾ ਕਿ ਉਹ ਹਰ ਜਮਾਤ ਵਿੱਚ ਇਸੇ ਤਰ੍ਹਾਂ ਜਵਾਬ ਦਿੰਦਾ ਹੈ। ਇਕ ਦਿਨ ਮੈਂ ਧਰਮ ਰਾਜ ਨੂੰ ਪੁੱਛ ਲਿਆ, “ਬੱਚੇ ਤੂੰ ਵੱਡਾ ਹੋ ਕੇ ਕੀ ਬਣਨਾ ਚਾਹੁੰਦਾ ਏ?”
ਧਰਮ ਰਾਜ ਨੇ ਤੁਰੰਤ ਜਵਾਬ ਦਿੱਤਾ, “ਮੈਡਮ ਜੀ, ਮੈਂ ਵੱਡਾ ਹੋ ਕੇ ਪੀਸੀਐੱਸ ਅਫਸਰ ਬਣਨਾ।” ਧਰਮ ਰਾਜ ਬੜੇ ਹੌਸਲੇ ਨਾਲ ਕਹਿ ਰਿਹਾ ਸੀ। ਉਸ ਦੀ ਗੱਲ ਸੁਣ ਕੇ ਸਾਰੇ ਬੱਚੇ ਹੱਸ ਪਏ ਪਰ ਉਹ ਗੰਭੀਰ ਬਣ ਕੇ ਖੜ੍ਹਾ ਸੀ।
ਮੈਂ ਪੰਜਾਬੀ ਕੁੜੀਆਂ ਮੁੰਡਿਆਂ ਨੂੰ ਜਦੋਂ ਇਹ ਸਵਾਲ ਕੀਤਾ ਤਾਂ ਕਿਸੇ ਨੇ ਕਿਹਾ, “ਜੀ ਅਸੀਂ ਤਾਂ ਆਇਲੈਟਸ ਕਰ ਕੇ ਕੈਨੇਡਾ ਆਸਟਰੇਲੀਆ ਜਾਣਾ। ਸਾਧਾਰਨ ਪੜ੍ਹਾਈ ਕਰਨ ਵਾਲਾ ਇੱਕ ਮੁੰਡਾ ਕਹਿਣ ਲੱਗਾ, “ਜੀ ਮੈਂ ਵੀ ਕੈਨੇਡਾ ਪੜ੍ਹਨ ਜਾਣਾ।” ਮੈਂ ਦੇਖਿਆ, ਹਰ ਪੰਜਾਬੀ ਮੁੰਡੇ ਕੁੜੀ ਦਾ ਸੁਫ਼ਨਾ ਕੈਨੇਡਾ ਜਾਣ ਦਾ ਸੀ।
ਧਰਮ ਰਾਜ ਦੀ ਗੱਲ ਸੁਣ ਕੇ ਮੇਰੀਆਂ ਅੱਖਾਂ ਅੱਗੇ ਪੰਜਾਬ ਵਿੱਚ ਆਈਲੈਟਸ ਕਰਵਾਉਣ ਵਾਲਿਆਂ ਦੇ ਫਲੈਕਸ ਬੋਰਡ ਘੁੰਮਣ ਲੱਗ ਪਏ। ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਵੀ ਆਇਲੈਟਸ ਸੈਂਟਰ ਖੁੱਲ੍ਹ ਗਏ ਹਨ। 10 2 ਕਰ ਕੇ ਹਰ ਪੰਜਾਬੀ ਬੱਚਾ ਆਪਣੇ ਘਰ ਦਿਆਂ ਦੇ ਸੁਫ਼ਨੇ ਪੂਰੇ ਕਰਨ ਇਨ੍ਹਾਂ ਸੈਂਟਰਾਂ ਵਿੱਚ ਜਾ ਰਿਹਾ ਸੀ ਪਰ ਰਾਜਸਥਾਨ ਮੂਲ ਦਾ ਬੱਚਾ ਪੀਸੀਐੱਸ ਦੇ ਸੁਫ਼ਨੇ ਲੈ ਰਿਹਾ ਸੀ। ਧਰਮ ਰਾਜ ਅੰਦਰ ਇਸ ਕਦਰ ਵਿਸ਼ਵਾਸ ਸੀ ਕਿ ਉਹ ਸਕੂਲ ਵਿੱਚ ਹੁਣੇ ਹੀ ਅਫਸਰਾਂ ਵਾਂਗ ਵਿਚਰਦਾ ਸੀ।
ਸੰਪਰਕ: 94642-36953

Advertisement
Advertisement
Advertisement