ਪੈਰਿਸ ਓਲੰਪਿਕਸ ਵਿੱਚ ਖਿਡਾਰਨਾਂ ਪ੍ਰੇਰਨਾ ਸ੍ਰੋਤ ਬਣੀਆਂ
ਨਵਦੀਪ ਸਿੰਘ ਗਿੱਲ
ਪੈਰਿਸ ਵਿੱਚ ਓਲੰਪਿਕ ਖੇਡਾਂ ਆਪਣੇ ਸਿਖਰ ’ਤੇ ਹਨ ਅਤੇ ਦੁਨੀਆ ਦੀਆਂ ਖੇਡਾਂ ਦੇ ਮਹਾਂ ਕੁੰਭ ਵਿੱਚ ਅਨੇਕ ਖਿਡਾਰਨਾਂ ਔਰਤਾਂ ਲਈ ਪ੍ਰੇਰਨਾ ਸ੍ਰੋਤ ਬਣੀਆਂ ਹੋਈਆਂ ਹਨ। ਅਜਿਹੀ ਸਭ ਤੋਂ ਵੱਡੀ ਉਦਾਹਰਨ ਮਿਸਰ ਦੀ ਤਲਵਾਰਬਾਜ਼ ਨਦਾ ਹਾਫੇਜ਼ ਦੀ ਹੈ ਜੋ ਸੱਤ ਮਹੀਨਿਆਂ ਦੀ ਗਰਭਵਤੀ ਹੋਣ ਦੇ ਬਾਵਜੂਦ ਪੈਰਿਸ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਬੁਲੰਦ ਹੌਸਲੇ ਤੇ ਦ੍ਰਿੜ ਇਰਾਦੇ ਨਾਲ ਆਪਣੀ ਤੀਜੀ ਓਲੰਪਿਕਸ ਖੇਡ ਰਹੀ ਮਿਸਰ ਦੀ 27 ਵਰ੍ਹਿਆਂ ਦੀ ਇਸ ਤਲਵਾਰਬਾਜ਼ ਨੇ ਪਹਿਲੇ ਰਾਊਂਡ ਵਿੱਚ ਅਮਰੀਕੀ ਖਿਡਾਰਨ ਐਲਿਜ਼ਾਬੈਥ ਟਾਰਟਾਕੋਵਸਕੀ ਨੂੰ 15-13 ਨਾਲ ਹਰਾਇਆ। ਦੂਜੇ ਰਾਊਂਡ ਵਿੱਚ ਉਹ ਭਾਵੇਂ ਦੱਖਣੀ ਕੋਰੀਆ ਦੀ ਜੀਓਨ ਹਾ-ਯਾਂਗ ਤੋਂ 7-15 ਨਾਲ ਹਾਰ ਗਈ ਪਰ ਆਪਣੀ ਜ਼ਿੰਦਾਦਿਲੀ ਨਾਲ ਉਸ ਨੇ ਖੇਡ ਪ੍ਰੇਮੀਆਂ ਦੇ ਦਿਲ ਜਿੱਤ ਲਏ।
ਹਾਫੇਜ਼ 17 ਵਰ੍ਹਿਆਂ ਦੀ ਉਮਰੇ ਮਿਸਰ ਦੀ ਨੈਸ਼ਨਲ ਸੀਨੀਅਰ ਫੈਂਸਿੰਗ ਸਾਬਰ ਮਹਿਲਾ ਟੀਮ ਦੀ ਮੈਂਬਰ ਬਣ ਗਈ ਸੀ। ਉਹ 2016 ਵਿੱਚ ਰੀਓ ਅਤੇ 2021 ਵਿੱਚ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈ ਚੁੱਕੀ ਹੈ। ਉਹਨੇ ਅਫਰੀਕੀ ਜ਼ੋਨਲ ਚੈਂਪੀਅਨਸ਼ਿਪ ਵਿੱਚ ਇੱਕ ਚਾਂਦੀ ਤੇ ਕਾਂਸੀ ਦੇ ਦੋ ਤਗ਼ਮੇ ਅਤੇ ਬੈਲਜੀਅਮ ਟੂਰਨੋਈ ਸੈਟੇਲਾਈਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਖੇਡ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਹੈ। 2017 ਵਿੱਚ ਆਸਟਰੇਲੀਅਨ ਓਪਨ ਗਰੈਂਡ ਸਲੈਮ ਖਿਤਾਬ ਜਿੱਤਣ ਮੌਕੇ ਅਮਰੀਕਾ ਦੀ ਮਹਾਨ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਵੀ ਗਰਭਵਤੀ ਸੀ।
ਭਾਰਤ ਦੀ ਤੀਰਅੰਦਾਜ਼ ਦੀਪਿਕਾ ਕੁਮਾਰੀ ਆਪਣੀ 19 ਮਹੀਨਿਆਂ ਦੀ ਬੱਚੀ ਨੂੰ ਦੇਸ਼ ਛੱਡ ਕੇ ਪੈਰਿਸ ਵਿਖੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਦੀਪਿਕਾ ਓਲੰਪਿਕਸ ਤੋਂ ਪਹਿਲਾਂ ਵੀ ਕੈਂਪਾਂ ਵਿੱਚ ਰਹਿਣ ਕਰ ਕੇ ਆਪਣੀ ਬੱਚੀ ਤੋਂ ਦੂਰ ਰਹੀ। ਆਪਣੀ ਚੌਥੀ ਓਲੰਪਿਕਸ ਖੇਡ ਰਹੀ ਦੀਪਿਕਾ ਦੁਨੀਆ ਭਰ ਦੀਆਂ ਮਾਵਾਂ ਲਈ ਪ੍ਰੇਰਨਾ ਸ੍ਰੋਤ ਹੈ।
ਛੋਟੀ ਉਮਰ ਦੀਆਂ ਖਿਡਾਰਨਾਂ ਵੀ ਛਾਪ ਛੱਡ ਰਹੀਆਂ ਹਨ। ਤੈਰਾਕੀ ਮੁਕਾਬਲਿਆਂ ਵਿੱਚ ਹਿੱਸਾ ਲੈ ਰਹੀ ਭਾਰਤੀ ਤੈਰਾਕ ਧਨਿਧੀ ਦੇਸਿੰਘੂ ਦੀ ਉਮਰ ਮਹਿਜ਼ 14 ਸਾਲ ਹੈ। ਕਰਨਾਟਕਾ ਦੀ ਰਹਿਣ ਵਾਲੀ ਧਨਿਧੀ ਇਸ ਵੇਲੇ ਬੈਂਗਲੁਰੂ ਦੇ ਕੇਂਦਰੀ ਵਿਦਿਆਲਾ ਸਕੂਲ ਵਿੱਚ ਨੌਵੀਂ ਕਲਾਸ ਦੀ ਵਿਦਿਆਰਥਣ ਹੈ। ਉਹ ਪਿਛਲੇ ਸਾਲ ਹਾਂਗਜ਼ੂ ਵਿੱਚ 13 ਵਰ੍ਹਿਆਂ ਦੀ ਉਮਰੇ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ ਸੀ। ਤੈਰਾਕੀ ਮੁਕਾਬਲਿਆਂ ਵਿੱਚ ਹੀ ਪਾਕਿਸਤਾਨ ਦੀ 22 ਵਰ੍ਹਿਆਂ ਦੀ ਕਿਸ਼ਮਾਲਾ ਤਲਤ ਨੇ ਹਿੱਸਾ ਲਿਆ ਸੀ। ਪੈਰਿਸ ਓਲੰਪਿਕਸ ਵਿੱਚ ਚੀਨ ਦੀ 12 ਵਰ੍ਹਿਆਂ ਦੀ ਜੈਂਗ ਹੋਹਾਓ ਸਕੇਟਬੋਰਡਿੰਗ ਵਿੱਚ ਹਿੱਸਾ ਲੈ ਰਹੀ ਹੈ ਜੋ ਪੈਰਿਸ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਹੈ।
ਖੇਡਾਂ ਵਿੱਚ ਅੱਜ ਕੁੜੀਆਂ ਮੁੰਡਿਆਂ ਤੋਂ ਇਕ ਕਦਮ ਅੱਗੇ ਹੋ ਕੇ ਪ੍ਰਦਰਸ਼ਨ ਕਰ ਰਹੀਆਂ ਹਨ। ਭਾਰਤ ਲਈ ਪਹਿਲਾ ਤਗ਼ਮਾ ਵੀ ਮਹਿਲਾ ਨਿਸ਼ਾਨੇਬਾਜ਼ ਮਨੂ ਭਾਕਰ ਨੇ ਜਿੱਤਿਆ। 22 ਵਰ੍ਹਿਆਂ ਦੀ ਮਨੂ ਨੇ ਦੂਜਾ ਤਗ਼ਮਾ ਸਰਬਜੋਤ ਸਿੰਘ ਨਾਲ ਮਿਲ ਕੇ ਮਿਕਸਡ ਡਬਲਜ਼ ਵਿੱਚ ਜਿੱਤਿਆ ਸੀ। ਮਨੂ ਆਜ਼ਾਦ ਭਾਰਤ ਦੀ ਪਹਿਲੀ ਖਿਡਾਰੀ ਹੈ ਜਿਸ ਨੇ ਇਕੋ ਓਲੰਪਿਕਸ ਵਿੱਚ ਦੋ ਤਗ਼ਮੇ ਜਿੱਤੇ ਹਨ।
ਕੌਮਾਂਤਰੀ ਓਲੰਪਿਕ ਕਮੇਟੀ ਨੇ ਪਿਛਲੇ ਸਮੇਂ ਵਿੱਚ ਲਿੰਗਕ ਸਮਾਨਤਾ ਲਈ ਵੱਡੇ ਫੈਸਲੇ ਕੀਤੇ ਹਨ। ਖੇਡਾਂ ਦੇ ਉਦਘਾਟਨੀ ਸਮਾਰੋਹ ਵਿੱਚ ਇਕ ਪੁਰਸ਼ ਤੇ ਇਕ ਮਹਿਲਾ ਖਿਡਾਰੀ ਨੂੰ ਝੰਡਾਬਰਦਾਰ ਬਣਾਇਆ ਜਾਂਦਾ ਹੈ। ਟੈਨਿਸ, ਬੈਡਮਿੰਟਨ ਵਾਂਗ ਨਿਸ਼ਾਨੇਬਾਜ਼ੀ, ਅਥਲੈਟਿਕਸ ਵਿੱਚ ਕੁੜੀਆਂ-ਮੁੰਡਿਆਂ ਦੀਆਂ ਮਿਕਸਡ ਟੀਮਾਂ ਬਣਨ ਲੱਗੀਆਂ। ਇਥੋਂ ਤੱਕ ਕਿ ਰਿਲੇਅ ਦੌੜ ਵੀ ਮਿਕਸਡ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਦੋ ਪੁਰਸ਼ ਤੇ ਦੋ ਮਹਿਲਾ ਖਿਡਾਰੀ ਸ਼ਾਮਲ ਹੁੰਦੀਆਂ ਹਨ। ਪੈਰਿਸ ਓਲੰਪਿਕਸ ਵਿੱਚ ਪੁਰਸ਼ਾਂ ਦੇ 157 ਈਵੈਂਟ ਅਤੇ ਮਹਿਲਾਵਾਂ ਦੇ 152 ਈਵੈਂਟ ਹੋ ਰਹੇ ਹਨ; 20 ਈਵੈਂਟ ਮਿਕਸਡ ਹਨ। ਹੁਣ ਖੇਡਾਂ ਵਿੱਚ ਔਰਤਾਂ ਤੇ ਮਰਦਾਂ ਦੀ ਹਿੱਸੇਦਾਰੀ ਵੀ ਲੱਗਭੱਗ ਬਰਾਬਰ ਹੁੰਦੀ ਹੈ। ਪੈਰਿਸ ਓਲੰਪਿਕਸ ਵਿੱਚ ਅਮਰੀਕਾ ਦੀ ਜਿਮਨਾਸਟ ਸਾਈਮਨ ਬਾਈਲਜ਼, ਅਥਲੀਟ ਸਕੀਰੀ ਰਿਚਰਡਸਨ, ਜਮਾਇਕਾ ਦੀ ਅਥਲੀਟ ਸ਼ੈਲੀ ਐਨ ਫਰੇਜ਼ਰ ਪ੍ਰਾਈਸ ਜਿਹੀਆਂ ਵੱਧ ਸੁਰਖੀਆਂ ਬਟੋਰ ਰਹੀਆਂ ਹਨ। 1896 ਵਿੱਚ ਏਥਨਜ਼ ਵਿਖੇ ਪਹਿਲੀਆਂ ਨਵੀਨ ਓਲੰਪਿਕਸ ਵਿੱਚ ਸਿਰਫ ਪੁਰਸ਼ ਖਿਡਾਰੀਆਂ ਨੇ ਹਿੱਸਾ ਲਿਆ ਸੀ ਅਤੇ 1900 ਵਿੱਚ ਪੈਰਿਸ ਵਿਖੇ ਹੀ ਪਹਿਲੀ ਵਾਰ ਔਰਤਾਂ ਨੇ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ।
ਓਲੰਪਿਕ ਇਤਿਹਾਸ ਵਿੱਚ ਭਾਰਤੀ ਮਹਿਲਾਵਾਂ ਦੇ ਯੋਗਦਾਨ ਦੀ ਗੱਲ ਕਰੀਏ ਤਾਂ 1924 ਵਿੱਚ ਪੈਰਿਸ ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਟੈਨਿਸ ਦੇ ਸਿੰਗਲਜ਼ ਤੇ ਮਿਕਸਡ ਡਬਲਜ਼ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਨੋਰਾ ਪੋਲੀ ਪਹਿਲੀ ਭਾਰਤੀ ਖਿਡਾਰਨ ਸੀ। ਪੀਟੀ ਊਸ਼ਾ 1984 ਵਿੱਚ ਲਾਸ ਏਂਜਲਸ ਓਲੰਪਿਕ ਖੇਡਾਂ ਵਿੱਚ ਚੌਥੇ ਸਥਾਨ ਉਤੇ ਆਈ। 2000 ਵਿੱਚ ਸਿਡਨੀ ਵਿੱਚ ਵੇਟਲਿਫਟਿੰਗ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਕਰਨਮ ਮਲੇਸ਼ਵਰੀ ਪਹਿਲੀ ਓਲੰਪਿਕਸ ਤਗ਼ਮਾ ਜੇਤੂ ਭਾਰਤੀ ਖਿਡਾਰਨ ਸੀ। 2016 ਵਿੱਚ ਰੀਓ ਵਿੱਚ ਚਾਂਦੀ ਅਤੇ 2021 ਵਿੱਚ ਟੋਕੀਓ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ ਓਲੰਪਿਕਸ ਵਿੱਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਸੀ। 2016 ਵਿੱਚ ਰੀਓ ਓਲੰਪਿਕਸ ਵਿੱਚ ਭਾਰਤ ਵੱਲੋਂ ਜਿੱਤੇ ਦੋਵੇਂ ਤਗ਼ਮੇ ਖਿਡਾਰਨਾਂ (ਪੀਵੀ ਸਿੰਧੂ ਤੇ ਸਾਕਸ਼ੀ ਮਲਿਕ) ਦੇ ਸਨ।
ਸੰਪਰਕ: 97800-36216