ਪਵਾਰ ਧੜੇ ਚੋਣ ਨਿਸ਼ਾਨ ਦੀ ਬਜਾਏ ਵੋਟਰਾਂ ’ਤੇ ਧਿਆਨ ਕੇਂਦਰਤ ਕਰਨ: ਸੁਪਰੀਮ ਕੋਰਟ
ਨਵੀਂ ਦਿੱਲੀ, 6 ਨਵੰਬਰ
ਵਿਵਾਦਤ ਚੋਣ ਨਿਸ਼ਾਨ ‘ਘੜੀ’ ਬਾਰੇ ਡਿਸਕਲੇਮਰ ਪ੍ਰਕਾਸ਼ਿਤ ਕਰਨ ਲਈ ਆਖਦਿਆਂ ਸੁਪਰੀਮ ਕੋਰਟ ਨੇ ਅੱਜ ਐੱਨਸੀਪੀ ਦੇ ਦੋਵੇਂ ਪਵਾਰ ਧੜਿਆਂ ਨੂੰ ਕਿਹਾ ਕਿ ਉਹ ਅਦਾਲਤ ’ਚ ਆਪਣੀ ਊਰਜਾ ਖਪਾਉਣ ਨਾਲੋਂ ਵੋਟਰਾਂ ਨੂੰ ਭਰਮਾਉਣ ਵੱਲ ਧਿਆਨ ਦੇਣ। ਜਸਟਿਸ ਸੂਰਿਆ ਕਾਂਤ, ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਉੱਜਲ ਭੂਇਆਂ ਦੇ ਬੈਂਚ ਨੇ ਸ਼ਰਦ ਪਵਾਰ ਅਤੇ ਅਜੀਤ ਪਵਾਰ ਧੜਿਆਂ ਦੀਆਂ ਅਰਜ਼ੀਆਂ ’ਤੇ ਸੁਣਵਾਈ ਕਰਦਿਆਂ ਇਹ ਨਸੀਹਤ ਦਿੱਤੀ। ਸੁਪਰੀਮ ਕੋਰਟ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਹੇਠਲੇ ਐੱਨਸੀਪੀ ਧੜੇ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਮਰਾਠੀ ਸਮੇਤ ਹੋਰ ਅਖ਼ਬਾਰਾਂ ’ਚ ਡਿਸਕਲੇਮਰ ਪ੍ਰਕਾਸ਼ਿਤ ਕਰਨ ਕਿ ਚੋਣ ਨਿਸ਼ਾਨ ‘ਘੜੀ’ ਦੀ ਵੰਡ ਦਾ ਮੁੱਦਾ ਅਦਾਲਤ ’ਚ ਬਕਾਇਆ ਪਿਆ ਹੈ। ਬੈਂਚ ਨੇ ਅਜੀਤ ਪਵਾਰ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਨੂੰ ਕਿਹਾ ਕਿ ਡਿਸਕਲੇਮਰ 36 ਘੰਟਿਆਂ ਦੇ ਅੰਦਰ ਪ੍ਰਕਾਸ਼ਿਤ ਕੀਤੇ ਜਾਣ। ਵਕੀਲ ਨੇ ਦਾਅਵਾ ਕੀਤਾ ਕਿ ਸਾਰੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਭਰ ਦਿੱਤੀਆਂ ਹਨ ਅਤੇ ਨਾਮ ਵਾਪਸੀ ਦਾ ਅਮਲ ਵੀ ਮੁਕੰਮਲ ਹੋ ਗਿਆ ਹੈ ਪਰ ਸ਼ਰਦ ਪਵਾਰ ਧੜਾ ਪੂਰੀ ਚੋਣ ਪ੍ਰਕਿਰਿਆ ’ਚ ਅੜਿੱਕੇ ਡਾਹੁਣ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼ਰਦ ਪਵਾਰ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਚੋਣ ਨਿਸ਼ਾਨ ‘ਘੜੀ’ ਉਨ੍ਹਾਂ ਦੇ ਮੁਵੱਕਿਲ ਕੋਲ ਪਿਛਲੇ 30 ਸਾਲਾਂ ਤੋਂ ਹੈ ਅਤੇ ਵਿਰੋਧੀ ਧਿਰ ਇਸ ਦੀ ਦੁਰਵਰਤੋਂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ
ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਵੱਲੋਂ ਚੋਣ ਮੈਨੀਫੈਸਟੋ ਜਾਰੀ
ਮੁੰਬਈ:
ਮਹਾਰਾਸ਼ਟਰ ਦੇ ਉੱਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਨੇ ਸੂਬੇ ’ਚ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ, ਜਿਸ ਵਿੱਚ ‘ਲੜਕੀ ਬਹਨ’ ਯੋਜਨਾ ਤਹਿਤ ਮਾਸਿਕ ਸਹਾਇਤਾ ਰਾਸ਼ੀ 1500 ਰੁਪਏ ਤੋਂ ਵਧਾ ਕੇ 2100 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਹੈ। ਐੱਨਸੀਪੀ ਨੇ ਕਿਸਾਨਾਂ ਲਈ ਸ਼ੇਤਕਰੀ ਸਨਮਾਨ ਨਿਧੀ ਯੋਜਨਾ ਤਹਿਤ ਸਹਾਇਤਾ ਰਾਸ਼ੀ 12,000 ਰੁਪਏ ਤੋਂ ਵਧਾ ਕੇ 15,000 ਰੁਪਏ ਸਾਲਾਨਾ ਕਰਨ ਦਾ ਵਾਅਦਾ ਕੀਤਾ ਹੈ। ਐੱਨਸੀਪੀ ਸੱਤਾਧਾਰੀ ਮਹਾਯੁਤੀ ਗੱਠਜੋੜ ਦੇ ਹਿੱਸੇ ਵਜੋਂ ਵਿਧਾਨ ਸਭਾ ਚੋਣਾਂ ਲੜ ਰਹੀ ਹੈ। ਇਸ ਗੱਠਜੋੜ ਵਿੱਚ ਸ਼ਿਵ ਸੈਨਾ ਅਤੇ ਭਾਜਪਾ ਵੀ ਸ਼ਾਮਲ ਹੈ। ਐੱਨਸੀਪੀ 20 ਨਵੰਬਰ ਨੂੰ ਹੋਣ ਵਾਲੀਆਂ ਇਨ੍ਹਾਂ ਚੋਣਾਂ ਲਈ 52 ਵਿਧਾਨ ਸਭਾ ਹਲਕਿਆਂ ਤੋਂ ਕਿਸਮਤ ਅਜਮਾ ਰਹੀ ਹੈ। -ਪੀਟੀਆਈ