ਬਿਨਾਂ ਮੁਕਾਬਲਾ ‘ਆਪ’ ਉਮੀਦਵਾਰ ਦੀਪਿਕਾ ਧੀਰ ਦੀ ਜਿੱਤ ਦਾ ਰਾਹ ਪੱਧਰਾ
ਬੀਰਬਲ ਰਿਸ਼ੀ
ਧੂਰੀ, 12 ਦਸੰਬਰ
ਨਗਰ ਕੌਂਸਲ ਧੂਰੀ ਦੇ ਵਾਰਡ ਨੰਬਰ 5 ਦੀ ਜ਼ਿਮਨੀ ਚੋਣ ਲਈ ਅੱਜ ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਵੀ ਕਿਸੇ ਵਿਰੋਧੀ ਪਾਰਟੀ ਦੇ ਉਮੀਦਵਾਰ ਵੱਲੋਂ ਨਿਰਧਾਰਤ ਸਮੇਂ ਤੱਕ ਕਾਗਜ਼ ਦਾਖਲ ਨਾ ਕਰਨ ਮਗਰੋਂ ਹੁਕਮਰਾਨ ਧਿਰ ਦੀ ਉਮੀਦਵਾਰ ਦੀਪਿਕਾ ਧੀਰ ਦੀ ਬਿਨਾਂ ਮੁਕਾਬਲਾ ਜਿੱਤ ਦਾ ਰਾਹ ਪੱਧਰਾ ਹੋ ਗਿਆ ਹੈ। ਮੁੱਖ ਮੰਤਰੀ ਕੈਂਪ ਦਫ਼ਤਰ ਧੂਰੀ ਦੇ ਦੋਵੇਂ ਇੰਚਾਰਜਾਂ ਦਲਵੀਰ ਸਿੰਘ ਢਿੱਲੋਂ ਅਤੇ ਰਾਜਵੰਤ ਸਿੰਘ ਘੁੱਲੀ ਨੇ ਉਕਤ ਸਿਆਸੀ ਘਟਨਾਕ੍ਰਮ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ‘ਆਪ’ ਉਮੀਦਵਾਰ ਵਿਰੁੱਧ ਕਿਸੇ ਵਿਰੋਧੀ ਪਾਰਟੀ ਦੇ ਉਮੀਦਵਾਰ ਵੱਲੋਂ ਕਾਗਜ਼ ਤੱਕ ਦਾਖ਼ਲ ਨਾ ਕਰ ਕੇ ਮੁੱਖ ਮੰਤਰੀ ਦੇ ਕੀਤੇ ਕੰਮਾਂ ਦੀ ਬਦੌਲਤ ਬਣੀ ਲੋਕ-ਪੱਖੀ ਸਾਖ਼ ’ਤੇ ਇੱਕ ਵਾਰ ਫਿਰ ਲੋਕਾਂ ਨੇ ਮੋਹਰ ਲਾਈ ਹੈ। ਇਸ ਤੋਂ ਪਹਿਲਾਂ ਉਕਤ ਵਾਰਡ ਤੋਂ ਹੀ ਕੌਂਸਲਰ ਰਹੀ ਆਪਣੀ ਮਾਂ ਮਰਹੂਮ ਅਨੂ ਧੀਰ ਨੂੰ ਯਾਦ ਕਰਦਿਆਂ ਭਾਵੁਕ ਹੋਈ ਦੀਪਿਕਾ ਧੀਰ ਨੇ ਵਾਰਡ ਨੰਬਰ 5 ਸਮੇਤ ਸਮੂਹ ਸ਼ਹਿਰ ਵਾਸੀਆਂ ਵੱਲੋਂ ਮਿਲੇ ਮਾਣ-ਸਤਿਕਾਰ ਅਤੇ ‘ਆਪ’ ਦੀ ਲੀਡਰਸ਼ਿਪ ਵੱਲੋਂ ਪ੍ਰਗਟਾਏ ਭਰੋਸੇ ਲਈ ਉਚੇਚਾ ਧੰਨਵਾਦ ਕੀਤਾ।
ਇਸ ਦੌਰਾਨ ਰਿਟਰਨਿੰਗ ਅਫ਼ਸਰ ਵਿਕਾਸ ਹੀਰਾ ਨੇ ਦੱਸਿਆ ਕਿ ਨਾਮਜ਼ਦਗੀ ਪੱਤਰ ਭਰਨ ਦੇ ਅੱਜ ਆਖ਼ਰੀ ਦਿਨ ਉਮੀਦਵਾਰ ਦੀਪਿਕਾ ਧੀਰ ਤੋਂ ਇਲਾਵਾ ਕਿਸੇ ਹੋਰ ਉਮੀਦਵਾਰ ਨੇ ਆਪਣੇ ਕਾਗਜ਼ ਨਹੀਂ ਭਰੇ। ਉਨ੍ਹਾਂ ਦੱਸਿਆ ਕਿ 13 ਦਸੰਬਰ ਨੂੰ ਇੱਕੋ-ਇੱਕ ਉਮੀਦਵਾਰ ਦੀਪਿਕਾ ਧੀਰ ਦੇ ਕਾਗਜ਼ਾਂ ਦੀ ਜਾਂਚ-ਪੜਤਾਲ ਤੇ ਲੋੜੀਂਦੀਆਂ ਕਾਰਵਾਈਆਂ ਸਹੀ ਪਾਏ ਜਾਣ ’ਤੇ ਉਨ੍ਹਾਂ ਨੂੰ ਜਿੱਤ ਦਾ ਸਰਟੀਫਿਕੇਟ ਮਿਲ ਸਕੇਗਾ।