ਜਮਹੂਰੀਅਤ ਦੇ ਨੈਣ-ਨਕਸ਼
ਨੀਰਾ ਚੰਡੋਕ
ਲੋਕਤੰਤਰ ਦੀਆਂ ਬਹੁਤ ਸਾਰੀਆਂ ਖੂਬੀਆਂ ਹੁੰਦੀਆਂ ਹਨ ਪਰ ਨਾਲ ਹੀ ਇਸ ਦਾ ਗਹਿਰੇ ਅੰਤਰ-ਵਿਰੋਧਾਂ ਨੂੰ ਬਰਦਾਸ਼ਤ ਕਰਨ ਦਾ ਅਜੀਬੋ-ਗ਼ਰੀਬ ਕੁਦਰਤੀ ਸੁਭਾਅ ਵੀ ਹੁੰਦਾ ਹੈ: ਸਿਆਸੀ ਸਮਾਨਤਾ ਦੇ ਹੁੰਦਿਆਂ-ਸੁੰਦਿਆਂ ਅੱਤ ਦੀ ਸਮਾਜਿਕ ਅਤੇ ਆਰਥਿਕ ਨਾ-ਬਰਾਬਰੀ ਵੀ ਨਾਲੋ-ਨਾਲ ਚਲਦੀ ਰਹਿੰਦੀ ਹੈ; ਬਹੁਵਾਦ ਦੀ ਸਾਂਝੀਵਾਲਤਾ ਦੇ ਮੁਹਾਵਰੇ ਦੇ ਨਾਲੋ-ਨਾਲ ਘਨਿਾਉਣੀਆਂ ਨਫ਼ਰਤੀ ਤਕਰੀਰਾਂ ਵੀ ਕੀਤੀਆਂ ਜਾ ਰਹੀਆਂ ਹੁੰਦੀਆਂ ਹਨ; ਤੇ ਸਭ ਤੋਂ ਵਧ ਕੇ ਅਸੀਂ ਲੋਕਾਂ ਦੇ ਹੱਕਾਂ ਦੀ ਕੀਮਤ ’ਤੇ ਸੱਤਾ ਦੀ ਇਕ ਅਮੁੱਕ ਹੋੜ ਦੇਖਦੇ ਹਾਂ। ਫਿਰ ਵੀ ਜਾਤੀ ਜਮਾਤੀ ਨਾ-ਬਰਾਬਰੀਆਂ, ਘੱਟਗਿਣਤੀਆਂ ਦੇ ਦਮਨ, ਔਰਤਾਂ ਖਿਲਾਫ਼ ਹਿੰਸਾ ਅਤੇ ਸ਼ਹਿਰਾਂ ਦੇ ਚੌਕਾਂ ਬਾਜ਼ਾਰਾਂ ’ਚ ਭੀਖ ਮੰਗਦੇ ਬੇਚਾਰਗੀ ਦੀ ਹਾਲਤ ’ਚ ਲੋਕਾਂ ਨੂੰ ਦੇਖਣ ਦੇ ਬਾਵਜੂਦ ਆਗੂ ਸਾਡੇ ਨੁਕਸਦਾਰ ਲੋਕਤੰਤਰ ਨੂੰ ਵਡਿਆਉਂਦੇ ਰਹਿੰਦੇ ਹਨ।
ਅਨੁਸੂਚਿਤ ਜਾਤੀਆਂ ਦੇ ਉਨ੍ਹਾਂ ਲੋਕਾਂ ਜਨਿ੍ਹਾਂ ਨਾਲ ਘੋਰ ਵਿਤਕਰਾ ਹੁੰਦਾ ਰਿਹਾ ਹੈ, ਅਨੁਸੂਚਿਤ ਕਬੀਲਿਆਂ ਅਤੇ ਘੱਟਗਿਣਤੀਆਂ ਦੇ ਮੈਂਬਰਾਂ ਤੋਂ ਜਨਿ੍ਹਾਂ ਨੂੰ ਗਿਣ ਮਿੱਥ ਕੇ ਜ਼ਲੀਲ ਕੀਤਾ ਜਾਂਦਾ ਰਿਹਾ ਹੈ ਅਤੇ ਉਨ੍ਹਾਂ ਔਰਤਾਂ ਤੋਂ ਜਨਿ੍ਹਾਂ ਦੇ ਸਰੀਰ ’ਤੇ ਹਿੰਸਾ ਦੇ ਦਾਗ਼ ਉੱਕਰ ਦਿੱਤੇ ਗਏ ਹਨ ਅਤੇ ਚੰਗੇ ਜੀਵਨ ਦੇ ਅਰਥਾਂ ਤੋਂ ਸੱਖਣੇ ਗ਼ਰੀਬ ਬੱਚਿਆਂ ਤੋਂ ਸਾਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਉਹ ਲੋਕਰਾਜੀ ਸਮਾਜ ਵਿਚ ਰਹਿ ਰਹੇ ਹਨ? ਉਹ ਪਲਟ ਕੇ ਸਾਥੋਂ ਪੁੱਛਣਗੇ ਕਿ ਲੋਕਰਾਜ ਦਾ ਕੀ ਮਤਲਬ ਹੈ? ਇਹ ਇਕ ਮੂਲ ਸਵਾਲ ਹੈ ਜਿਸ ਦਾ ਸਾਰੇ ਸਹੀ ਸੋਚ ਦੇ ਮਾਲਕ ਭਾਰਤੀਆਂ ਨੂੰ ਜਵਾਬ ਦੇਣਾ ਚਾਹੀਦਾ ਹੈ। ਆਖ਼ਰਕਾਰ, ਲੋਕਤੰਤਰ ਕੀ ਬਲਾ ਹੈ? ਕੀ ਸਿਰਫ਼ ਚੋਣਾਂ ਦਾ ਨਾਂ ਲੋਕਤੰਤਰ ਹੁੰਦਾ ਜਨਿ੍ਹਾਂ ਰਾਹੀਂ ਚਲਾਕ ਸਿਆਸਤਦਾਨ ਸੱਤਾ ਦੀ ਅਸੀਮ ਉਚਾਈ ’ਤੇ ਪਹੁੰਚ ਜਾਂਦੇ ਹਨ ਅਤੇ ਫਿਰ ਉਹ ਉਨ੍ਹਾਂ ਨੂੰ ਚੁਣਨ ਵਾਲੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀ ਥਾਂ ਆਪਣਾ ਉੱਲੂ ਸਿੱਧਾ ਕਰਨ ਵਿਚ ਗਲਤਾਨ ਹੋ ਜਾਂਦੇ ਹਨ?
ਸਾਨੂੰ ਲੋਕਤੰਤਰ ਦੀ ਧਾਰਨਾ ਸਪੱਸ਼ਟ ਕਰਨ ਦੀ ਲੋੜ ਹੈ। ਪ੍ਰਾਚੀਨ ਯੂਨਾਨੀ ਮਹਾ ਰਾਜਨੇਤਾ ਪੈਰੇਕਲੀਜ਼ ਵਲੋਂ ਦਿੱਤੀ ਗਈ ਤਕਰੀਰ ਇਸ ਦੀ ਸ਼ੁਰੂਆਤ ਦਾ ਚੰਗਾ ਮੁਕਾਮ ਹੈ। ਉਨ੍ਹਾਂ ਦੀ ਇਸ ਤਕਰੀਰ ਨੂੰ ਥਿਊਸਿਡਡੀਜ਼ ਨੇ ‘ਪੈਲੋਪੋਨੇਸੀਅਨ ਜੰਗ ਦੇ ਇਤਿਹਾਸ’ ਵਿਚ ਅਮਰ ਕਰ ਦਿੱਤਾ ਸੀ। ਇਸ ਜੰਗ (431-404 ਈਸਾ ਪੂਰਵ) ਵਿਚ ਸਪਾਰਟਾ ਦੀ ਰਾਜਸ਼ਾਹੀ ਹੱਥੋਂ ਲੋਕਰਾਜੀ ਏਥਨਜ਼ ਦੀ ਹਾਰ ਹੋਈ ਸੀ। ਥਿਊਸਿਡੀਡਜ਼ ਨੇ ਇਹ ਕਬੂਲ ਕੀਤਾ ਸੀ ਕਿ ਇਹ ਤਕਰੀਰ ਅਸਲ ਵਿਚ ਉਸ ਵਲੋਂ ਸੁਣੀਆਂ ਗਈਆਂ ਏਥਨਜ਼ ਦੇ ਮਹਾਨ ਵਕਤਿਆਂ ਦੀਆਂ ਤਕਰੀਰਾਂ ਦਾ ਨਿਚੋੜ ਸੀ। ਹਾਲਾਂਕਿ ਤਕਰੀਰ ਦੇ ਖਿਆਲ, ਇਸ ਦੀ ਗੂੰਜ ਅਤੇ ਇਤਿਹਾਸਕ ਤੌਰ ‘ਤੇ ਸਟੀਕ ਹੋਣ ਨਾਲੋਂ ਜ਼ਿਆਦਾ ਮਾਇਨਾਖੇਜ਼ ਹਨ। ਇਸ ਲਈ ਆਓ ਪੈਰੇਕਲੀਜ਼ ਵਲੋਂ ਕਰੀਬ 500 ਈਸਾ ਪੂਰਵ ਵਿਚ ਏਥਨਜ਼ ਵਿਚ ਲੋਕਰਾਜ ਨੂੰ ਦਿੱਤੇ ਗਏ ਅਰਥਾਂ ’ਤੇ ਧਿਆਨ ਕੇਂਦਰਤ ਕਰੀਏ।
ਜੰਗ ਦਾ ਪਹਿਲਾ ਸਾਲ ਪੂਰਾ ਹੋਣ ’ਤੇ ਮਾਰੇ ਗਏ ਫ਼ੌਜੀਆਂ ਦੀਆਂ ਸਮੂਹਿਕ ਤੌਰ ’ਤੇ ਅੰਤਮ ਰਸਮਾਂ ਮੌਕੇ ਪੈਰੇਕਲੀਜ਼ ਵਲੋਂ ਇਹ ਤਕਰੀਰ ਕੀਤੀ ਗਈ ਸੀ। ਅੰਤਮ ਰਸਮਾਂ ਮੌਕੇ ਕੀਤੀ ਇਹ ਤਕਰੀਰ ਦੇਸ਼ ਲਈ ਜਾਨਾਂ ਕੁਰਬਾਨ ਕਰਨ ਵਾਲੇ ਜੰਗਜੂਆਂ ਲਈ ਸੋਗ ਮਨਾਉਣ ਵਾਸਤੇ ਹੁਨਰਮੰਦ ਵਕਤਿਆਂ ਨੂੰ ਮੌਕਾ ਦਿੰਦੀ ਹੈ ਅਤੇ ਇਸ ਵਿਚ ਏਥਨਿਆਈ ਸਭਿਆਚਾਰ ਨੂੰ ਲੋਕਰਾਜ, ਆਜ਼ਾਦੀ ਅਤੇ ਨਿਆਂ ਮੁਖੀ ਬਣਾਉਣ ਲਈ ਵੱਡੇ ਵਡੇਰਿਆਂ ਦੀਆਂ ਘਾਲਣਾਵਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਸ ਨਾਲ ਐਥਨੀਜ਼ ਆਪਣੇ ਆਪ ਨੂੰ ਸਪਾਰਟਨਾਂ ਤੋਂ ਬਿਹਤਰ ਦਰਸਾਉਂਦੇ ਹਨ। ਪੈਰੇਕਲੀਜ਼ ਵਲੋਂ ਲੋਕਰਾਜ ਦੇ ਇਸ ਜਸ਼ਨ ਨਾਲ ਅਣਗਿਣਤ ਵਿਦਵਾਨਾਂ ਅਤੇ ਆਗੂਆਂ ਨੂੰ ਲੋਕਤੰਤਰ ਦੀਆਂ ਖੂਬੀਆਂ ਦੇ ਸੰਕਲਪ ਪੇਸ਼ ਕਰਨ ਦੀ ਪ੍ਰੇਰਨਾ ਮਿਲੀ ਹੈ।
ਪੈਰੇਕਲੀਜ਼ ਆਖਦਾ ਹੈ ਕਿ ਸਾਨੂੰ ਆਪਣੇ ਵੱਡੇ ਵਡੇਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਜਨਿ੍ਹਾਂ ਨੇ ਸਾਨੂੰ ਇਕ ਆਜ਼ਾਦ ਰਿਆਸਤ ਅਤੇ ਮਹਾਨ ਸਾਮਰਾਜ ਦੇਣ ਵਾਸਤੇ ਜੱਦੋਜਹਿਦ ਕੀਤੀ ਸੀ। “ਸਾਨੂੰ ਲੋਕਤੰਤਰ ਆਖਿਆ ਜਾਂਦਾ ਹੈ ਕਿਉਂਕਿ ਸਾਡੀ ਸ਼ਕਤੀ ਬਹੁਤ ਸਾਰੇ ਹੱਥਾਂ ਵਿਚ ਹੈ ਨਾ ਕਿ ਕੁਝ ਕੁ ਹੱਥਾਂ ਵਿਚ ਕੇਂਦਰਤ ਹੈ। ਸਾਡੀ ਸਰਕਾਰ ਸਾਡੇ ਗੁਆਂਢੀਆਂ ਦੀ ਨਕਲ ਨਹੀਂ ਕਰਦੀ ਕਿਉਂਕਿ ਸਾਡੇ ਇੱਥੇ ਸਾਰਿਆਂ ਨਾਲ ਇਨਸਾਫ਼ ਕੀਤਾ ਜਾਂਦਾ ਹੈ। ਸਾਡੇ ਨਾਗਰਿਕਾਂ ਨੂੰ ਮੈਰਿਟ ਲਈ ਪੁਰਸਕਾਰ ਦਿੱਤਾ ਜਾਂਦਾ ਹੈ ਅਤੇ ਸਰਕਾਰ ਵਿਚ ਬੇਮਿਸਾਲ ਨਾਗਰਿਕਾਂ ਨੂੰ ਭੇਜਿਆ ਜਾਂਦਾ ਹੈ। ਅਸੀਂ ਕੁਝ ਵੀ ਕਰਨ ਲਈ ਆਜ਼ਾਦ ਹਾਂ ਕਿ ਜਿਵੇਂ ਅਸੀਂ ਆਪਣੇ ਨਿੱਜੀ ਕਾਰੋਬਾਰ ਵਿਚ ਕਰਨਾ ਪਸੰਦ ਕਰਦੇ ਹਾਂ। ਅਸੀਂ ਇਕ ਦੂਜੇ ’ਤੇ ਭਰੋਸਾ ਕਰਦੇ ਹਾਂ ਅਤੇ ਜੇ ਸਾਡਾ ਕੋਈ ਗੁਆਂਢੀ ਸਾਨੂੰ ਪਸੰਦ ਨਹੀਂ ਹੈ ਤਾਂ ਵੀ ਅਸੀਂ ਉਸ ’ਤੇ ਖਫ਼ਾ ਨਹੀਂ ਹੁੰਦੇ। ਹਰ ਆਦਮੀ ਦੇਸ਼ ਦੀ ਮਦਦ ਕਰ ਸਕਦਾ ਹੈ ਭਾਵੇਂ ਉਹ ਗਰੀਬ ਹੀ ਕਿਉਂ ਨਾ ਹੋਵੇ। ਅਸੀਂ ਅਥਾਰਿਟੀ ਅਤੇ ਕਾਨੂੰਨ ਦੇ ਸਤਿਕਾਰ ਕਰ ਕੇ ਕੋਈ ਗ਼ਲਤ ਕੰਮ ਕਰਨ ਤੋਂ ਗੁਰੇਜ਼ ਕਰਦੇ ਹਾਂ। ਅਸੀਂ ਕਮਜ਼ੋਰਾਂ ਨੂੰ ਉਨ੍ਹਾਂ ਲੋਕਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।” ਪੈਰੇਕਲੀਜ਼ ਕਹਿੰਦਾ ਹੈ ਕਿ ਇਹੋ ਜਿਹਾ ਸ਼ਹਿਰ ਸੀ ਜਿਸ ਖਾਤਰ ਵਡੇਰੇ ਲੜੇ ਸਨ, ਉਹ ਅਜ਼ੀਮ ਕਾਜ ਦੀ ਖ਼ਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਗਏ।
ਪੈਰੇਕਲੀਜ਼ ਮੁਤਾਬਕ ਲੋਕਤੰਤਰ ਦਾ ਮੂਲ ਲੱਛਣ ਇਹ ਹੁੰਦਾ ਹੈ ਕਿ ਤਾਕਤ ਕੁਝ ਕੁ ਹੱਥਾਂ ਵਿਚ ਸੀਮਤ ਨਾ ਹੋਵੇ, ਸਾਰਿਆਂ ਲਈ ਇਨਸਾਫ਼ ਹੋਵੇ, ਗੁਣੀ ਵਿਅਕਤੀਆਂ ਨੂੰ ਸਤਿਕਾਰਿਆ ਜਾਵੇ, ਸਭਨਾਂ ਨੂੰ ਆਜ਼ਾਦੀ ਦਿੱਤੀ ਜਾਵੇ, ਨਾਗਰਿਕਾਂ ਦਰਮਿਆਨ ਆਪਸੀ ਵਿਸ਼ਵਾਸ, ਇਕ ਦੂਜੇ ਦੀ ਮਦਦ ਕੀਤੀ ਜਾਵੇ, ਦੂਜਿਆਂ ਦੇ ਮੱਤ ਨੂੰ ਸਹਿਣ ਕੀਤਾ ਜਾਵੇ, ਅਥਾਰਿਟੀ ਅਤੇ ਕਾਨੂੰਨ ਦਾ ਸਤਿਕਾਰ ਹੋਵੇ ਅਤੇ ਕਮਜ਼ੋਰਾਂ ਦੀ ਰਾਖੀ ਕੀਤੀ ਜਾਵੇ। ਹਾਲਾਂਕਿ ਏਥਨਜ਼ ਵਿਚ ਜੰਗ ਨੂੰ ਇਕ ਸਾਲ ਹੋ ਚੁੱਕਿਆ ਸੀ ਪਰ ਇਸ ਦੇ ਬਾਵਜੂਦ ਸ਼ਾਸਨ ਦੇ ਗ਼ੈਰ-ਰਾਜਨੀਤਕ ਸਿਧਾਂਤਾਂ, ਕੌਮੀ ਸੁਰੱਖਿਆ ਜਾਂ ਅਮਨ ਕਾਨੂੰਨ ਦਾ ਕੋਈ ਜਿ਼ਕਰ ਨਹੀਂ ਮਿਲਦਾ।
ਉਂਝ, ਨਾਲ ਹੀ ਅਸੀਂ ਲੋਕੰਤਤਰ ਦੀ ਮੁੱਖ ਵਿਸੰਗਤੀ ਦੇਖਦੇ ਹਾਂ। ਲੋਕਤੰਤਰ ਦਾ ਜਨਮ ਏਥਨਜ਼ ਵਿਚ ਹੋਇਆ ਪਰ ਲੋਕਰਾਜੀ ਨਾਗਰਿਕਤਾ ਦਾ ਅਧਿਕਾਰ ਏਥਨਜ਼ ਦੇ ਜੰਮਪਲ ਮਰਦਾਂ ਲਈ ਰਾਖਵਾਂ ਸੀ। ਔਰਤਾਂ, ਗੁਲਾਮਾਂ ਅਤੇ ਹੋਰਨਾਂ ਸਭਿਆਚਾਰਾਂ ਦੇ ਜੰਮਪਲ ਪੁਰਸ਼ਾਂ ਨੂੰ ਨਾਗਰਿਕਤਾ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ ਸਨ। ਇਹ ਵਿਸੰਗਤੀ ਫਰਾਂਸ, ਅਮਰੀਕਾ ਅਤੇ ਬਰਤਾਨੀਆ ਵਿਚ ਆਧੁਨਿਕ ਲੋਕਤੰਤਰ ਦੀ ਆਮਦ ਹੋਣ ਤੱਕ ਚਲਦੀ ਰਹੀ। ਔਰਤਾਂ ਨੂੰ ਪਹਿਲਾਂ ਵੋਟ ਦਾ ਅਧਿਕਾਰ ਨਹੀਂ ਦਿੱਤਾ ਗਿਆ। ਸਾਨੂੰ ਇਹ ਗੱਲ ਵੀ ਪ੍ਰਵਾਨ ਕਰਨੀ ਪਵੇਗੀ ਕਿ ਕਈ ਹੋਰਨਾਂ ਸਿਆਸੀ ਧਾਰਨਾਵਾਂ ਦੇ ਮੁਕਾਬਲੇ ਆਜ਼ਾਦੀ ਅਤੇ ਸਮਾਨਤਾ ਦੀ ਗੂੰਜ ਕੁਝ ਜਿ਼ਆਦਾ ਹੁੰਦੀ ਹੈ। ਸਮਾਂ ਪਾ ਕੇ ਉਹ ਸਮਾਨਤਾ, ਆਜ਼ਾਦੀ ਅਤੇ ਦਲਿਤਾਂ, ਅਫਰੀਕੀ ਅਮਰੀਕੀਆਂ, ਔਰਤਾਂ, ਬਸਤੀਵਾਦੀ ਦੇਸ਼ਾਂ ਦੇ ਬਾਸ਼ਿੰਦਿਆਂ ਅਤੇ ਮਿਹਨਤਕਸ਼ ਤਬਕਿਆਂ ਅਤੇ ਅਵਾਸੀਆਂ ਲਈ ਇਨਸਾਫ਼ ਦੀ ਜੱਦੋਜਹਿਦ ਦਾ ਕੇਂਦਰਬਿੰਦੂ ਬਣ ਗਏ ਹਨ। ਲੋਕਤੰਤਰ ਦੇ ਮੁੱਲ ਦਾ ਸਾਰ ਇਨ੍ਹਾਂ ਸੰਕਲਪਾਂ ਵਿਚ ਜਮ੍ਹਾਂ ਹੋ ਗਿਆ ਹੈ; ਇਸੇ ਕਰ ਕੇ ਇਨ੍ਹਾਂ ਤੋਂ ਮਿਲ ਕੇ ਹੀ ਸਮਾਜਿਕ ਜੱਦੋਜਹਿਦ ਦਾ ਕੇਂਦਰੀ ਧੁਰਾ ਬਣਦਾ ਹੈ।
ਇਸੇ ਤਰ੍ਹਾਂ ਪੈਰੇਕਲੀਜ਼ ਦਾ ਮੁਖ਼ਾਤਬ ਨਿੱਜਤਾ ਦੇ ਅਧਿਕਾਰ ਨੂੰ ਪ੍ਰਮੁੱਖਤਾ ਦਿੰਦਾ ਹੈ। ਐਸੀ ਕੋਈ ਵੀ ਰਿਆਸਤ ਜੋ ਕਿਸੇ ਢੁਕਵੀਂ ਵਿਧੀ ਤੋਂ ਬਗ਼ੈਰ ਨਿੱਜੀ ਖੇਤਰ ਵਿਚ ਦਖ਼ਲਅੰਦਾਜ਼ੀ ਕਰਦੀ ਹੈ, ਉਸ ਨੂੰ ਲੋਕਰਾਜੀ ਨਹੀਂ ਆਖਿਆ ਜਾ ਸਕਦਾ। ਉਹ ਸਹਿਣਸ਼ੀਲਤਾ ਅਤੇ ਕਮਜ਼ੋਰਾਂ ਦੀ ਰਾਖੀ ਦੀ ਲੋੜ ’ਤੇ ਵੀ ਜ਼ੋਰ ਦਿੰਦੇ ਹਨ। ਸਭ ਤੋਂ ਉਪਰ ਉਹ ਨਾਗਰਿਕਾਂ ਦਰਮਿਆਨ ਇਕਜੁੱਟਤਾ ਨੂੰ ਲੋਕਰਾਜ ਦਾ ਖਾਸ ਲੱਛਣ ਦੱਸਦੇ ਹਨ। ਪੈਰੇਕਲੀਜ਼ ਦਾ ਸੰਬੋਧਨ ਸਾਨੂੰ ਇਹ ਅਹਿਸਾਸ ਜਗਾਉਣ ਦਾ ਬਲ ਦਿੰਦਾ ਹੈ ਕਿ ਚੋਣਾਂ ਲੋਕਤੰਤਰ ਦੇ ਜੀਵਨ ਦਾ ਇਕ ਪਲ ਮਾਤਰ ਹੁੰਦੀਆਂ ਹਨ। ਅਸਲ ਵਿਚ ਲੋਕਤੰਤਰ ਇਸ ਸੰਬੋਧਨ ਵਿਚ ਬਿਆਨ ਕੀਤੀਆਂ ਗਈਆਂ ਕਦਰਾਂ-ਕੀਮਤਾਂ ਦੇ ਸੰਸਥਾਈਕਰਨ ਦਾ ਨਾਂ ਹੁੰਦਾ ਹੈ।
ਸਮਾਂ ਆ ਗਿਆ ਹੈ ਕਿ ਅਸੀਂ ਇਹ ਮਹਿਸੂਸ ਕਰੀਏ ਕਿ ਲੋਕਤੰਤਰ ਚੋਣਾਂ ਤੋਂ ਬਹੁਤ ਵੱਡੀ ਸ਼ੈਅ ਹੁੰਦੀ ਹੈ। ਚੋਣਾਂ ਰਾਹੀਂ ਕੁਲੀਨ ਸੱਤਾ ਵਿਚ ਆਉਂਦੇ ਹਨ। ਇਤਿਹਾਸ ਵਿਚ ਲੋਕਰਾਜੀ ਚੇਤਨਾ ਨੇ ਨਿਰੰਕੁਸ਼ ਸ਼ਕਤੀ ਤੋਂ ਨਿਜਾਤ ਪਾਉਣ ਲਈ ਬਹੁਤ ਸਾਰੀਆਂ ਜੱਦੋਜਹਿਦਾਂ ਨੂੰ ਪ੍ਰੇਰਨਾ ਬਖਸ਼ੀ ਹੈ।
*ਲੇਖਕ ਸਿਆਸੀ ਟਿੱਪਣੀਕਾਰ ਹੈ।