ਪਟਨਾਇਕ ਵੱਲੋਂ 9ਵੀਂ ਵਾਰ ਬੀਜੇਡੀ ਪ੍ਰਧਾਨ ਲਈ ਨਾਮਜ਼ਦਗੀ ਪੱਤਰ ਦਾਖ਼ਲ
ਭੁਬਨੇਸ਼ਵਰ, 17 ਅਪਰੈਲ
PATNAIK-NOMINATION ਉੜੀਸਾ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਨਵੀਨ ਪਟਨਾਇਕ ਨੇ ਬੀਜੂ ਜਨਤਾ ਦਲ (BJD) ਦੇ ਪ੍ਰਧਾਨ ਦੇ ਅਹੁਦੇ ਲਈ ਇੱਥੇ ਸੰਖਾ ਭਵਨ ਵਿਚ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਹ ਇਸ ਅਹੁਦੇ ਲਈ ਇਕੋ ਇਕ ਉਮੀਦਵਾਰ ਹਨ।
ਇਸ ਤੋਂ ਪਹਿਲਾਂ ਇਸ ਅਹੁਦੇ ਲਈ ਉਨ੍ਹਾਂ ਦੀ ਚੋਣ ਫਰਵਰੀ 2020 ਵਿਚ ਹੋਈ ਸੀ। ਪਟਨਾਇਕ, 1997 ਵਿਚ ਪਾਰਟੀ ਦੀ ਸਥਾਪਨਾ ਤੋਂ ਹੁਣ ਤੱਕ ਲਗਾਤਾਰ ਅੱਠ ਵਾਰ ਬੀਜੇਡੀ ਦੇ ਪ੍ਰਧਾਨ ਚੁਣੇ ਜਾ ਚੁੱਕੇ ਹਨ।
ਪਟਨਾਇਕ ਨੇ ਆਪਣੇ ਪਿਤਾ ਬੀਜੂ ਪਟਨਾਇਕ ਦੀ 28ਵੀਂ ਬਰਸੀ ਮੌਕੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ, ਜਿਨ੍ਹਾਂ ਦੇ ਨਾਮ ’ਤੇ ਖੇਤਰੀ ਪਾਰਟੀ ਬੀਜੂ ਜਨਤਾ ਦਲ ਦਾ ਨਾਂ ਰੱਖਿਆ ਗਿਆ ਹੈ।
ਭਾਜਪਾ ਦੇ ਅਸਿੱਧੇ ਹਵਾਲੇ ਨਾਲ ਪਟਨਾਇਕ ਨੇ ਕਿਹਾ, ‘‘ਹੁਣ ਕੁਝ ਲੋਕ ਜਾਣਬੁੱਝ ਕੇ ਸਾਡੇ ਮਹਾਨ ਸਪੂਤਾਂ ਦੇ ਯੋਗਦਾਨ ਅਤੇ ਕੁਰਬਾਨੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਤਿਹਾਸ ਸਮੇਂ ਦੇ ਨਾਲ ਇੱਕ ਰਾਸ਼ਟਰ ਨਾਲ ਸਾਂਝ ਦੇ ਅਨੁਭਵ ਨੂੰ ਦਰਸਾਉਂਦਾ ਹੈ। ਇਸ ਨੂੰ ਕਿਸੇ ਦੀ ਮਰਜ਼ੀ ਨਾਲ ਨਹੀਂ ਬਦਲਿਆ ਜਾ ਸਕਦਾ।’’
ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਪਟਨਾਇਕ ਨੇ ਕਿਹਾ ਕਿ 2000 ਤੋਂ 2024 ਤੱਕ ਬੀਜੇਡੀ ਸਰਕਾਰ ਨੇ ਉੜੀਸਾ ਦੇ ਵਿਕਾਸ ਲਈ ਕਈ ਅਹਿਮ ਪ੍ਰਾਪਤੀਆਂ ਕੀਤੀਆਂ ਹਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ’ਤੇ ਰਾਜ ਨੂੰ ਪਛਾਣ ਦਿਵਾਈ ਹੈ। -ਪੀਟੀਆਈ