ਸਬਰ
ਮੋਹਨ ਸ਼ਰਮਾ
ਵਜ਼ੀਰ ਸਾਹਿਬ ਨਿਸ਼ਚਿਤ ਸਮੇਂ ਤੋਂ ਚਾਰ ਘੰਟੇ ਲੇਟ ਪੁੱਜੇ ਸਨ। ਅਧਿਕਾਰੀਆਂ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਵਜ਼ੀਰ ਸਾਹਿਬ ਲੋਕਾਂ ਦੇ ਦੁੱਖ ਤਕਲੀਫ਼ ਸੁਣ ਕੇ ਮੌਕੇ ’ਤੇ ਹੀ ਨਿਪਟਾਰਾ ਕਰ ਦੇਣਗੇ। ਹੱਥਾਂ ਵਿੱਚ ਅਰਜ਼ੀਆਂ ਫੜੀ ਉਹ ਭੁੱਖਣ-ਭਾਣੇ ਖਾਲੀ ਸਟੇਜ ਵੱਲ ਹਸਰਤ ਭਰੀਆਂ ਨਜ਼ਰਾਂ ਨਾਲ ਵਿੰਹਦੇ ਰਹੇ। ਜੇ ਕੋਈ ਅੱਕ ਕੇ ਉੱਠਣ ਦੀ ਕੋਸ਼ਿਸ਼ ਵੀ ਕਰਦਾ ਤਾਂ ਅਧਿਕਾਰੀ ਇਹ ਕਹਿ ਕੇ ਬਿਠਾ ਦਿੰਦੇ ਸਨ, “ਬਹਿਜੋ, ਬੱਸ ਹੁਣ ਤਾਂ ਆਉਣ ਵਾਲੇ ਈ ਨੇ। ਜਿੱਥੇ ਐਨਾ ਚਿਰ ਉਡੀਕਿਐ, ਉੱਥੇ ਥੋੜ੍ਹਾ ਜਿਹਾ ਚਿਰ ਹੋਰ...। ਇਹੋ ਜਿਹਾ ਮੌਕਾ ਰੋਜ਼ ਰੋਜ਼ ਥੋੜ੍ਹਾ ਆਉਂਦੈ।”
ਆਖ਼ਰ ਵਜ਼ੀਰ ਸਾਹਿਬ ਪੁੱਜ ਗਏ। ਸਟੇਜ ਸਕੱਤਰ ਨੇ ਉਸ ਦੀ ਪ੍ਰਸ਼ੰਸਾ ਦੇ ਪੁਲ ਬੰਨ੍ਹੇ। ਬਾਅਦ ਵਿੱਚ ਵਜ਼ੀਰ ਸਾਹਿਬ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, “ਆਪ ਨੇ ਇਤਨੀ ਦੇਰ ਮੇਰੀ ਪ੍ਰਤੀਕਸ਼ਾ ਕਰਕੇ ਜੋ ਸਬਰ ਕਾ ਸਬੂਤ ਦੀਆ ਹੈ, ਇਸ ਕੇ ਲੀਏ ਮੈਂ ਆਪ ਸਭ ਕਾ ਆਭਾਰੀ ਹੂੰ। ਦਰਅਸਲ ਯਦੀ ਆਪ ਇਸੀ ਤਰਹ ਸਬਰ ਕਾ ਅਭਿਆਸ ਕਰਤੇ ਰਹੇ ਤੋ ਮੈਂ ਆਪਕੋ ਯਕੀਨ ਦਿਲਾਤਾ ਹੂੰ ਕਿ ਦੇਸ਼ ਸੇ ਏਕ ਨਾ ਏਕ ਦਿਨ ਗ਼ਰੀਬੀ ਖ਼ਤਮ ਕਰਕੇ ਹੀ ਹਮ ਦਮ ਲੇਂਗੇ...।’’
ਵਜ਼ੀਰ ਸਾਹਿਬ ਨੇ ਇੱਕ ਹੋਰ ਥਾਂ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨਾ ਸੀ। ਇਸ ਲਈ ਉਹ ਜਲਦੀ ਚਲੇ ਗਏ।
ਲੋਕਾਂ ਦੇ ਹੱਥਾਂ ਵਿੱਚ ਫੜੀਆਂ ਅਰਜ਼ੀਆਂ ਉਨ੍ਹਾਂ ਦਾ ਮੂੰਹ ਚਿੜਾ ਰਹੀਆਂ ਸਨ।
ਸੰਪਰਕ: 94171-48866
* * *
ਅੰਦਰਲੀ ਪੀੜ
ਮਨਜੀਤ ਸਿੱਧੂ
ਪਿੰਡ ਦੀ ਸੱਥ ਵਿੱਚ ਅੱਜ ਆਮ ਦਿਨਾਂ ਨਾਲੋਂ ਜ਼ਿਆਦਾ ਲੋਕ ਜੁੜੇ ਬੈਠੇ ਸਨ। ਇਸ ਦਾ ਕਾਰਨ ਸੀ ਅੱਸੀਆਂ ਨੂੰ ਢੁੱਕਿਆ ਬਚਨ ਸਿੰਘ ਜੋ ਹਰ ਸਾਲ ਦੀ ਤਰ੍ਹਾਂ ਪੂਰੇ ਪਰਿਵਾਰ ਸਮੇਤ ਇੰਗਲੈਡ ਤੋਂ ਆਪਣੀ ਮਾਤ ਭੂਮੀ ਨੂੰ ਸਿਜਦਾ ਕਰਨ ਆਇਆ ਸੀ। ਪੂਰਾ ਸਤਿਕਾਰ ਕਰਦੇ ਸਨ ਪਿੰਡ ਵਾਲੇ ਉਸ ਦਾ। ਉਨ੍ਹਾਂ ਦੇ ਕਿੰਨੇ ਹੀ ਸਾਂਝੇ ਕੰਮ ਉਹ ਕੁਝ ਦਿਨਾਂ ਵਿੱਚ ਹੀ ਪੂਰੇ ਕਰਵਾ ਜਾਂਦਾ। ਸੱਥ ਵਿੱਚ ਬੈਠਾ ਜਦ ਉਹ ਬਾਹਰਲੇ ਮੁਲਕਾਂ ਦੀ ਤਰੱਕੀ ਦੀ ਗੱਲ ਕਰ ਰਿਹਾ ਸੀ ਤਾਂ ਉਸ ਦੇ ਹਮਉਮਰ ਜਿਉਣੇ, ਜਿਸ ਨੇ ਸਾਰੀ ਉਮਰ ਇੱਜੜ ਹੀ ਚਾਰਿਆ ਸੀ, ਨੇ ਆਪਣਾ ਪਰਨਾ ਠੀਕ ਕਰਦਿਆਂ ਕਿਹਾ, ‘‘ਥੋਡਾ ਸਾਰਾ ਲਾਣਾ ਤਾਂ ਇੱਧਰ ਆ ਬਾਈ ਸਿਆਂ। ਉਧਰ ਜਾਣੀ ਕੋਈ ਵੀ ਨੀ ਥੋਡੇ ਸ਼ਰੀਕੇ ਕਬੀਲੇ ’ਚੋਂ। ਫੇਰ ਪਿੱਛੋ ਘਰ-ਬਾਰ ਦੀ ਸਾਂਭ ਸੰਭਾਲ ਕੌਣ ਕਰਦਾ ਹੈ? ਜਾਣੀ ਤੁਸੀਂ ਤਾਂ ਸੁੱਖ ਨਾਲ ਸਾਰਾ ਟੱਬਰ ਹਰ ਵਰ੍ਹੇ ਮਿਲਣ ਗਿਲਣ ਪਿੰਡ ਆ ਜਾਂਦੇ ਓ।’’
ਉਸ ਦੀ ਗੱਲ ਸੁਣ ਬਚਨ ਸਿੰਘ ਨੇ ਹੱਸਦਿਆਂ ਕਿਹਾ, ‘‘ਭੋਲ਼ਿਆ ਲੋਕਾ, ਉੱਥੇ ਚੋਰੀਆਂ ਚਕਾਰੀਆਂ ਦਾ ਕੋਈ ਡਰ ਨ੍ਹੀਂ। ਚਾਬੀਆਂ ਅਸੀਂ ਆਪਣੇ ਪਾਕਿਸਤਾਨੀ ਗੁਆਂਢੀ ਅਸਲਮ ਨੂੰ ਦੇ ਆਉਂਦੇ ਹਾਂ। ਉਹ ਹੀ ਘਰ ਦੀ ਦੇਖਭਾਲ ਕਰਦੇ ਨੇ ਤੇ ਲੋੜ ਪੈਣ ’ਤੇ ਕਿਸੇ ਆਏ ਗਏ ਤੋਂ ਵਰਤ ਵੀ ਲੈਂਦੇ ਨੇ। ਭਰਾਵਾਂ ਵਰਗਾ ਮੋਹ ਹੈ ਸਾਡਾ। ਅਸੀਂ ਤਾਂ ਸਾਰੇ ਤਿੱਥ ਤਿਉਹਾਰ ਵੀ ਆਪਸ ’ਚ ਮਿਲਜੁਲ ਕੇ ਮਨਾਉਂਦੇ ਹਾਂ। ਜਿਉਂਦਾ ਰਹੇ ਮੇਰਾ ਛੋਟਾ ਵੀਰ ਅਸਲਮ,’’ ਬਚਨ ਸਿੰਘ ਦੇ ਮੂੰਹੋਂ ਸੁਤੇ ਸਿੱਧ ਹੀ ਇਹ ਵਾਕ ਨਿਕਲਿਆ ਤੇ ਉਸ ਦੇ ਹੱਥ ਅਰਦਾਸ ਕਰਨ ਵਾਂਗ ਜੁੜ ਗਏ। ਉਸ ਦੀ ਗੱਲ ਸੁਣ ਕੇ ਕਈਆਂ ਦੇ ਮੂੰਹੋਂ ਇੱਕਠਿਆਂ ਹੀ ‘ਹਲ੍ਹਾ...’ ਨਿਕਲਿਆ ਜਿਵੇਂ ਉਨ੍ਹਾਂ ਨੂੰ ਉਸ ਦੀਆਂ ਗੱਲਾਂ ’ਤੇ ਯਕੀਨ ਨਾ ਆਇਆ ਹੋਵੇ। ਪਾੜ੍ਹੇ ਜਿਹੇ ਜਾਪਦੇ ਇੱਕ ਮੁੰਡੇ ਨੇ ਬਚਨ ਸਿੰਘ ਦੀਆਂ ਗੱਲਾਂ ਸੁਣ ਔਖ ਜਿਹੀ ਮਹਿਸੂਸ ਕਰਦਿਆਂ ਕਿਹਾ, ‘‘ਬਾਬਾ, ਇੱਥੇ ਤਾਂ ਲੋਕ ਸਰਹੱਦ ’ਤੇ ਮੋਮਬੱਤੀਆਂ ਬਾਲ਼ਦੇ ਹੋਏ ਵੀ ਇੱਕ-ਦੂਜੇ ਨੂੰ ਗਾਲ੍ਹਾਂ ਕੱਢ ਜਾਂਦੇ ਨੇ ਤੇ ਇੱਕ ਦੂਜੇ ਤੋਂ ਕ੍ਰਿਕਟ ਮੈਚ ਹਾਰਨ ’ਤੇ ਫਾਹੇ ਲੈ ਲੈਂਦੇ ਨੇ। ਤੁਸੀਂ ਪਤਾ ਨ੍ਹੀਂ ਵਲੈਤ ਰਹਿੰਦਿਆਂ ਕਿਵੇਂ ਆਪਸ ਵਿੱਚ ਸਾਂਝਾਂ ਪਾ ਲਈਆਂ!’’ ਗੱਭਰੂ ਦੀ ਕੌੜੀ, ਪਰ ਸੱਚੀ ਗੱਲ ਸੁਣ ਬਚਨ ਸਿੰਘ ਨੇ ਲੰਮਾ ਹਾਉਕਾ ਲੈਂਦਿਆਂ ਕਿਹਾ, ‘‘ਸਾਨੂੰ ਤਾਂ ਭਾਈ ਉੱਥੇ ਰਹਿੰਦਿਆਂ ਗੋਰੀਆਂ ਕਾਲੀਆਂ ਸਭ ਸਰਕਾਰਾਂ ਦੀਆਂ ਲੂੰਬੜ ਚਾਲਾਂ ਸਮਝ ਆ ਗਈਆਂ। ਅਸੀਂ ਤਾਂ ਬੀਤੇ ਦੀਆਂ ਗ਼ਲਤੀਆਂ ਨੂੰ ਸੁਧਾਰਨ ਲਈ ਆਪਸ ਵਿੱਚ ਸਾਂਝਾਂ ਪਾ ਲਈਆਂ, ਪਰ ਜੇ ਇੱਧਰ ਤੇ ਉੱਧਰ ਦੇ ਲੋਕ ਵੀ ਇਹ ਗੱਲ ਸਮਝ ਲੈਣ ਤਾਂ ਸਰਹੱਦ ’ਤੇ ਮੋਮਬੱਤੀਆਂ ਜਗਾਉਣ ਦੀ ਲੋੜ ਹੀ ਨਾ ਰਹੇ।’’ ਬਚਨ ਸਿੰਘ ਦੀ ਇਹ ਗੱਲ ਸੁਣ ਕੇ ਸੱਥ ਵਿੱਚ ਬੈਠੇ ਸਭ ਲੋਕਾਂ ਦੇ ਮੂੰਹ ਲਟਕ ਗਏ।
ਸੰਪਰਕ: 94664-78709
* * *
ਮੰਗਤੇ
ਨੇਤਰ ਸਿੰਘ ਮੁੱਤੋਂ
ਕਿਸੇ ਨੇ ਉਨ੍ਹਾਂ ਦਾ ਗੇਟ ਖੜਕਾਇਆ। ਵਿਹੜੇ ’ਚ ਬੈਠੀ ਨਿਹਾਲੋ ਨੇ ਆਵਾਜ਼ ਮਾਰ ਕੇ ਕਿਹਾ, ‘‘ਨਵਨੀਤ, ਵੇਖੀਂ ਤਾਂ ਬਾਹਰ ਕੌਣ ਆਇਐ।’’ ਨਵਨੀਤ ਨੇ ਗੇਟ ਖੋਲ੍ਹ ਕੇ ਵੇਖਿਆ ਤਾਂ ਇੱਕ ਖ਼ਾਸ ਬੰਦੇ ਨਾਲ ਅੱਠ-ਨੌਂ ਜਣੇ ਹੋਰ ਖੜ੍ਹੇ ਸੀ। ਉਨ੍ਹਾਂ ਨੂੰ ਕੁਝ ਕਹਿ ਕੇ, ਉਹ ਗੇਟ ਲਾ ਕੇ ਆ ਗਈ। ਨਿਹਾਲੋ ਨੇ ਫੇਰ ਕਿਹਾ, ‘‘ਜੇ ਕੋਈ ਮੰਗਤਾ ਸੀ, ਰੋਟੀ ਦੇ ਦਿੰਦੀ ਵਿਚਾਰੇ ਨੂੰ ਖਾ ਕੇ ਅਸੀਸਾਂ ਦਿੰਦਾ।’’
‘‘ਨਹੀਂ ਦਾਦੀ ਜੀ, ਇਹ ਤਾਂ ਪੰਜ ਸਾਲ ਬਾਅਦ ਆਉਣ ਵਾਲਾ ਮੰਗਤਾ ਸੀ ਜਿਸ ਨੇ ਖਾਂਦੇ ਪੀਂਦੇ, ਰੱਜੇ ਪੁੱਜੇ ਘਰਾਂ ਦੇ ਬੰਦਿਆਂ ਨੂੰ ਮੁਫ਼ਤ ਚੀਜ਼ਾਂ ਚਾਹੁਣ ਵਾਲੇ ਮੰਗਤੇ ਬਣਾ ਕੇੇ ਰੱਖ ਦਿੱਤਾ।’’
ਸੰਪਰਕ: 94636-56728