ਸਬਰ
ਰਾਵਿੰਦਰ ਫਫ਼ੜੇ
ਉਸ ਦੁਕਾਨਦਾਰ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ। ਦਵਾਈਆਂ ਦੀ ਕਾਫ਼ੀ ਪੁਰਾਣੀ ਦੁਕਾਨ ਹੈ ਉਸ ਦੀ। ਜਾਇਜ਼ ਕੀਮਤ। ਗ਼ਲਤ ਦਵਾਈਆਂ (ਨਸ਼ੇ ਤੇ ਪਾਬੰਦੀਸ਼ੁਦਾ) ਰੱਖਣ-ਵੇਚਣ ਤੋਂ ਉਹ ਕੋਹਾਂ ਦੂਰ ਰਹਿੰਦਾ ਹੈ। ਜੇਕਰ ਕੋਈ ਗਾਹਕ ਉਸ ਤੋਂ ਨਸ਼ੇ ਵਾਲੀ ਕੋਈ ਗੋਲੀ/ਕੈਪਸੂਲ ਮੰਗਦਾ ਵੀ ਹੈ ਤਾਂ ਉਹ ਸਾਫ ਨਾਂਹ ਕਰਦਾ ਹੋਇਆ ਜਲਦੀ ਤੋਂ ਜਲਦੀ ਨਸ਼ਾ ਛੱਡਣ ਲਈ ਪ੍ਰੇਰਦਾ ਹੈ।
ਕਈ ਵਾਰ ਨਸ਼ਾ ਕਰਨ ਵਾਲਾ ਜਾਂ ਉਸ ਨਾਲ ਸਬੰਧਿਤ ਕੋਈ ਸ਼ਖ਼ਸ ਨਸ਼ਾ ਛੱਡਣ-ਛੁਡਾਉਣ ਲਈ ਕਿਸੇ ਦਵਾਈ ਆਦਿ ਦੀ ਮੰਗ ਕਰਦਾ ਹੈ ਤਾਂ ਉਸ ਦਾ ਇੱਕੋ ਜਵਾਬ ਹੁੰਦਾ ਹੈ, “ਨਸ਼ਾ ਛੱਡਣ ਲਈ ਕਿਸੇ ਦਵਾਈ ਦੀ ਥਾਂ ਇੱਛਾ ਸ਼ਕਤੀ ਦੀ ਵੱਧ ਲੋੜ ਹੁੰਦੀ ਹੈ। ਕੋਈ ਵੀ ਦਵਾਈ ਨਸ਼ਾ ਮੂੰਹ ’ਚ ਪੈਣੋਂ ਨਹੀਂ ਰੋਕਦੀ; ਹਾਂ ਜੇਕਰ ਕੋਈ ਮਾੜੀ-ਮੋਟੀ ਤਕਲੀਫ਼ ਹੋਈ ਤਾਂ ਦੱਸ ਦਿਓ।” ਇਉਂ ਬਹੁਤੀ ਵਾਰ ਉਹ ਆਪਣਾ ਲਾਲਚ ਕੀਤੇ ਬਿਨਾਂ ਗਾਹਕ ਨੂੰ ਬਿਨਾਂ ਕੋਈ ਦਵਾਈ ਦਿੱਤੇ
ਮੋੜ ਦਿੰਦਾ ਹੈ। ਉਹ ਆਪ ਵੀ ਕਿਸੇ ਕਿਸਮ ਦਾ ਨਸ਼ਾ ਆਦਿ ਨਹੀਂ ਕਰਦਾ।
ਵਿਹਲੇ ਸਮੇਂ ਉਸ ਦੇ ਹੱਥ ਅਖ਼ਬਾਰ ਹੁੰਦਾ ਹੈ। ਅਕਸਰ ਸ਼ਾਮ ਵੇਲੇ ਵੀ ਉਸ ਨੂੰ ਅਖ਼ਬਾਰ ਪੜ੍ਹਦੇ ਦੇਖਿਆ ਹੈ। ਜੇਕਰ ਅਖ਼ਬਾਰ ਪੂਰਾ ਪੜ੍ਹ ਲੈਂਦਾ ਹੈ ਤਾਂ ਕੋਈ ਨਾ ਕੋਈ ਕਿਤਾਬ ਹੱਥ ’ਚ ਹੁੰਦੀ ਹੈ। ਸ਼ਾਇਦ ਇਸੇ ਕਾਰਨ ਉਸ ਨੂੰ ਹਰ ਵਿਸ਼ੇ ਦੀ ਚੰਗੀ ਜਾਣਕਾਰੀ ਹੁੰਦੀ ਹੈ। ਉਸ ਦੀ ਦੁਕਾਨ ਵਿਚ ਕੋਈ ਧਾਰਮਿਕ ਫੋਟੋ ਨਹੀਂ ਲੱਗੀ। ਉਸ ਦੀਆਂ ਗੱਲਾਂ ਤੋਂ ਵੀ ਕਦੇ ਕਦੇ ਨਾਸਤਿਕ ਹੋਣ ਦਾ ਭੁਲੇਖਾ ਪੈਂਦਾ ਹੈ ਕਿਉਂਕਿ ਉਹ ਅਕਸਰ ਧਰਮਾਂ ਅੰਦਰ ਆਈਆਂ ਕੁਰੀਤੀਆਂ ਵਾਰੇ ਗੱਲੀਂ ਪੈ ਜਾਂਦਾ ਹੈ ਪਰ ਉਸ ਦੇ ਮੂੰਹੋਂ ਮੈਂ ਕਦੇ ਕਿਸੇ ਧਰਮ ਪ੍ਰਤੀ ਕੋਈ ਕੌੜੀ ਗੱਲ ਨਹੀਂ ਸੁਣੀ। ਵੈਸੇ ਉਸ ਦੀਆਂ ਗੱਲਾਂ ਹੁੰਦੀਆਂ ਪਤੇ ਦੀਆਂ ਹਨ। ਇਸੇ ਕਾਰਨ ਕਈ ਵਾਰ ਬਿਨਾਂ ਕੰਮ ਤੋਂ ਵੀ ਉਸ ਕੋਲ ਬੈਠਣਾ ਚੰਗਾ ਲੱਗਦਾ ਹੈ।
ਹੋਰ ਦਿਨਾਂ ਵਾਂਗ ਉਸ ਦਿਨ ਵੀ ਉਸ ਕੋਲ ਬੈਠਾ ਸਾਂ।
ਉਸ ਦਾ ਗੁਆਂਢੀ ਨੌਜਵਾਨ ਦੁਕਾਨਦਾਰ ਆ ਕੇ ਉਸ ਨਾਲ ਗੱਲੀਂ ਪੈ ਗਿਆ। ਉਨ੍ਹਾਂ ਦੀਆਂ ਗੱਲਾਂ ਦਾ ਵਿਸ਼ਾ ਉਨ੍ਹਾਂ ਦੇ ਇਕ ਹੋਰ ਗੁਆਂਢੀ ਦੁਕਾਨਦਾਰ ਵਾਰੇ ਸੀ ਜੋ ਸੱਟੇਬਾਜ਼ੀ ਵਿਚ ਬਹੁਤ ਸਾਰੇ ਰੁਪਏ ਹਾਰ ਜਾਣ ਕਾਰਨ ਬੁਰੀ ਤਰ੍ਹਾਂ ਕਰਜ਼ਈ ਹੋ ਗਿਆ ਸੀ।
“ਸਮਝ ਨ੍ਹੀਂ ਆਉਂਦੀ ਉਹ ਐਨੇ ਰੁਪਏ ਕਿਵੇਂ ਹਾਰ ਗਿਆ।” ਉਸ ਨੌਜਵਾਨ ਦੁਕਾਨਦਾਰ ਨੇ ਸਵਾਲ ਕੀਤਾ ਜੋ ਆਪ ਵੀ ਮੈਚਾਂ ਦੀ ਸੱਟੇਬਾਜ਼ੀ ’ਚ ਕੁਝ ਰੁਪਏ ਹਾਰ ਚੁੱਕਿਆ ਸੀ।
“ਕਈ ਲੋਕ ਚਾਦਰ ਤੋਂ ਵੱਧ ਪੈਰ ਪਸਾਰ ਲੈਂਦੇ। ਛੇਤੀ ਅਮੀਰ ਹੋਣ ਦੀ ਲਾਲਸਾ ਉਨ੍ਹਾਂ ਨੂੰ ਨੈਤਿਕ ਅਨੈਤਿਕ ਦੀ ਪਛਾਣ ਤੋਂ ਦੂਰ ਕਰ ਦਿੰਦੀ।”
ਨਾਲ ਦੀ ਨਾਲ ਉਹਨੇ ਉਸ ਨੌਜਵਾਨ ਦੀ ਜ਼ਮੀਰ ਜਗਾਉਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਤੂੰ ਵੀ ਤਾਂ ਉਸੇ ਸ਼੍ਰੇਣੀ ਵਿਚ ਆਉਂਦਾ ਏਂ; ਫ਼ਰਕ ਏਨਾ ਕੁ ਹੈ ਕਿ ਉਹ ਛੇਤੀ ਅਮੀਰ ਬਣ ਕੇ ਅਡਾਨੀ-ਅੰਬਾਨੀ ਬਨਣਾ ਚਾਹੁੰਦਾ ਸੀ ਅਤੇ ਤੂੰ ਸੁੱਖ ਠੇਕੇਦਾਰ।” ਉਸ ਨੇ ਸ਼ਹਿਰ ਦੇ ਅਮੀਰ ਆਦਮੀ ਦਾ ਨਾਮ ਲੈਂਦਿਆਂ ਨੌਜਵਾਨ ਨੂੰ ਨਿਹੋਰਾ ਮਾਰਿਆ। ਉਹ ਨੌਜਵਾਨ ਮੇਰੇ ਵੱਲ ਟੇਢੀ ਨਜ਼ਰ ਨਾਲ ਦੇਖਦਿਆਂ ਥੋੜ੍ਹਾ ਸ਼ਰਮਾ ਕੇ ਬੋਲਿਆ, “ਨਹੀਂ ਜੀ! ਮੈਂ ਤਾਂ ਬੱਸ ਸੋਡੇ ਕੁ ਜਿੰਨਾ ਅਮੀਰ ਬਨਣਾ ਚਾਹੁੰਦਾਂ। ਨਾ ਕੋਈ ਭੱਜ-ਨੱਠ, ਨਾ ਕਿਸੇ ਦੀ ਰੋਕ-ਟੋਕ। ਕਿਸੇ ਦੀ ਦੇਣਦਾਰੀ ਨਾ ਹੋਵੇ। ਜੇ ਹੋਵੇ ਤਾਂ ਕਿਸੇ ਤੋਂ ਲੈਣਾ ਹੀ ਹੋਵੇ।”
ਆਪਣੀ ਲੁਕਵੀਂ ਤਾਰੀਫ਼ ਸੁਣ ਕੇ ਵੀ ਉਹ ਦੁਕਾਨਦਾਰ ਸਹਿਜ ਰਹਿੰਦਿਆਂ ਬੋਲਿਆ, “ਮੇਰੇ ਜਿਹਾ ਬਨਣ ਲਈ ਫਿਰ ਤੈਨੂੰ ਅਮੀਰ ਬਨਣ ਦੀ ਲੋੜ ਹੀ ਨਹੀਂ। ਬਸ ਜੋ ਕੋਲ ਹੈ, ਉਸ ਨਾਲ ਸਬਰ ਕਰਨਾ ਸਿੱਖ।”
ਉਹਦੀ ਇਹ ਗੱਲ ਮੈਨੂੰ ਕਿਸੇ ਮਹਾਂਪੁਰਸ਼ ਦੇ ਵਾਕ ਜਿਹੀ ਜਾਪੀ ਜੋ ਉਸ ’ਤੇ ਪੂਰੀ ਢੁੱਕਦੀ ਸੀ। ਉਸ ਦੀ ਦੁਕਾਨ ’ਤੇ ਹੋਰਾਂ ਦੇ ਮੁਕਾਬਲੇ ਕੰਮ ਘੱਟ ਹੋ ਕੇ ਵੀ ਉਸ ਕੋਲ ਸਭ ਕੁਝ ਸੀ।
ਸੰਪਰਕ: 98156-80980