ਪਟਿਆਲਾ ਦੇ ਡੰਪਿੰਗ ਗਰਾਊਂਡ ਦਾ ਹੋਵੇਗਾ ਸਥਾਈ ਹੱਲ
ਸਰਬਜੀਤ ਸਿੰਘ ਭੰਗੂ
ਪਟਿਆਲਾ, 26 ਜੁਲਾਈ
ਅੱਧੀ ਸਦੀ ਤੋਂ ਪਟਿਆਲਾ ਸ਼ਹਿਰ ਦੇ ਦੱਖਣ-ਪੂਰਬੀ ਇਲਾਕੇ ਵਿੱਚ ਸਨੌਰ ਰੋਡ ਨੇੜੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਹੋਏ ਨਿਗਮ ਦੇ ਡੰਪਿੰਗ ਗਰਾਊਂਡ ਦਾ ਅੱਜ ਸਥਾਈ ਹਾਲ ਕਰ ਦਿੱਤਾ ਗਿਆ ਹੈ। ਨਿਗਮ ਨੇ ਇਹ ਕੰਮ ਕਰਨਾਲ ਦੀ ਅਕਾਂਕਸ਼ਾ ਐਂਟਰਪ੍ਰਾਈਜ਼ਜ਼ ਨਾਂ ਦੀ ਕੰਪਨੀ ਨੂੰ ਜਾਰੀ ਕਰ ਦਿੱਤਾ ਹੈ। ਬਰਸਾਤੀ ਸੀਜ਼ਨ ਖਤਮ ਹੋਣ ਮਗਰੋਂ ਇਸ ਯੋਜਨਾ ’ਤੇ ਕੰਮ ਸ਼ੁਰੂ ਹੋ ਜਾਵੇਗਾ।
ਨਿਗਮ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੰਮ 16 ਮਹੀਨਿਆਂ ਵਿੱਚ ਪੂਰਾ ਕਰਨਾ ਹੋਵੇਗਾ। ਡੰਪਿੰਗ ਮੈਦਾਨ ਸਾਢੇ 8 ਏਕੜ ਵਿੱਚ ਕਰੀਬ 7 ਮੀਟਰ ਉਚਾਈ ਤੱਕ ਫੈਲ ਚੁੱਕਾ ਹੈ। ਇਥੋਂ 175 ਲੱਖ ਮੀਟ੍ਰਿਕ ਟਨ ਕੂੜਾ-ਕਰਕਟ ਵਿਸ਼ੇਸ਼ ਕਿਸਮ ਦੀ ਕਨਵੇਅਰ ਬੈਲਟਸ ਅਤੇ ਹੋਰ ਮਸ਼ੀਨਰੀ ਰਾਹੀਂ ਫਿਲਟਰ ਕੀਤਾ ਜਾਵੇਗਾ। ਕੰਪਨੀ ਰਹਿੰਦ-ਖੂੰਹਦ ਨੂੰ ਕਬਾੜ ਵਿੱਚ ਵੇਚ ਸਕੇਗੀ ਅਤੇ ਹਜ਼ਾਰਾਂ ਟਨ ਖਾਦ ਤਿਆਰ ਹੋਵੇਗੀ। ਜਿਸ ਨੂੰ ਨਿਗਮ ਦੇ ਨਾਲ-ਨਾਲ ਕਿਸਾਨ ਵੀ ਹਾਸਿਲ ਕਰ ਸਕਣਗੇ। ਨਿਗਮ ਆਪਣੇ ਅਧਿਕਾਰ ਖੇਤਰ ਹੇਠ ਨੀਵੇਂ ਖੇਤਰਾਂ ਨੂੰ ਭਰਨ ਲਈ ਇਸਦੀ ਵਰਤੋਂ ਕਰੇਗਾ। ਇਸ ਕੰਮ ਲਈ ਨਿਰਧਾਰਤ ਕੀਤੀ ਗਈ ਰਕਮ ਵਿੱਚੋਂ 3.34 ਕਰੋੜ ਤੋਂ ਮਸ਼ੀਨਰੀ ਦੀ ਖਰੀਦ ਨਿਗਮ ਵੱਲੋਂ ਕੀਤੀ ਜਾਵੇਗੀ। 16 ਮਹੀਨਿਆਂ ਵਿੱਚ ਕੰਮ ਪੂਰਾ ਹੋਣ ਮਗਰੋਂ ਮਸ਼ੀਨਰੀ ਨਿਗਮ ਦੀ ਮਲਕੀਅਤ ਹੋਵੇਗੀ।
ਸਰਕਾਰੀ ਰਿਕਾਰਡ ਮੁਤਾਬਿਕ ਨਿਗਮ ਦੇ ਡੰਪਿੰਗ ਗਰਾਊਂਡ ’ਤੇ ਰੋਜ਼ਾਨਾ 120 ਟਨ ਤੋਂ ਵੱਧ ਕੂੜਾ ਸੁੱਟਿਆ ਜਾ ਰਿਹਾ ਹੈ। ਇਸ ਡੰਪ ਕਾਰਨ ਢਾਈ ਲੱਖ ਲੋਕ ਪ੍ਰਭਾਵਿਤ ਹੋ ਰਹੇ ਹਨ। ਮੇਅਰ ਸੰਜੀਵ ਬਿੱਟੂ ਅਤੇ ਨਿਗਮ ਕਮਿਸ਼ਨਰ ਪੂਨਮਦੀਪ ਕੌਰ ਨੇ ਦੱਸਿਆ ਕਿ ਡੰਪਿੰਗ ਗਰਾਊਂਡ ਦੇ ਸਥਾਈ ਹੱਲ ਮਗਰੋਂ ਸ਼ਹਿਰ ਵਿੱਚੋਂ ਰੋਜ਼ਾਨਾ ਪੈਦਾ ਹੋਣ ਵਾਲਾ 120 ਟਨ ਕੂੜਾ-ਕਰਕਟ ਲਈ 6 ਮੈਟੀਰੀਅਲ ਰਿਕਵਰੀ ਫੈਸਿਲਿਟੀ ਕੇਂਦਰ ਸਥਾਪਤ ਕੀਤੇ ਗਏ ਹਨ। ਹਰੇਕ ਸੈਂਟਰ ਨਾਲ 10 ਵਾਰਡਾਂ ਨੂੰ ਜੋੜਿਆ ਗਿਆ ਹੈ। ਪਹਿਲਾਂ ਤੋਂ ਤਾਇਨਾਤ ਕਰਮਚਾਰੀ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਵੱਖ ਕਰਨਗੇ। ਰੋਜ਼ਾਨਾ ਪੈਦਾ ਹੋਣ ਵਾਲੇ ਕੂੜੇ ਵਿੱਚੋਂ 70 ਪ੍ਰਤੀਸ਼ਤ ਤੱਕ ਦੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਏਗੀ ਅਤੇ 20 ਪ੍ਰਤੀਸ਼ਤ ਸੁੱਕਾ ਕੂੜਾ ਕਰਕਟ ਵੇਚਿਆ ਜਾ ਸਕੇਗਾ। ਬਾਕੀ 10 ਫ਼ੀਸਦੀ ਰਹਿੰਦ-ਖੂੰਹਦ ਨੂੰ ਸੰਭਾਲਣ ਲਈ ਨਿਗਮ ਨੂੰ ਵਧੇਰੇ ਮਿਹਨਤ ਕਰਨੀ ਪਏਗੀ।