ਮਾਡ਼ੇ ਅਨਸਰਾਂ ’ਤੇ ਪਟਿਆਲਾ ਪੁਲੀਸ ਦੀ ਰਹੇਗੀ ‘ਤੀਜੀ ਅੱਖ’
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੁਲਾਈ
ਪਟਿਆਲਾ ਵਿੱਚ ਵਾਪਰ ਦੀਆਂ ਹਾਦਸੇ ਦੀਆਂ ਘਟਨਾਵਾਂ ਅਤੇ ਲੁੱਟਖੋਹ ਦੀਆਂ ਵਾਰਦਾਤਾਂ ’ਤੇ ਨਕੇਲ ਕੱਸਣ ਲਈ ਪੁਲੀਸ ਸਖ਼ਤ ਰੌਂਅ ਵਿੱਚ ਹੈ। ਸੁਰੱਖਿਆ ਦੇ ਮੱਦੇਨਜ਼ਰ ਪਟਿਆਲਾ ਪੁਲੀਸ ਨੇ ਅੱੱਜ ਤੋਂ ਸ਼ਾਹੀ ਸ਼ਹਿਰ ’ਤੇ ਸੀਸੀਟੀਵੀ ਕੈਮਰਿਆਂ ਰਾਹੀਂ ਬਾਜ਼ ਅੱਖ ਰੱਖਣੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਚੱਲਦਿਆਂ ਸਮੁੱਚੇ ਸ਼ਹਿਰ ’ਚ ਆਉਣ ਅਤੇ ਜਾਣ ਵਾਲੇ ਪ੍ਰਮੁੱਖ ਰਸਤਿਆਂ ਅਤੇ ਹੋਰ ਪ੍ਰਮੁੱਖ ਥਾਵਾਂ ’ਤੇ 243 ਸੀਸੀਟੀਵੀ ਕੈਮਰੇ ਲਾ ਦਿੱਤੇ ਗਏ ਹਨ। ਮੁੱਢਲੇ ਤੌਰ ’ਤੇ 36 ਥਾਵਾਂ ’ਤੇ ਲਾਏ ਇਨ੍ਹਾਂ ਕੈਮਰਿਆਂ ਦਾ ਉਦਘਾਟਨ ਅੱਜ ਇਥੇ ਪੁਲੀਸ ਲਾਈਨ ਵਿੱਚ ਹੋਏ ਇੱਕ ਸਮਾਗਮ ਦੌਰਾਨ ਐੱਸਐੱਸਪੀ ਵਰੁਣ ਸ਼ਰਮਾ (ਆਈਪੀਐਸ) ਨੇ ਕੀਤਾ।
ਕੈਮਰਿਆਂ ’ਤੇ ਆਧਾਰਿਤ ਇਹ 36 ਪੁਆਇੰਟਾਂ ਵਿੱਚ ਮੰਦਰ, ਗੁਰਦੁਆਰੇ, ਹੋਰ ਧਾਰਮਿਕ ਅਸਥਾਨ, ਬੱਸ ਸਟੈਂਡ, ਰੇਲਵੇ ਸਟੇਸ਼ਨ, ਕਈ ਸਰਕਾਰੀ ਇਮਾਰਤਾਂ, ਮੁੱਖ ਬਾਜ਼ਾਰ ਅਤੇ ਸ਼ਹਿਰ ਦੇ ਮੁੱਖ ਚੌਕ ਅਤੇ ਰਸਤੇ ਆਦਿ ਸ਼ਾਮਲ ਹਨ। ਇਹ ਕੈਮਰੇ ਨਾਈਟ ਕੁਆਲਿਟੀ ਵਿਜ਼ਨ ਵਾਲੇ ਹਨ।
ਜ਼ਿਕਰਯੋਗ ਹੈ ਕਿ ਕਿਸੇ ਵਾਰਦਾਤ ਜਾਂ ਸੜਕ ਹਾਦਸੇ ਆਦਿ ਘਟਨਾਵਾਂ ਵਾਪਰਨ ’ਤੇ ਜਾਂਚ ਪੜਤਾਲ ਲਈ ਪਹਿਲਾਂ ਪੁਲੀਸ ਨੂੰ ਲੋਕਾਂ ਦੇ ਘਰਾਂ ਜਾਂ ਦੁਕਾਨਾਂ ਆਦਿ ’ਤੇ ਲੱਗੇ ਕੈਮਰਿਆਂ ਦੀ ਫੁਟੇਜ ’ਤੇ ਹੀ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਪੁਲੀਸ ਕੋਲ ਅਜਿਹਾ ਆਪਣਾ ਰਿਕਾਰਡ ਮੌਜੂਦ ਹੋਵੇਗਾ। ਡੀਐੱਸਪੀ ਹਰਦੀਪ ਬਡੂੰਗਰ ਨੇ ਦੱਸਿਆ ਕਿ ਇਨ੍ਹਾਂ ਨੂੰ ਪੁਲੀਸ ਲਾਈਨ ਵਿੱਚ ਸਥਿਤ ਛੇ ਐੱਲਈਡੀ ਰਾਹੀਂ ਪ੍ਰਦਰਸ਼ਿਤ ਕੀਤਾ ਗਿਆ ਹੈ।
ਐੱਸਐੱਸਪੀ ਵਰੁਣ ਸ਼ਰਮਾ ਦਾ ਕਹਿਣਾ ਸੀ ਕਿ ਅਗਲੇ ਪੜਾਅ ’ਚ ਵਾਹਨਾਂ ਦੇ ਆਨਲਾਈਨ ਚਲਾਨ ਕਰਨ ਦੀ ਪ੍ਰਕਿਰਿਆ ਅਪਣਾਉਣ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਭਵਿੱਖ ’ਚ ਅੰਤਰਰਾਜੀ ਨਾਕਿਆਂ ਨੂੰ ਵੀ ਇਸੇ ਪ੍ਰ੍ਰਕਿਰਿਆ ਦਾ ਹਿੱਸਾ ਬਣਾਉਣ ਦੀ ਗੱਲ ਆਖੀ। ਇਸ ਮੌਕੇ ਐੱਸਪੀ (ਸਿਟੀ) ਸਰਫਰਾਜ ਆਲਮ, ਐੱਸਪੀ (ਐਚ) ਹਰਵੰਤ ਕੌਰ, ਐੱਸਪੀ (ਸਪੈਸ਼ਲ ਸੈੱਲ) ਸੌਰਵ ਜਿੰਦਲ, ਡੀਐੱਸਪੀ (ਐੱਚ) ਹਰਦੀਪ ਬਡੂੰਗਰ, ਡੀਐੱਸਪੀ (ਸਿਟੀ 2) ਜਸਵਿੰਦਰ ਟਿਵਾਣਾ ਤੇ ਡੀਐੱਸਪੀ (ਸਕਿਓਰਿਟੀ ਬਰਾਂਚ) ਕਰਨੈਲ ਸਿੰਘ ਸਮੇਤ ਸਾਈਬਰ ਕਰਾਈਮ ਇੰਚਾਰਜ ਪ੍ਰਿਤਪਾਲ ਸਿੰਘ ਇੰਸਪੈਕਟਰ, ਰੀਡਰ ਟੂ ਐੱਸਐੱਸਪੀ ਅਵਤਾਰ ਸਿੰਘ ਪੰਜੋਲਾ ਆਦਿ ਵੀ ਮੌਜੂਦ ਸਨ।