ਪਟਿਆਲਾ: ਪੈਨਸ਼ਨਰਾਂ ਨੇ ਪਾਵਰਕਾਮ ਮੁੱਖ ਦਫਤਰ ਮੂਹਰੇ ਧਰਨਾ ਦਿੱਤਾ
ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਫਰਵਰੀ
ਆਪਣੀਆਂ ਮੰਗਾਂ ਦੀ ਪੂਰਤੀ ਲਈ ਪਾਵਰਕਾਮ ਤੇ ਟਰਾਂਸਕੋ ਨਾਲ ਸਬੰਧਤ ਪੈਨਸ਼ਨਰਾਂ ਨੇ ਅੱਜ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਅੱਗੇ ਧਰਨਾ ਦਿੱਤਾ। ਇਸ ਦੌਰਾਨ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਆਪਣੀਆਂ ਮੰਗਾਂ ਦੀ ਪੂਰਤੀ ਯਕੀਨੀ ਬਣਾਉਣ ਲਈ ਉਹ ਇਸੇ ਕਦਰ ਜੂਝਦੇ ਰਹਿਣਗੇ।ਬੁਲਾਰਿਆਂ ਨੇ ਕਿਹਾ ਕਿ ਸ਼ਰਮ ਵਾਲੀ ਗੱਲ ਹੈ ਕਿ ਸਰਕਾਰ ਦਾ ਇਸ ਕਦਰ ਦੀਵਾਲਾ ਨਿਕਲ ਚੁੱਕਾ ਹੈ ਕਿ ਆਪਣੇ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਨਹੀਂ ਦੇ ਸਕਦੀ। ਪੈਨਸ਼ਨਰ ਐਸੋਸੀਏਸ਼ਨ ਹੈੱਡ ਆਫਿਸ ਪਟਿਆਲਾ ਦੇ ਪ੍ਰਧਾਨ ਭਿੰਦਰ ਸਿੰਘ ਚਹਿਲ ਨੇ ਕਿਹਾ ਕਿ ਪਹਿਲੀ ਫਰਵਰੀ ਨੂੰ ਸਰਕਾਰ ਵੱਲੋਂ ਸਾਰੇ ਪੈਨਸ਼ਨਰਾਂ ਨੂੰ ਵੀਹ-ਵੀਹ ਹਜ਼ਾਰ ਅਤੇ ਮੁਲਾਜ਼ਮਾਂ ਨੂੰ 30-30 ਹਜ਼ਾਰ ਰੁਪਏ ਪਾ ਕੇ ਹੀ ਬੁੱਤਾ ਸਾਰਿਆ। ਭਾਵੇਂ ਮੁਲਾਜ਼ਮਾਂ ਵੱਲੋਂ ਸੰਘਰਸ਼ ਦੀ ਚਿਤਾਵਨੀ ਦੇਣ ਤੋਂ ਬਾਅਦ ਸਰਕਾਰ ਨੇ ਬਾਅਦ ਵਿੱਚ ਪੂਰੀਆਂ ਤਨਖਾਹਾਂ ਤੇ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਸਨ ਪਰ ਅਜਿਹੀ ਸਥਿਤੀ ਆਉਣਾ ਹੀ ਮੰਦਭਾਗੀ ਗੱਲ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਬਸਿਡੀਆਂ ਦੀ ਰਾਸ਼ੀ ਤੁਰੰਤ ਪਾਵਰਕੌਮ ਦੀ ਮੈਨੇਜਮੈਂਟ ਨੂੰ ਜਾਰੀ ਕੀਤੀ ਜਾਵੇ ਤਾਂ ਜੋ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਇਸ ਦਾ ਖਮਿਆਜ਼ਾ ਨਾ ਭੁਗਤਣਾ ਪਵੇ।