ਪਟਿਆਲਾ: ਤਿੰਨ ਸੜਕ ਹਾਦਸਿਆਂ ’ਚ ਦੋ ਸਕੇ ਭਰਾਵਾਂ ਸਣੇ ਪੰਜ ਨੌਜਵਾਨਾਂ ਦੀ ਮੌਤ
ਖੇਤਰੀ ਪ੍ਰਤੀਨਿਧ
ਪਟਿਆਲਾ, 13 ਅਕਤੂਬਰ
ਇੱਥੋਂ ਨੇੜੇ ਵਾਪਰੇ ਤਿੰਨ ਸੜਕਾਂ ਹਾਦਸਿਆਂ ਦੌਰਾਨ ਪੰਜ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਸਣੇ ਪੰਜ ਜਣੇ ਜਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਦਾਖਲ ਕਰਵਾਇਆ ਗਿਆ ਹੈ। ਪਹਿਲਾ ਹਾਦਸਾ ਇੱਥੋਂ ਦਸ ਕੁ ਕਿੱਲੋਮੀਟਰ ਦੂਰ ਸਰਹਿੰਦ ਰੋਡ ’ਤੇ ਪਿੰਡ ਫੱਗਣਮਾਜਰਾ ਨੇੜੇ ਵਾਪਰਿਆ।
ਇਸ ਦੌਰਾਨ ਜ਼ੈੱਨ ਕਾਰ ਸੰਤੁਲਨ ਵਿਗੜਨ ਕਾਰਨ ਦਰੱਖਤ ਵਿੱਚ ਜਾ ਵੱਜੀ ਤੇ ਸਿੱੱਟੇ ਵਜੋਂ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ’ਚ ਦੋ ਸਕੇ ਭਰਾ ਰਛਪਾਲ ਸਿੰਘ ਅਤੇ ਰਘਬੀਰ ਸਿੰਘ ਸਣੇ ਹਰਮਨ ਸਿੰਘ ਵਾਸੀ ਜਖਵਾਲੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਸ਼ਾਮਲ ਹਨ। ਇਸ ਦੌਰਾਨ ਵਿੱਕੀ ਅਤੇ ਕਾਲਾ ਸਣੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲੀਸ ਵੱਲੋਂ ਕਾਰਵਾਈ ਕੀਤੀ ਗਈ ਹੈ। ਦੂਜਾ ਹਾਦਸਾ ਭਾਦਸੋਂ ਥਾਣੇ ਦੇ ਪਿੰਡ ਕੈਦੂਪੁਰ ਕੋਲ ਵਾਪਰਿਆ। ਇਸ ਦੌਰਾਨ ਟਰੱਕ ਅਤੇ ਫਾਰਚੂਨਰ ਗੱਡੀ ਦੀ ਟੱਕਰ ਹੋ ਗਈ। ਹਾਦਸੇ ਵਿੱਚ ਫਾਰਚੂਨਰ ਡਰਾਈਵਰ ਜਸਪ੍ਰੀਤ ਸਿੰਘ (30) ਪੁੱਤਰ ਦਵਿੰਦਰਪਾਲ ਸਿੰਘ ਵਾਸੀ ਬਾਗੜੀਆਂ, ਜ਼ਿਲ੍ਹਾ ਮਾਲੇਰਕੋਟਲਾ ਦੀ ਮੌਤ ਹੋ ਗਈ। ਫਾਰਚੂਨਰ ਵਿੱਚ ਹੀ ਸਵਾਰ ਰਮਨਪ੍ਰੀਤ ਕੌਰ ਪੁੱਤਰੀ ਮੁਕੰਦ ਸਿੰਘ ਅਤੇ ਰੁਪਿੰਦਰ ਕੌਰ ਪੁੱਤਰੀ ਜਗਪਾਲ ਸਿੰਘ ਨੂੰ ਸੱਟਾਂ ਵੱਜੀਆਂ, ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਹੈ। ਥਾਣਾ ਸਦਰ ਪਟਿਆਲਾ ਅਧੀਨ ਕਸਬਾ ਭੁਨਰਹੇੜੀ ਕੋਲ ਵਾਪਰੇ ਇੱਕ ਹੋਰ ਹਾਦਸੇ ਦੌਰਾਨ ਇੱਕ ਮੋਟਰਸਾਈਕਲ ਚਾਲਕ ਦੀ ਮੌਤ ਹੋਈ ਹੈ। ਪੁਲੀਸ ਚੌਕੀ ਭੁਨਰਹੇੜੀ ਦੇ ਇੰਚਾਰਜ ਹਰਸ਼ਰਨਵੀਰ ਰੋਮਾਣਾ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਮੁਕੇਸ਼ ਕੁਮਾਰ (16) ਵਾਸੀ ਭੁਨਰਹੇੜੀ ਵਜੋਂ ਹੋਈ ਹੈ। ਪੁਲੀਸ ਨੇ ਹਾਦਸਿਆਂ ਸਬੰਧੀ ਪੜਤਾਲ ਸ਼ੁਰੂੁ ਕਰ ਦਿੱਤੀ ਹੈ।