For the best experience, open
https://m.punjabitribuneonline.com
on your mobile browser.
Advertisement

ਪਟਿਆਲਾ: ਘੱਗਰ ਸਣੇ ਸਾਰੇ ਨਦੀਆਂ-ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ

07:35 AM Jul 12, 2023 IST
ਪਟਿਆਲਾ  ਘੱਗਰ ਸਣੇ ਸਾਰੇ ਨਦੀਆਂ ਨਾਲੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ
ਪਟਿਆਲਾ ਦੇ ਹਡ਼੍ਹ ਪ੍ਰਭਾਵਿਤ ਇਲਾਕੇ ਵਿੱਚੋਂ ਆਪਣੇ ਟਰੈਕਟਰ ਟਰਾਲੀ ’ਤੇ ਸੁਰੱਖਿਅਤ ਥਾਂ ’ਤੇ ਜਾਂਦੇ ਹੋਏ ਪੀਡ਼ਤ ਲੋਕ। -ਫੋਟੋ: ਪੀਟੀਆਈ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਜੁਲਾਈ
ਪਟਿਆਲਾ ਜ਼ਿਲ੍ਹੇ ਵਿੱਚੋਂ ਘੱਗਰ ਸਣੇ ਲੰਘਦੇ ਸਾਰੇ ਹੀ ਨਦੀਆਂ-ਨਾਲ਼ਿਆਂ ਵਿਚ ਦੋ ਦਨਿਾਂ ਤੋਂ ਪਾਣੀ ਖ਼ਤਰੇ ਦੇ ਨਿਸ਼ਾਨਾਂ ਤੋਂ ਉਪਰ ਵਹਿ ਰਿਹਾ ਹੈ। ਇਸ ਕਾਰਨ ਇਨ੍ਹਾਂ ਵਿੱਚੋਂ ਕੁਝ ਉਛਲ ਗਏ ਅਤੇ ਕੁਝ ਵਿੱਚ ਪਾੜ ਪੈ ਗਏ। ਪਟਿਆਲਾ ਨਦੀ ਦੇ ਪਾਣੀ ਨੇ ਅਰਬਨ ਅਸਟੇਟ, ਚਨਿਾਰ ਬਾਗ਼ ਸਣੇ ਗੋਪਾਲ ਕਲੋਨੀ ਤੇ ਕੁਝ ਹੋਰ ਖੇਤਰਾਂ ਸਮੇਤ ਖੇਤਾਂ ਨੂੰ ਵੀ ਲਪੇਟ ਵਿਚ ਲਿਆ ਹੋਇਆ ਹੈ। ਖੇਤਾਂ ਵਿਚਲੇ ਘਰਾਂ ਤੇ ਡੇਰਿਆਂ ਸਣੇ ਅਨੇਕਾਂ ਪਿੰਡਾਂ ਵਿਚਲੇ ਨੀਵੇਂ ਘਰਾਂ ਦੇ ਵਾਸੀ ਪਾਣੀ ਮਾਰ ਤੋਂ ਪ੍ਰੇਸ਼ਾਨ ਹਨ। ਇਨ੍ਹਾਂ ਨਦੀਆਂ ਨਾਲ਼ਿਆਂ ਵਿਚ ਵਧੇਰੇ ਪਾਣੀ ਹੋਣ ਕਾਰਨ ਪਟਿਆਲਾ ਜ਼ਿਲ੍ਹੇ ਦੇ ਰਾਜਪਰਾ, ਘਨੌਰ, ਸਨੌਰ, ਬਹਾਦਰਗੜ੍ਹ, ਦੇਵੀਗੜ੍ਹ, ਦੂਧਣਸਾਧਾਂ, ਡਕਾਲ਼ਾ, ਸਮਾਣਾ ਤੇ ਪਾਤੜਾਂ ਆਦਿ ਖੇਤਰਾਂ ਵਿਚਲੀ ਹਜ਼ਾਰਾਂ ਏਕੜ ਫ਼ਸਲ ਅੱਜ ਲਗਾਤਾਰ ਤੀਜੇ ਦਨਿ ਵੀ ਕਈ-ਕਈ ਫੁੱਟ ਪਾਣੀ ਵਿਚ ਡੁੱਬੀ ਰਹੀ।

Advertisement

ਕਿਸ਼ਤੀ ਨਾਲ ਲੋਕਾਂ ਲਈ ਰਸਦ ਪਹੁੰਚਾਉਂਦੀ ਹੋਈ ਟੀਮ। -ਫੋਟੋ: ਮਿੱਠਾ
ਕਿਸ਼ਤੀ ਨਾਲ ਲੋਕਾਂ ਲਈ ਰਸਦ ਪਹੁੰਚਾਉਂਦੀ ਹੋਈ ਟੀਮ। -ਫੋਟੋ: ਮਿੱਠਾ

ਸਰਾਲਾ ਹੈੱਡ ’ਤੇ ਅੱਜ ਵੀ ਘੱਗਰ ਪੁਲ਼ ਨਾਲ਼ ਟਕਰਾਉਂਦਾ ਰਿਹਾ। ਕਈ ਖੇਤਰਾਂ ’ਚ ਘੱਗਰ ’ਤੇ ਢੁਕਵੇਂ ਬੰਨ੍ਹ ਨਾ ਹੋਣ ਕਾਰਨ ਪਾਣੀ ਖੁੱਲ੍ਹਾ ਹੀ ਤੁਰਿਆ ਫਿਰਦਾ ਹੈ। ਸਰਾਲਾ ਹੈੱਡ ’ਤੇ ਨਰਵਾਣਾ ਬ੍ਰਾਂਚ ਨਹਿਰ ਘੱਗਰ ਦੇ ਹੇਠੋਂ ਦੀ ਹੋ ਕੇ ਲੰਘਦੀ ਹੈ ਪਰ ਇਹ ਨਹਿਰ ਇੱਥੇ ਸਥਿਤ ਇੱਕ ਪੁਲ਼ ਦੇ ਉਪਰੋਂ ਦੀ ਵਗਦੀ ਰਹੀ। ਭਾਵੇਂ ਡੀਐੱਸਪੀ ਰਘਬੀਰ ਸਿੰਘ ਤੇ ਥਾਣਾ ਘਨੌਰ ਦੇ ਮੁਖੀ ਗੁਰਨਾਮ ਸਿੰਘ ਘੁੰਮਣ ਦੀ ਅਗਵਾਈ ਹੇਠਾਂ ਪੁਲੀਸ ਨੇ ਇਨ੍ਹਾਂ ਲੋਕਾਂ ਨੂੰ ਕਈ ਵਾਰ ਘਰਾਂ ਵਿਚੋਂ ਬਾਹਰ ਆਓਣ ਲਈ ਆਖਿਆ, ਪਰ ਲੋਕ ਘਰਾਂ ’ਚ ਹੀ ਠਹਿਰੇ ਰਹਿਣ ਲਈ ਬਜ਼ਿਦ ਰਹੇ। ਦੋ ਦਨਿ ਜਿੱਥੇ ਐਸਵਾਈਐਲ ਨਹਿਰ ਵਿਚ ਪਾੜ ਪੈਂਦੇ ਰਹੇ, ਉੱਥੇ ਹੀ ਲੰਘੀ ਰਾਤ ਤਿੰਨ ਕੁ ਵਜੇ ਨਰਵਾਣਾ ਬ੍ਰਾਂਚ ਵਿੱਚ ਵੀ ਦੋ ਹੋਰ ਪਾੜ ਪੈ ਗਏ। ਪਰ ਦਨਿ ਚੜ੍ਹਦੇ ਤੱਕ ਇਸ ਨਹਿਰ ਵਿਚ ਪਾਣੀ ਘਟਣ ਕਰ ਕੇ ਉਲਟਾ ਖੇਤਾਂ ਦਾ ਪਾਣੀ ਨਹਿਰ ਵਿੱਚ ਪੈਣ ਲੱੱਗ ਗਿਆ। ਇਸ ਕਰ ਕੇ ਇਹ ਪਾੜ ਅੱੱਜ ਰਾਤ ਤੱਕ ਵੀ ਬੰਦ ਨਹੀਂ ਸਨ ਕੀਤੇ ਗਏ।
ਪਟਿਆਲਾ ਨਦੀ ਵਿੱਚ ਵਧੇ ਪਾਣੀ ਨੇ ਸਦਰਨ ਬਾਈਪਾਸ ਨੇੜਲੇ ਖੇਤਾਂ ਵਿੱਚ ਹੋਰ ਵੀ ਵਧੇਰੇ ਮਾਰ ਕੀਤੀ। ਸੜਕਾਂ ’ਤੇ ਪਾਣੀ ਭਰਨ ਕਾਰਨ ਦਰਜਨਾਂ ਪਿੰਡਾਂ ਦਾ ਸੰਪਰਕ ਟੁੱਟਿਆ ਰਿਹਾ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ਹੇਠਾਂ ਸਮੁੱਚਾ ਪ੍ਰਸ਼ਾਸਨ ਦਨਿ ਰਾਤ ਰਾਹਤ ਕਾਰਜਾਂ ’ਚ ਲੱਗਿਆ ਰਿਹਾ। ਫ਼ੌਜ ਦੇ ਜਵਾਨ ਵੀ ਸੰਵੇਦਨਸ਼ੀਲ ਥਾਵਾਂ ’ਤੇ ਜਾ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਪੁਲੀਸ ਵੀ ਚੌਕਸ ਹੈ।
ਪਟਿਆਲਾ (ਗੁਰਨਾਮ ਸਿੰਘ ਅਕੀਦਾ): ਪਟਿਆਲਾ ਤੋਂ ਵਿਧਾਇਕ ਅਜੀਤਪਾਲ ਕੋਹਲੀ ਦੀ ਅਪੀਲ ’ਤੇ ਸ੍ਰੀ ਪਰਸ਼ੂ ਰਾਮ ਚੌਕ ਸਰਹੰਦੀ ਗੇਟ ’ਤੇ ਕਾਵੜੀਆਂ ਲਈ ਚਲਾਇਆ ਜਾ ਰਿਹਾ ਲੰਗਰ 24 ਘੰਟੇ ਹੜ੍ਹ ਪੀੜਤਾਂ ਲਈ ਵੀ ਖੋਲ੍ਹ ਦਿੱਤਾ ਗਿਆ ਹੈ। ਅੱਜ ਇੱਥੇ ਵਿਧਾਇਕ ਕੋਹਲੀ ਵੱਲੋਂ ਸਰਹਿੰਦੀ ਗੇਟ ’ਤੇ ਸ੍ਰੀ ਰਾਧਾ ਕ੍ਰਿਸ਼ਨ ਪ੍ਰਬੰਧਕ ਸੁਧਾਰ ਸਭਾ ਕਮੇਟੀ ਅਤੇ ਬਹਾਵਲਪੁਰ ਦੇ ਭਾਈਚਾਰਿਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਇਸ ਗੱਲ ਲਈ ਸਹਿਮਤ ਕੀਤਾ ਕਿ ਇਹ ਲੰਗਰ ਸਿਰਫ਼ ਕਾਵੜੀਆਂ ਲਈ ਹੀ ਨਹੀਂ ਚੱਲੇਗਾ, ਸਗੋਂ ਹੜ੍ਹ ਪੀੜਤਾਂ ਲਈ ਵੀ ਦਨਿ ਰਾਤ ਚੱਲੇਗਾ। ਬਹਾਵਲਪੁਰ ਦੇ ਭਾਈਚਾਰਾ ਆਗੂ ਅਸ਼ੋਕ ਸਚਦੇਵਾ ਅਤੇ ਰਾਜੇਸ਼ ਕੁਮਾਰ ਰਾਜੂ ਸਾਹਨੀ ਨੇ ਦੱਸਿਆ ਕਿ ਵਿਧਾਇਕ ਦੀ ਪਹਿਲਕਦਮੀ ਤੋਂ ਬਾਅਦ ਹੁਣ ਲੰਗਰ ਕਮੇਟੀਆਂ ਨੇ ਫ਼ੈਸਲਾ ਕੀਤਾ ਹੈ ਕਿ ਕੋਈ ਵੀ ਹੜ੍ਹ ਪ੍ਰਭਾਵਿਤ ਵਿਅਕਤੀ ਇੱਥੇ ਲੰਗਰ ਛਕ ਸਕਦਾ ਹੈ। ਇਹ ਲੰਗਰ ਕਾਵੜੀਆਂ ਲਈ ਵੀ ਚਲਦਾ ਰਹੇਗਾ। ਇਹ ਸੇਵਾ 24 ਘੰਟੇ ਚਲਦੀ ਰਹੇਗੀ।
ਮਾਲੇਰਕੋਟਲਾ (ਹੁਸ਼ਿਆਰ ਸਿੰਘ ਰਾਣੂ): ਜ਼ਿਲ੍ਹਾ ਮਾਲੇਰਕੋਟਲਾ ਅੰਦਰ ਅੱਜ ਭਾਵੇਂ ਸਾਰਾ ਦਨਿ ਬੱਦਲਵਾਈ ਰਹੀ ਪਰ ਉਂਜ ਮੌਸਮ ਸਾਫ਼ ਰਿਹਾ। ਲਸਾੜਾ ਡਰੇਨ ਵਿੱਚ ਪਾਣੀ ਦੇ ਉੱਚਿਤ ਵਹਾਅ ਕਾਰਨ ਡਰੇਨ ਦੇ ਦੋਵੇਂ ਪਾਸੇ ਦੇ ਦਰਜਨਾਂ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਦਾ ਪੱਧਰ ਨੀਵਾਂ ਹੋ ਗਿਆ ਹੈ। ਪਾਣੀ ਵਿੱਚ ਡੁੱਬੀ ਝੋਨੇ ਦੀ ਫ਼ਸਲ ਹੁਣ ਦਿਖਾਈ ਦੇਣ ਲੱਗੀ ਹੈ। ਕਿਸਾਨ ਕੁਝ ਰਾਹਤ ਮਹਿਸੂਸ ਕਰਨ ਲੱਗੇ ਹਨ। ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ ਤੇ ਵਿਧਾਇਕ ਮਾਲੇਰਕੋਟਲਾ ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ ਨੇ ਪਿੰਡਾਂ ਦਾ ਦੌਰਾ ਕਰ ਕੇ ਸਥਿਤੀ ਦਾ ਜਾਇਜ਼ਾ ਲਿਆ।
ਮੂਨਕ(ਕਰਮਵੀਰ ਸਿੰਘ ਸੈਣੀ): ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਅਤੇ ਐਸਐਸਪੀ ਸੁਰੇਂਦਰ ਲਾਂਬਾ ਨੇ ਹੋਰ ਅਧਿਕਾਰੀਆਂ ਸਣੇ ਅੱਜ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਤੇ ਮੂਨਕ ਇਲਾਕਿਆਂ ਵਿੱਚ ਪੈਂਦੇ ਘੱਗਰ ਦਰਿਆ ਦੇ ਆਲੇ-ਦੁਆਲੇ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕੀਤਾ। ਰਾਹਤ ਕਾਰਜਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਲੇ 48 ਘੰਟੇ ਦਾ ਸਮਾਂ ਨਾਜ਼ੁਕ ਹੈ।

ਘੱਗਰ, ਟਾਂਗਰੀ, ਪਟਿਆਲਾ ਨਦੀ ਆਦਿ ’ਚ ਪਾਣੀ ਘਟਣ ਲੱਗਾ

ਪਟਿਆਲਾ (ਖੇਤਰੀ ਪ੍ਰਤੀਨਿਧ): ਪਟਿਆਲਾ ਜਿਲ੍ਹੇ ਵਿਚੋਂ ਲੰਘਦੇ ਸਾਰੇ ਹੀ ਨਦੀਆਂ ਨਾਲ਼ੇ ਖਤਰੇ ਦੇ ਨਿਸ਼ਾਨ ’ਤੇ ਜਾਂ ਉਪਰ ਚੱਲ ਰਹੇ ਸਨ। ਪਰ ਰਾਹਤ ਭਰੀ ਖ਼ਬਰ ਇਹ ਹੈ ਕਿ ਦੇਰ ਸ਼ਾਮ ਇਨ੍ਹਾਂ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ। ਘੱਗਰ ਦਰਿਆ ਦੇ ਸਰਾਲਾ ਹੈੱਡ ’ਤੇ ਖ਼ਤਰੇ ਦਾ ਨਿਸ਼ਾਨ 10 ਫੁੱਟ ’ਤੇ ਹੈ ਅਤੇ ਪਾਣੀ 20 ਤੋਂ ਘਟ ਕੇ 17 ਫੁੱਟ ’ਤੇ ਆ ਗਿਆ ਹੈ। ਪਟਿਆਲਾ ਨਦੀ ਵਿੱਚ ਵੀ ਖ਼ਤਰੇ ਦਾ ਨਿਸ਼ਾਨ 10 ਫੁੱਟ ’ਤੇ ਹੈ ਤੇ ਪਾਣੀ 16.50 ਫੁੱਟ ਹੈ। 12 ਫੁੱਟ ’ਤੇ ਖ਼ਤਰੇ ਦੇ ਨਿਸ਼ਾਨ ਵਾਲੀ ਟਾਂਗਰੀ ਨਦੀ ਵਿੱਚ ਪਾਣੀ 15.7 ਫੁੱਟ ਹੈ। ਦਸ ਤੇ ਬਾਰਾਂ ਫੁੱਟ ’ਤੇ ਖਤਰੇ ਵਾਲ਼ੇ ਢਕਾਣਸੂ ਤੇ ਪੰਝੀਦਰੇ ਵਿੱਚ ਪਾਣੀ 15-15 ਫੁੱਟ ਹੈ। ਮਾਰਕੰਡੇ ਵਿਚ ਖਤਰੇ ਦਾ ਨਿਸ਼ਾਨ 20 ਫੁੱਟ ’ਤੇ ਅਤੇ ਪਾਣੀ ਦਾ ਪੱਧਰ 23 ਫੁੱਟ ਹੈ। ਘੱਗਰ ਸਮੇਤ ਇਨ੍ਹਾਂ ਸਾਰੇ ਹੀ ਨਦੀਆਂ ਨਾਲ਼ਿਆਂ ਵਿਚ ਅੱਜ ਦੇਰ ਸ਼ਾਮ ਤੱਕ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਸੀ।

ਪਟਿਆਲਾ ’ਚ ਚਲਾਏ ਜਾ ਰਹੇ ਨੇ ਚਾਰ ਰਾਹਤ ਕੈਂਪ

ਪਟਿਆਲਾ: ਪਟਿਆਲਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾਉਣ ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਾਰ ਰਾਹਤ ਕੈਂਪ ਬਣਾਏ ਗਏ ਹਨ। ਇਸ ਦੇ ਨੋਡਲ ਅਫ਼ਸਰ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਨੇ ਦੱਸਿਆ ਕਿ ਇਸ ਸਬੰਧੀ ਪ੍ਰੇਮ ਬਾਗ ਪੈਲੇਸ, ਸਰਕਾਰੀ ਬਹੁਤਕਨੀਕੀ ਕਾਲਜ ਐਸਐਸਟੀ ਨਗਰ, ਮਹਿੰਦਰਾ ਕਾਲਜ ਤੇ ਰਾਧਾ ਸੁਆਮੀ ਸਤਿਸੰਗ ਬਿਆਸ ਵਿੱਚ ਠਹਿਰਨ ਦੇ ਪ੍ਰਬੰਧ ਕੀਤੇ ਗਏ ਹਨ। ਪ੍ਰੇਮ ਬਾਗ ਪੈਲੇਸ ਵਿੱਚ 400 ਲੋਕ ਹਨ। ਉਨ੍ਹਾਂ ਦੱਸਿਆ ਕਿ ਰਾਜਪੁਰਾ ਵਿੱਚ ਵੀ ਨੌਂ ਰਾਹਤ ਕੈਂਪ ਬਣਾਏ ਹਨ।

ਸ਼੍ਰੋਮਣੀ ਕਮੇਟੀ ਨੇ ਹੜ੍ਹ ਪੀੜਤਾਂ ਲਈ ਗੁਰੂ ਘਰ ਖੋਲ੍ਹੇ

ਰਾਜਪੁਰਾ (ਨਿੱਜੀ ਪੱਤਰ ਪ੍ਰੇਰਕ): ਮੀਂਹ ਅਤੇ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਲੋਕਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਦੇ ਦਰ ਖੋਲ੍ਹ ਦਿੱਤੇ ਹਨ। ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ 13 ਪ੍ਰਮੁੱਖ ਗੁਰਦੁਆਰਿਆਂ ਦੇ ਮੈਨੇਜਰਾਂ ਦੇ ਨੰਬਰ ਜਾਰੀ ਕੀਤੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਵਿਚ ਆਈ ਕੁਦਰਤੀ ਆਫ਼ਤ ਕਾਰਨ ਪੀੜਤ ਤੇ ਲੋੜਵੰਦਾਂ ਦੀ ਰਿਹਾਇਸ਼ ਅਤੇ ਭੋਜਨ/ਲੰਗਰ ਲਈ ਇਨ੍ਹਾਂ ਮੈਨੇਜਰਾਂ ਦੇ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਹੋਰ ਗੁਰਦੁਆਰਾ ਸਾਹਿਬਾਨਾਂ ਦੇ ਸੇਵਾਦਾਰਾਂ ਨੂੰ ਵੀ ਹਦਾਇਤ ਕੀਤੀ ਕਿ ਗੁਰਦੁਆਰਾ ਸਾਹਿਬ ਵਿੱਚ ਆਉਣ ਵਾਲ਼ੇ ਲੋੜਵੰਦਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਉਨ੍ਹਾਂ ਪੀੜਤਾਂ ਨੂੰ ਵੀ ਅਪੀਲ ਕੀਤੀ ਹੈ ਕਿ ਭੋਜਨ ਅਤੇ ਰਿਹਾਇਸ਼ ਦੀ ਸਹਾਇਤਾ ਲਈ ਨਜ਼ਦੀਕੀ ਗੁਰਦੁਆਰਿਆਂ ਵਿਚ ਸ਼ਰਨ ਲੈ ਸਕਦੇ ਹਨ।

Advertisement
Tags :
Author Image

joginder kumar

View all posts

Advertisement
Advertisement
×