ਪਾਠੀ ਕਤਲ ਮਾਮਲਾ: ਪੁਲੀਸ ਵੱਲੋਂ ਛੇ ਘੰਟਿਆਂ ਵਿੱਚ ਹੀ ਮੁਲਜ਼ਮ ਕਾਬੂ
ਦਵਿੰਦਰ ਸਿੰਘ ਭੰਗੂ
ਰਈਆ, 12 ਦਸੰਬਰ
ਪਿੰਡ ਮੱਧ ਵਿਚ ਪਾਠੀ ਦੇ ਕਤਲ ਸਬੰਧੀ ਪੁਲੀਸ ਨੇ ਮੁਲਜ਼ਮ ਨੂੰ 6 ਘੰਟਿਆਂ ਵਿਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਅੱਜ ਡੀ ਐੱਸ ਪੀ ਦਫ਼ਤਰ ਬਾਬਾ ਬਕਾਲਾ ਅਰੁਣ ਸ਼ਰਮਾ ਨੇ ਦਿੰਦਿਆਂ ਦੱਸਿਆ ਕਿ ਪੁਲੀਸ ਨੂੰ ਦਿਲਬਾਗ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਮੱਧ ਵਲੋਂ ਇਤਲਾਹ ਦਿੱਤੀ ਗਈ ਕਿ ਉਸ ਦਾ ਲੜਕਾ ਰਮਨਦੀਪ ਉਰਫ਼ ਮਿੱਠੂ ਪਾਠ ਕਰ ਕੇ ਵਾਪਸ ਪਿੰਡ ਨੂੰ ਆ ਰਿਹਾ ਸੀ ਤਾਂ ਪੁਲੀਸ ਚੌਂਕੀ ਰਈਆ ਤੋਂ ਅੱਗੇ ਉਸ ’ਤੇ ਦਾਤਰ ਨਾਲ ਹਮਲਾ ਕਰ ਦਿੱਤਾ। ਉਹ ਵੀ ਆਪਣੇ ਲੜਕੇ ਨਾਲ ਸਾਈਕਲ ’ਤੇ ਜਾ ਰਿਹਾ ਸੀ ਪਰ ਬਜ਼ੁਰਗ ਹੋਣ ਕਰਕੇ ਉਹ ਹਮਲਾਵਰਾਂ ਦਾ ਮੁਕਾਬਲਾ ਨਹੀਂ ਕਰ ਸਕਿਆ। ਇਸ ਤੋਂ ਬਾਅਦ ਪੁਲੀਸ ਨੇ 6 ਘੰਟਿਆਂ ਦੇ ਅੰਦਰ ਅੰਦਰ ਮੁਖ਼ਬਰ ਖ਼ਾਸ ਦੀ ਇਤਲਾਹ ’ਤੇ ਮੁਲਜ਼ਮ ਸਾਹਿਬ ਸਿੰਘ ਉਰਫ਼ ਸਾਬਾ ਨੂੰ ਪਿੰਡ ਦਿਨਆਲ ਤੋਂ ਪਿੰਡ ਕਾਲਕੇ ਸੜਕ ’ਤੇ ਕਾਬੂ ਕਰ ਲਿਆ ਤੇ ਉਸ ਵਲੋਂ ਕਤਲ ਲਈ ਵਰਤਿਆ ਦਾਤਰਅਤੇ ਖ਼ੂਨ ਨਾਲ ਲਿੱਬੜੇ ਹੋਏ ਕੱਪੜੇ ਬਰਾਮਦ ਕਰ ਲਏ ਗਏ। ਪੁਲੀਸ ਨੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਤੇ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।