ਪਠਾਨਕੋਟ: ਟੈਂਡਰ ਤੋਂ ਉਲਟ ਹੋ ਰਿਹੈ ਸੀਵਰੇਜ ਪਾਈਪ ਲਾਈਨ ਸਾਫ ਕਰਨ ਦਾ ਕੰਮ
ਐੱਨਪੀ ਧਵਨ
ਪਠਾਨਕੋਟ, 28 ਸਤੰਬਰ
ਪਠਾਨਕੋਟ ਸ਼ਹਿਰ ਅੰਦਰ ਜਗ੍ਹਾ-ਜਗ੍ਹਾ ਜਾਮ ਹੋਏ ਪਏ ਸੀਵਰੇਜ ਨੂੰ ਸੁਪਰ ਸਕਸ਼ਨ ਮਸ਼ੀਨ ਨਾਲ ਸਾਫ ਕਰਵਾਉਣ ਲਈ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੰਮ ਨੂੰ ਟੈਂਡਰ ਦੀਆਂ ਨਿਰਧਾਰਤ ਸ਼ਰਤਾਂ ਨਾਲ ਨਾ ਕਰਵਾ ਕੇ ਗੈਰ-ਮਿਆਰੀ ਕੰਮ ਕਰਵਾਇਆ ਜਾ ਰਿਹਾ ਹੈ। ਹਾਲਤ ਇਹ ਹੈ ਕਿ ਇੱਕ ਮਹੀਨੇ ਤੋਂ ਉਪਰ ਦਾ ਸਮਾਂ ਹੋ ਚੁੱਕਾ ਹੈ ਪਰ ਅਜੇ ਤੱਕ ਕਿਸੇ ਵੀ ਵਾਰਡ ਦੇ ਵਾਸੀਆਂ ਨੂੰ ਸੀਵਰੇਜ ਜਾਮ ਹੋਣ ਦੀ ਸਮੱਸਿਆ ਤੋਂ ਨਿਜਾਤ ਨਹੀਂ ਮਿਲੀ। ਹਾਲਾਂਕਿ ਸੀਵਰੇਜ ਨੂੰ ਸੁਪਰ ਸਕਸ਼ਨ ਮਸ਼ੀਨ ਨਾਲ ਸਾਫ ਕਰਵਾਉਣ ਦਾ ਟੈਂਡਰ ਪਾਇਆ ਗਿਆ ਸੀ ਪਰ ਸੁਪਰ ਸਕਸ਼ਨ ਮਸ਼ੀਨ ਦੀ ਜਗ੍ਹਾ ਜੈਟਿੰਗ-ਕਮ-ਸਕਸ਼ਨ ਮਸ਼ੀਨ ਨਾਲ ਕੰਮ ਕਰਵਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ਠੇਕੇਦਾਰ ਨੂੰ 80 ਲੱਖ ਰੁਪਏ ਤੋਂ ਵੱਧ ਦੀ ਅਦਾਇਗੀ ਕੀਤੀ ਜਾਣੀ ਹੈ ਤਾਂ ਫਿਰ ਵੱਡੀ ਸੁਪਰ ਸਕਸ਼ਨ ਮਸ਼ੀਨ ਨਾਲ ਸੀਵਰ ਲਾਈਨ ਦੀ ਸਫਾਈ ਕਿਉਂ ਨਹੀਂ ਕਰਵਾਈ ਜਾ ਰਹੀ।
ਜ਼ਿਕਰਯੋਗ ਹੈ ਕਿ ਵੱਡੀ ਸੁਪਰ ਸਕਸ਼ਨ ਮਸ਼ੀਨ ਸੀਸੀਟੀਵੀ ਕੈਮਰਿਆਂ ਨਾਲ ਲੈਸ ਹੁੰਦੀ ਹੈ ਤੇ ਉਸ ਵਿੱਚ ਪੰਪ ਵੀ ਵੱਡਾ ਲੱਗਾ ਹੁੰਦਾ ਹੈ ਤੇ ਪ੍ਰੈਸ਼ਰ ਵੀ ਬਹੁਤ ਜ਼ਿਆਦਾ ਹੁੰਦਾ ਹੈ। ਸੁਪਰ ਸਕਸ਼ਨ ਮਸ਼ੀਨ ਰਾਹੀਂ ਸੀਵਰੇਜ ਲਾਈਨ ਦੀ ਕੀਤੀ ਗਈ ਸਫਾਈ ਨੂੰ ਸਰਕਾਰੀ ਅਧਿਕਾਰੀ ਅਗਲੇ ਹੀ ਦਿਨ ਸੀਸੀਟੀਵੀ ਕੈਮਰੇ ਨਾਲ ਚੈੱਕ ਕਰ ਸਕਦੇ ਹਨ। ਇਸ ਤਰ੍ਹਾਂ ਮੌਜੂਦਾ ਸਮੇਂ ਵਿੱਚ ਜਿਸ ਮਸ਼ੀਨ ਨਾਲ ਕੰਮ ਕਰਵਾਇਆ ਜਾ ਰਿਹਾ ਹੈ, ਉਹ ਮਹਿਜ਼ ਇੱਕ ਖਾਨਾਪੂਰਤੀ ਹੈ। ਇਹੀ ਕਾਰਨ ਹੈ ਕਿ ਪਠਾਨਕੋਟ ਸ਼ਹਿਰ ਦੇ ਜ਼ਿਆਦਾਤਰ ਖੇਤਰ ਦੀਆਂ ਆਬਾਦੀਆਂ ਸੀਵਰੇਜ ਲਾਈਨ ਦੇ ਜਾਮ ਹੋਣ ਦੀ ਸਮੱਸਿਆ ਤੋਂ ਬਹੁਤ ਪ੍ਰੇਸ਼ਾਨ ਹਨ ਅਤੇ ਗਲੀਆਂ ਵਿੱਚ ਸੀਵਰੇਜ ਦਾ ਬਦਬੂ ਮਾਰਦਾ ਪਾਣੀ ਘੁੰਮ ਰਿਹਾ ਹੈ। ਹਾਲਾਂਕਿ ਅਧਿਕਾਰੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਕੰਮ ਕਰ ਰਹੀ ਫਰਮ ਦੇ ਠੇਕੇਦਾਰ ਨੂੰ ਵੱਡੀ ਸੁਪਰ ਸਕਸ਼ਨ ਮਸ਼ੀਨ ਲਗਾਉਣ ਲਈ ਪੱਤਰ ਲਿਖ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਦੌਲਤਪੁਰ ਡਿਸਪੋਜ਼ਲ ਦੇ ਨਜ਼ਦੀਕ ਦਾ ਖੇਤਰ, ਲਮੀਨੀ ਦਾ ਪ੍ਰਤਾਪਨਗਰ ਇਲਾਕਾ, ਭਦਰੋਆ ਦੇ ਟਿਊਬਵੈਲ ਦੇ ਪਿੱਛੇ ਪੈਂਦੀ ਟੀਚਰ ਕਲੋਨੀ ਦਾ ਇਲਾਕਾ, ਢਾਂਗੂ ਰੋਡ, ਗੁਰੂ ਰਵਿਦਾਸ ਮੁਹੱਲਾ, ਸ਼ਿਵ ਨਰਾਇਣ ਕਲੌਨੀ, ਮਿਉਂਸਿਪਲ ਕਲੋਨੀ, ਚਾਰ ਮਰਲਾ ਕੁਆਟਰ, ਮੀਰਪੁਰ ਕਲੋਨੀ, ਮੁਹੱਲਾ ਕੱਚੇ ਕੁਆਟਰ ਆਦਿ ਦੇ ਇਲਾਕੇ ਸੀਵਰੇਜ ਜਾਮ ਦੀ ਸਮੱਸਿਆ ਨਾਲ ਬਹੁਤ ਹੀ ਪ੍ਰਭਾਵਿਤ ਹਨ। ਇਨ੍ਹਾਂ ਖੇਤਰਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਨਰਕ ਭਰੀ ਜ਼ਿੰਦਗੀ ਜਿਊ ਰਹੇ ਹਨ।
ਸੁਪਰ ਸਕਸ਼ਨ ਮਸ਼ੀਨ ਲਈ ਠੇਕੇਦਾਰ ਨੂੰ ਚਿੱਠੀ ਲਿਖੀ: ਜੁਆਇੰਟ ਕਮਿਸ਼ਨਰ
ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਸੁਰਜੀਤ ਸਿੰਘ ਅਤੇ ਵਧੀਕ ਐਕਸੀਅਨ ਪਰਮਜੋਤ ਸਿੰਘ ਨੇ ਕਿਹਾ ਕਿ ਕਿ ਸਫਾਈ ਦਾ ਕੰਮ ਮਿਨੀ ਸੁਪਰ ਸਕਸ਼ਨ ਮਸ਼ੀਨ ਨਾਲ ਹੋ ਰਿਹਾ ਹੈ ਪਰ ਫਿਰ ਵੀ ਉਨ੍ਹਾਂ ਸਬੰਧਤ ਠੇਕੇਦਾਰ ਨੂੰ ਸੁਪਰ ਸਕਸ਼ਨ ਮਸ਼ੀਨ ਲਾਉਣ ਲਈ ਚਿੱਠੀ ਲਿਖ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਢਾਈ-ਤਿੰਨ ਮਹੀਨੇ ਵਿੱਚ ਮੁਕੰਮਲ ਹੋ ਜਾਵੇਗਾ।