ਪਠਾਨਕੋਟ: ਘਰੇਲੂ ਨੌਕਰ ਨੇ ਕੀਤਾ ਸੀ ਪਤੀ-ਪਤਨੀ ਦਾ ਕਤਲ
ਐਨਪੀ. ਧਵਨ
ਪਠਾਨਕੋਟ, 10 ਜੂਨ
ਪਠਾਨਕੋਟ ਪੁਲੀਸ ਨੇ ਕੱਲ੍ਹ ਇਥੇ ਮਨਵਾਲ ਬਾਗ ਦੀ ਉੱਤਮ ਗਾਰਡਨ ਕਲੋਨੀ ਵਿੱਚ ਆਟਾ ਚੱਕੀ ਮਾਲਕਰਾਜ ਕੁਮਾਰ ਉਰਫ਼ ਕਾਲਾ ਅਤੇ ਉਸ ਦੀ ਪਤਨੀ ਚੰਪਾ ਦੇ ਦੋਹਰੇ ਕਤਲ ਦੇ ਮਾਮਲੇ ਵਿੱਚ ਮੁੱਖ ਮੁਲਜ਼ਮ ਬਲਵਿੰਦਰ ਸਿੰਘ ਉਰਫ਼ ਕਾਲੂ (30) ਦੀ ਪਛਾਣ ਕਰ ਲਈ ਹੈ, ਜੋ ਘਰੇਲੂ ਨੌਕਰ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਫਰਾਰ ਹੋ ਚੁੱਕਾ ਹੈ।
ਪੁਲੀਸ ਨੇ ਬਲਵਿੰਦਰ ਵੱਲੋਂ ਮੌਕੇ ‘ਤੋਂ ਫਰਾਰ ਹੋਣ ਲਈ ਵਰਤਿਆ ਗਿਆ ਐਕਟਿਵਾ ਸਕੂਟਰ ਵੀ ਬਰਾਮਦ ਕਰ ਲਿਆ ਹੈ, ਜਿਸ ਦੀ ਡਿੱਕੀ ਵਿੱਚੋਂ ਵਾਰਦਾਤ ਮੌਕੇ ਬਲਵਿੰਦਰ ਦੇ ਪਾਏ ਹੋਏ ਕੱਪੜੇ ਮਿਲੇ ਹਨ, ਜੋ ਖੂਨ ਨਾਲ ਲਿੱਬੜੇ ਹੋਏ ਹਨ। ਬਲਵਿੰਦਰ ਦੇ ਭੱਜਣ ਮੌਕੇ ਦੀ ਸੀਸੀਟੀਵੀ ਫੁਟੇਜ ਹਾਸਲ ਕਰਕੇ ਪੁਲੀਸ ਨੇ ਫਰਾਰ ਬਲਵਿੰਦਰ ਦੇ ਪੋਸਟਰ ਜਾਰੀ ਕਰਕੇ ਇਨਾਮੀ ਰਾਸ਼ੀ ਐਲਾਨੀ ਹੈ।
ਜ਼ਿਲ੍ਹਾ ਪੁਲੀਸ ਮੁਖੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਬਲਵਿੰਦਰ ਸਿੰਘ ਦਾ ਆਪਣੇ ਮਾਲਕ ਨਾਲ ਤਨਖ਼ਾਹ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਕਰਕੇ ਗੁੱਸੇ ਵਿੱਚ ਆਏ ਬਲਵਿੰਦਰ ਨੇ ਦੋਵੇਂ ਪਤੀ-ਪਤਨੀ ਦਾ ਕਤਲ ਕਰ ਦਿੱਤਾ। ਕੇਸ ਸਬੰਧੀ ਫੋਰੈਂਸਿਕ ਜਾਂਚ ਆਰੰਭ ਦਿੱਤੀ ਗਈ ਹੈ ਤੇ ਪੁਲੀਸ ਦੀਆਂ 5-6 ਟੀਮਾਂ ਮੁਲਜ਼ਮ ਦੀ ਭਾਲ ਵਿੱਚ ਜੁਟ ਗਈਆਂ ਹਨ। ਸੂਤਰਾਂ ਅਨੁਸਾਰ ਪੁਲੀਸ ਨੂੰ ਐਕਟਿਵ ਵਿੱਚੋਂ ਇੱਕ ਜਾਅਲੀ ਨੰਬਰ ਪਲੇਟ ਵੀ ਮਿਲੀ ਹੈ। ਪੋਸਟਮਾਰਟਮ ਮਗਰੋਂ ਅੱਜ ਦੋਵੇਂ ਲਾਸ਼ਾਂ ਦਾ ਸਸਕਾਰ ਕਰ ਦਿੱਤਾ ਗਿਆ ਹੈ।