ਪਠਾਨਕੋਟ: ਸਰਬਸੰਮਤੀਆਂ ਕਰਵਾਉਣ ’ਚ ਲੱਗਾ ਮੋਹਤਬਰਾਂ ਦਾ ‘ਜ਼ੋਰ’
ਐੱਨ ਪੀ ਧਵਨ
ਪਠਾਨਕੋਟ, 2 ਅਕਤੂਬਰ
ਪੰਜਾਬ ਦੇ ਕਈ ਖੇਤਰਾਂ ਅੰਦਰ ਸਰਪੰਚਾਂ ਦੀਆਂ ਸਰਬਸੰਮਤੀ ਨਾਲ ਚੋਣਾਂ ਕਰਵਾਉਣ ਲਈ ਬੋਲੀਆਂ ਲੱਗਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ ਪਰ ਪਠਾਨਕੋਟ ਜ਼ਿਲ੍ਹੇ ਅੰਦਰ ਅਜਿਹਾ ਮਾਮਲਾ ਅਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਜਦਕਿ ਇਸ ਜ਼ਿਲ੍ਹੇ ਅੰਦਰ ਬਿਨਾਂ ਪੈਸੇ ਦੇ ਸਰਬਸੰਮਤੀ ਕਰਵਾਉਣ ਲਈ ਪਿੰਡਾਂ ਦੇ ਮੋਹਤਬਰਾਂ ਦਾ ਵੱਧ ਜ਼ੋਰ ਲੱਗਾ ਹੋਇਆ ਹੈ। ਹੁਣ ਤੱਕ ਹਲਕਾ ਭੋਆ ਅੰਦਰ ਛੇ ਪੰਚਾਇਤਾਂ ਅਤੇ ਇੱਕ ਪੰਚਾਇਤ ਧਾਰ ਕਲਾਂ ਬਲਾਕ ਦੇ ਪਿੰਡ ਟੁੱਪਰ ਵਿੱਚ ਸਰਬਸੰਮਤੀ ਨਾਲ ਚੁਣੀ ਗਈ ਹੈ। ਜਾਣਕਾਰੀ ਅਨੁਸਾਰ ਭੋਆ ਹਲਕੇ ਦੇ ਉਝ ਦਰਿਆ ਦੇ ਪਾਰ ਪੈਂਦੇ ਪਿੰਡਾਂ ਕੋਟ ਭੱਟੀਆਂ, ਬਲੋਤਰ, ਸਰੋਟਾ, ਦਨਵਾਲ, ਕੋਟਲੀ, ਕਾਜੀ ਬਾੜਮਾ (ਝੜੋਲੀ), ਜੈਦਪੁਰ ਖੁਦਾਈਪੁਰ ਅਤੇ ਜੈਨਪੁਰ ਵਿੱਚ ਵੀ ਸਰਬਸੰਮਤੀ ਹੋਣ ਦੀਆਂ ਸੂਚਨਾਵਾਂ ਮਿਲ ਰਹੀਆਂ ਹਨ ਜਦਕਿ ਪਿੰਡ ਟੁੱਪਰ ਵਿੱਚ ਮਹਿਲਾ ਪ੍ਰਵੀਨ ਕੁਮਾਰੀ ਨੂੰ ਸਰਬਸੰਮਤੀ ਨਾਲ ਪਿੰਡ ਦੀ ਸਰਪੰਚ ਚੁਣਿਆ ਗਿਆ ਹੈ ਜਦਕਿ ਜੱਟੂ ਰਾਮ, ਦੇਵ ਰਾਜ, ਕਮਲੇਸ਼ ਦੇਵੀ, ਕਮਲਾ ਦੇਵੀ ਅਤੇ ਰਜਨੀ ਦੇਵੀ ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ।
ਚੋਣ ਅਮਲੇ ਦੀ ਪਹਿਲੀ ਚੋਣ ਰਿਹਰਸਲ ਅੱਜ
ਸ਼ਾਹਕੋਟ (ਪੱਤਰ ਪ੍ਰੇਰਕ): ਆਗਾਮੀ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਵਿੱਚ ਤਾਇਨਾਤ ਕੀਤੇ ਗਏ ਚੋਣ ਅਮਲੇ ਨੂੰ ਸਿਖਲਾਈ ਦੇਣ ਲਈ ਉਨ੍ਹਾਂ ਦੀ ਪਹਿਲੀ ਚੋਣ ਰਿਹਰਸਲ 3 ਅਕਤੂਬਰ ਨੂੰ ਸਰਕਾਰੀ ਕਾਲਜ ਸ਼ਾਹਕੋਟ ਵਿੱਚ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਚੋਣ ਪ੍ਰਬੰਧਾਂ ਦੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਦੂਜੀ ਰਿਹਰਸਲ 6 ਅਕਤੂਬਰ ਨੂੰ ਹੋਵੇਗੀ।