ਹੁਸ਼ਿਆਰਪੁਰ ਵਿੱਚ ਦੋ ਦੁਕਾਨਾਂ ਨੂੁੰ ਅੱਗ ਲੱਗੀ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 2 ਨਵੰਬਰ
ਸ਼ਹਿਰ ਵਿੱਚ ਦੋ ਵੱਖ-ਵੱਖ ਥਾਵਾਂ ’ਤੇ ਦੁਕਾਨਾਂ ਨੂੰ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਦੁਪਹਿਰ ਕਮਾਲਪੁਰ ਚੌਕ ਨੇੜੇ ਸਿਵਲ ਹਸਪਤਾਲ ਸੜਕ ’ਤੇ ਗਮੇਸ਼ ਡਿਸਪੋਜ਼ੇਬਲ ਦੀ ਦੁਕਾਨ ਨੂੰ ਅਚਾਨਕ ਅੱਗ ਲੱਗ ਗਈ। ਸੂਚਨਾ ਮਿਲਣ ’ਤੇ ਫ਼ਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਕਰੀਬ ਪੌਣੇ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਸਬੰਧੀ ਦੁਕਾਨ ਦੇ ਮਾਲਕ ਪੀੜਤ ਰਾਜੇਸ਼ ਕੁਮਾਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਸਾਰਾ ਸਟਾਕ ਅੱਗ ਦੀ ਭੇਟ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੈ।
ਦੂਜੀ ਘਟਨਾ ਦੇਰ ਰਾਤ ਕੱਚਾ ਟੋਭਾ ’ਚ ਵਾਪਰੀ ਜਿਸ ਦੌਰਾਨ ਕੱਪੜੇ ਦੇ ਇੱਕ ਗੁਦਾਮ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਰੈੱਡ ਰੋਡ ’ਤੇ ਸਥਿਤ ਨੈਸ਼ਨਲ ਰੈਕਸਿਨ ਕਲਾਥ ਹਾਊਸ ਵਾਲਿਆਂ ਦੇ ਇਸ ਗੁਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਘਟਨਾ ਸਬੰਧੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਨੇ ਮੌਕੇ ਉੱਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ।
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਦੀਵਾਲੀ ਦੇ ਮੱਦੇਨਜ਼ਰ ਪਟਾਕਿਆਂ ਕਾਰਨ ਵਾਪਰੀ। ਗੁਦਾਮ ਦੇ ਮਾਲਕ ਪੀੜਤ ਪ੍ਰਦੀਪ ਨਕੜਾ ਨੇ ਦੱਸਿਆ ਕਿ ਨੁਕਸਾਨ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਕੂੜਾ ਡੰਪ ਤੋਂ ਲੱਗੀ ਅੱਗ ਕਾਰਨ ਪੁਲੀਸ ਵੱਲੋਂ ਜ਼ਬਤ ਵਾਹਨ ਸੜੇ
ਸ਼ਾਹਕੋਟ (ਗੁਰਮੀਤ ਖੋਸਲਾ): ਇੱਥੇ ਲੋਹੀਆਂ ਖਾਸ ਵਿੱਚ ਬੀਤੀ ਰਾਤ ਕੂੜੇ ਦੇ ਡੰਪ ਨੂੰ ਲੱਗੀ ਅੱਗ ਕਾਰਨ ਥਾਣਾ ਲੋਹੀਆਂ ਖਾਸ ਦੀ ਪੁਲੀਸ ਵੱਲੋਂ ਜ਼ਬਤ ਕੀਤੇ ਵਾਹਨਾਂ ਵਿੱਚੋਂ ਪੌਣੀ ਦਰਜਨ ਵਾਹਨ ਸੜ ਗਏ। ਪ੍ਰਾਪਤ ਜਾਣਕਾਰੀ ਮੁਤਾਬਕ ਲੋਹੀਆਂ ਖਾਸ ਵਿੱਚ ਕਸਬੇ ਦਾ ਕੂੜਾ ਇਕੱਠਾ ਕਰਨ ਲਈ ਬਣਾਏ ਡੰਪ ਉੱਪਰ ਕਿਸੇ ਵੱਲੋਂ ਚਲਾਇਆ ਪਟਾਕਾ ਡਿੱਗ ਗਿਆ ਜਿਸ ਕਾਰਨ ਢੇਰ ਨੂੰ ਅੱਗ ਲਗ ਗਈ। ਅੱਗ ਨੇ ਪੁਲੀਸ ਵੱਲੋਂ ਜ਼ਬਤ ਕੀਤੇ ਵਾਹਨਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਸੂਚਨਾ ਮਿਲਦਿਆਂ ਹੀ ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਵੀ ਫੋਰਸ ਨਾਲ ਮੌਕੇ ’ਤੇ ਪੁੱਜ ਗਏ। ਥਾਣਾ ਮੁਖੀ ਯਾਦਵਿੰਦਰ ਸਿੰਘ ਨੇ ਅੱਗ ’ਤੇ ਕਾਬੂ ਪਾਉਣ ਲਈ ਸ਼ਾਹਕੋਟ ਅਤੇ ਸੁਲਤਾਨਪੁਰ ਲੋਧੀ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ। ਲੰਬੀ ਜੱਦੋ-ਜਹਿਦ ਤੋਂ ਬਾਅਦ ਤੋਂ ਬਾਅਦ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਪਰ ਉਦੋਂ ਤੱਕ ਦੋ ਅਤੇ ਚਾਰ ਪਹੀਆ ਵਾਹਨ ਸੜ ਕੇ ਸੁਆਹ ਹੋ ਚੁੱਕੇ ਸਨ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਘਰ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਕਾਦੀਆਂ (ਮਕਬੂਲ ਅਹਿਮਦ): ਮੁਹੱਲਾ ਅਕਾਲਗੜ੍ਹ ਸਥਿਤ ਇੱਕ ਮਕਾਨ ਵਿੱਚ ਬੀਤੀ ਰਾਤ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਸਬੰਧੀ ਮਕਾਨ ਮਾਲਕਣ ਰਮਨ ਬਾਲਾ ਪਤਨੀ ਸਵਰਗਵਾਸੀ ਅਸ਼ਵਨੀ ਮਹਾਜਨ ਵਾਸੀ ਮੁਹੱਲਾ ਅਕਾਲਗੜ੍ਹ ਕਾਦੀਆਂ ਨੇ ਦੱਸਿਆ ਕਿ ਰਾਤ 12 ਵਜੇ ਉਹ ਆਪਣੇ ਘਰ ਦੀ ਉਪਰਲੀ ਮੰਜ਼ਿਲ ਵਿੱਚ ਜਾ ਕੇ ਸੌਂ ਗਈ ਸੀ। ਇਸ ਦੌਰਾਨ ਉਸ ਨੂੰ ਸਵੇਰੇ ਤੜਕੇ 4 ਵਜੇ ਗੁਆਂਢੀਆਂ ਦਾ ਫ਼ੋਨ ਆਇਆ ਕਿ ਹੇਠਲੀ ਮੰਜ਼ਿਲ ਦੇ ਕਮਰੇ ਤੋਂ ਧੂੰਆਂ ਨਿਕਲ ਰਿਹਾ ਹੈ। ਇਸ ਦੌਰਾਨ ਪਹਿਲਾਂ ਗੁਆਂਢੀਆਂ ਦੀ ਮਦਦ ਨਾਲ ਉਸ ਨੂੰ ਘਰ ਵਿੱਚੋਂ ਕੱਢਿਆ ਗਿਆ। ਲਗਪਗ ਦੋ ਘੰਟੇ ਦੀ ਮੁਸ਼ੱਕਤ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਇਸ ਹਾਦਸੇ ਵਿੱਚ ਉਸ ਦੇ ਘਰ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਉਸ ਨੇ ਦੱਸਿਆ ਕਿ ਉਸਦਾ ਲਗਪਗ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਦੌਰਾਨ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਦੱਸਣਯੋਗ ਹੈ ਕਿ ਇਹ ਹਾਦਸਾ ਦੀਵਾਲੀ ਵਾਲੀ ਰਾਤ ਨੂੰ ਵਾਪਰਿਆ।