ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਠਾਨਕੋਟ: ਚੈੱਕ ਡੈਮ ਕਾਰਨ ਚੱਕੀ ਦਰਿਆ ਨੇੜਲੀ ਉਪਜਾਊ ਜ਼ਮੀਨ ਖੁਰਨ ਲੱਗੀ

08:49 AM Aug 14, 2024 IST
ਚੈੱਕ ਡੈਮ ਚੋਂ ਲੰਘ ਰਹੇ ਹੜ੍ਹ ਦੇ ਪਾਣੀ ਕਾਰਨ ਉਪਜਾਊ ਜ਼ਮੀਨ ਨੂੰ ਲੱਗ ਰਿਹਾ ਖੋਰਾ।

ਐੱਨਪੀ ਧਵਨ
ਪਠਾਨਕੋਟ, 13 ਅਗਸਤ
ਨੈਸ਼ਨਲ ਹਾਈਵੇਅ ਅਥਾਰਿਟੀ ਵੱਲੋਂ ਚੱਕੀ ਦਰਿਆ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਚੈੱਕ ਡੈਮ ਕਾਰਨ ਪੰਜਾਬ ਦੇ ਹਰਿਆਲ ਪਿੰਡ ਦੇ ਦਰਿਆ ਕਿਨਾਰੇ ਦੀਆਂ ਜ਼ਮੀਨਾਂ ਖੁਰਨੀਆਂ ਸ਼ੁਰੂ ਹੋ ਗਈਆਂ ਹਨ ਜਦ ਕਿ ਡਰੇਨੇਜ ਵਿਭਾਗ ਨੇ ਇਸ ਮਾਮਲੇ ’ਤੇ ਚੁੱਪ ਵੱਟੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਅਤੇ ਹਿਮਾਚਲ ਨੂੰ ਜੋੜਨ ਵਾਲੇ ਚੱਕੀ ਦਰਿਆ ’ਤੇ ਸੜਕ ਨੂੰ ਚਾਰਮਾਰਗੀ ਕਰਨ ਲਈ ਬਣਾਇਆ ਜਾ ਰਿਹਾ ਪੁਲ ਅਤੇ ਰੇਲਵੇ ਦੇ ਨਿਰਮਾਣ ਅਧੀਨ ਪੁਲ ਨੂੰ ਰੁੜ੍ਹਨ ਤੋਂ ਬਚਾਉਣ ਲਈ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਚੈੱਕ ਡੈਮ ਬਣਾਇਆ ਹੈ। ਬੀਤੀ 11 ਅਗਸਤ ਨੂੰ ਜਦ ਚੱਕੀ ਦਰਿਆ ਵਿੱਚ 28 ਹਜ਼ਾਰ 200 ਕਿਊਸਿਕ ਪਾਣੀ ਆ ਜਾਣ ਕਾਰਨ ਹੜ੍ਹ ਆ ਗਿਆ ਸੀ ਜਿਸ ਕਾਰਨ ਪਾਣੀ ਨੇ ਚੈੱਕ ਡੈਮ ਦੇ ਹੇਠਾਂ ਪੈਂਦੀ ਹਰਿਆਲ ਪਿੰਡ ਦੀ ਜ਼ਮੀਨ ਨੂੰ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਚੱਕੀ ਦਰਿਆ ਦਾ ਅੱਧਾ ਹਿੱਸਾ ਪੰਜਾਬ ਵਿੱਚ ਪੈਂਦਾ ਹੈ ਅਤੇ ਅੱਧਾ ਹਿੱਸਾ ਹਿਮਾਚਲ ਵਿੱਚ। ਇਸ ਚੈੱਕ ਡੈਮ ਤੋਂ ਲੰਘਣ ਵਾਲੇ ਪਾਣੀ ਕਾਰਨ ਪੰਜਾਬ ਖੇਤਰ ਦੀ ਉਪਜਾਊ ਜ਼ਮੀਨ ਨੂੰ ਖੋਰਾ ਲੱਗ ਚੁੱਕਾ ਹੈ। ਜੇ ਪੰਜਾਬ ਦੇ ਡਰੇਨੇਜ ਵਿਭਾਗ ਨੇ ਜਲਦੀ ਹੀ ਕੋਈ ਕਦਮ ਨਾ ਚੁੱਕਿਆ ਤਾਂ ਇਹ ਸਾਰੀ ਜ਼ਮੀਨ ਮੌਨਸੂਨ ਸੀਜ਼ਨ ਦੌਰਾਨ ਆਉਣ ਵਾਲੇ ਹੜ੍ਹਾਂ ਦੀ ਭੇਟ ਚੜ੍ਹਨ ਦਾ ਖ਼ਦਸ਼ਾ ਹੈ। ਹਰਿਆਲ ਵਾਸੀ ਪ੍ਰਮੋਦ ਸਿੰਘ ਅਤੇ ਹੋਰ ਲੋਕਾਂ ਦਾ ਕਹਿਣਾ ਹੈ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਨੇ ਆਪਣੇ ਪੁਲਾਂ ਨੂੰ ਸੁਰੱਖਿਅਤ ਕਰਨ ਲਈ 100 ਕਰੋੜ ਦਾ ਚੈਕ ਡੈਮ ਤਾਂ ਬਣਾ ਦਿੱਤਾ ਪਰ ਇਸ ਦਾ ਖਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਚੈਕ ਡੈਮ ਤੋਂ ਲੰਘਣ ਵਾਲਾ ਹੜ੍ਹਾਂ ਦਾ ਪਾਣੀ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਰੋੜ੍ਹ ਕੇ ਲੈ ਜਾਵੇਗਾ। ਉਨ੍ਹਾਂ ਡਰੇਨੇਜ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀਆਂ ਰੁੜ੍ਹ ਰਹੀਆਂ ਜ਼ਮੀਨਾਂ ਨੂੰ ਸੁਰੱਖਿਅਤ ਕੀਤਾ ਜਾਵੇ।

Advertisement

Advertisement