ਪੀਏਸੀ ਮੀਟਿੰਗ: ਸੌਗਾਤਾ ਰੌਏ ਵੱਲੋਂ ਸੇਬੀ ਮੁਖੀ ਨੂੰ ਤਲਬ ਕਰਨ ਦੀ ਮੰਗ
ਨਵੀਂ ਦਿੱਲੀ, 10 ਸਤੰਬਰ
ਤ੍ਰਿਣਮੂਲ ਕਾਂਗਰਸ ਦੇ ਆਗੂ ਸੌਗਾਤਾ ਰੌਏ ਨੇ ਅੱਜ ਹਿੱਤਾਂ ਦੇ ਟਕਰਾਅ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸੇਬੀ ਮੁਖੀ ਮਾਧਵੀ ਪੁਰੀ ਬੁਚ ਨੂੰ ਸੰਸਦ ਦੀ ਲੋਕ ਲੇਖਾ ਕਮੇਟੀ (ਪੀਏਸੀ) ਕੋਲ ਤਲਬ ਕਰਨ ਦੀ ਮੰਗ ਕੀਤੀ ਹੈ। ‘ਜਲ ਜੀਵਨ ਮਿਸ਼ਨ’ ਦੇ ਕੰਮਕਾਜ ਦੇ ਆਡਿਟ ਲਈ ਸੱਦੀ ਗਈ ਮੀਟਿੰਗ ਵਿੱਚ ਰੌਏ ਨੇ ਕਿਹਾ ਕਿ ਬੁਚ ਨੂੰ ਕਮੇਟੀ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ। ਸੂਤਰਾਂ ਨੇ ਦੱਸਿਆ ਕਿ ਹਾਲਾਂਕਿ, ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਇਸ ਮੰਗ ’ਤੇ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਨਿਯਮਾਂ ਖ਼ਿਲਾਫ਼ ਹੈ। ਸੂਤਰਾਂ ਅਨੁਸਾਰ, ਦੂਬੇ ਨੇ ਮੀਟਿੰਗ ਵਿੱਚ ਕਿਹਾ ਕਿ ਕੈਗ ਦੇ ਪ੍ਰਮੁੱਖ ਆਡੀਟਰ ਕੇਂਦਰ ਸਰਕਾਰ ਦੇ ਆਦੇਸ਼ ਤੋਂ ਬਿਨਾਂ ਸੇਬੀ ਦਾ ਆਡਿਟ ਨਹੀਂ ਕਰ ਸਕਦੇ, ਇਸ ਲਈ ਪੀਏਸੀ ਵੀ ਰੈਗੂਲੇਟਰਾਂ ਦੇ ਅਧਿਕਾਰੀਆਂ ਨੂੰ ਵਿੱਤ ਨਾਲ ਸਬੰਧਤ ‘ਖ਼ਾਮੀਆਂ’ ਦੇ ਸਬੂਤ ਤੋਂ ਬਿਨਾਂ ਤਲਬ ਨਹੀਂ ਕਰ ਸਕਦੀ। ਸੂਤਰਾਂ ਦਾ ਕਹਿਣਾ ਹੈ ਕਿ ਦੂਬੇ ਨੇ ਕਿਹਾ ਸੀ ਕਿ ਸਭ ਤੋਂ ਪੁਰਾਣੀ ਸੰਸਦੀ ਕਮੇਟੀ ਹੋਣ ਕਾਰਨ ਪੀਏਸੀ ਦੇ ਆਪਣੇ ਪਰਿਭਾਸ਼ਿਤ ਨਿਯਮ ਹਨ ਅਤੇ ਜੇ ਖੁਦ ਨੋਟਿਸ ਲੈਣਾ ਹੈ ਤਾਂ ਇਸ ਨੂੰ ਸਬੂਤਾਂ ਤਹਿਤ ਸਾਬਤ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਅਮਰੀਕੀ ਕੰਪਨੀ ‘ਹਿੰਡਨਬਰਗ ਰਿਸਰਚ’ ਨੇ ਸਭ ਤੋਂ ਪਹਿਲਾਂ ਬੁਚ ’ਤੇ ਹਿੱਤਾਂ ਦੇ ਟਕਰਾਅ ਦਾ ਦੋਸ਼ ਲਾਇਆ ਸੀ। ਇਸ ਨੂੰ ਲੈ ਕੇ ਕਾਂਗਰਸ ਲਗਾਤਾਰ ਮਾਧਵੀ ਬੁਚ ’ਤੇ ਹਮਲੇ ਕਰ ਰਹੀ ਹੈ। ਹਾਲਾਂਕਿ ਮਾਧਵੀ ਬੁਚ ਨੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। -ਪੀਟੀਆਈ