For the best experience, open
https://m.punjabitribuneonline.com
on your mobile browser.
Advertisement

ਪਟੇਲ ਨੂੰ ਲੰਮੇ ਸਮੇਂ ਤੱਕ ‘ਭਾਰਤ ਰਤਨ’ ਤੋਂ ਵਾਂਝੇ ਰੱਖਿਆ: ਸ਼ਾਹ

07:26 AM Oct 30, 2024 IST
ਪਟੇਲ ਨੂੰ ਲੰਮੇ ਸਮੇਂ ਤੱਕ ‘ਭਾਰਤ ਰਤਨ’ ਤੋਂ ਵਾਂਝੇ ਰੱਖਿਆ  ਸ਼ਾਹ
ਨਵੀਂ ਦਿੱਲੀ ਵਿੱਚ ਝੰਡੀ ਦਿਖਾ ਕੇ ਦੌੜ ਸ਼ੁਰੂ ਕਰਵਾਉਂਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ। -ਫੋਟੋ: ਮਾਨਸ ਰੰਜਨ ਭੂਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 29 ਅਕਤੂਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਵੱਲੋਂ ਦੇਸ਼ ਲਈ ਦਿੱਤੇ ਯੋਗਦਾਨ ਨੂੰ ਮਿਟਾਉਣ ਅਤੇ ਘੱਟ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਨ੍ਹਾਂ ਨੂੰ ਲੰਮੇ ਤੱਕ ‘ਭਾਰਤ ਰਤਨ’ ਤੋਂ ਵਾਂਝੇ ਰੱਖਿਆ ਗਿਆ। ਸ਼ਾਹ ਨੇ ਪਟੇਲ ਦੀ ਜਯੰਤੀ ਤੋਂ ਦੋ ਦਿਨ ਪਹਿਲਾਂ ‘ਰਨ ਫਾਰ ਯੂਨਿਟੀ’ ਦੌੜ ਨੂੰ ਝੰਡੀ ਦੇ ਕੇ ਰਵਾਨਾ ਕਰਦਿਆਂ ਕਿਹਾ ਕਿ 550 ਤੋਂ ਵੱਧ ਰਿਆਸਤਾਂ ਨੂੰ ਇਕਜੁੱਟ ਕਰਨਾ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੀ ਦੂਰਅੰਦੇਸ਼ੀ ਸੋਚ ਦਾ ਹੀ ਨਤੀਜਾ ਸੀ। ਉਨ੍ਹਾਂ ਕਿਹਾ ਕਿ ਸਰਦਾਰ ਪਟੇਲ ਦੀਆਂ ਕੋਸ਼ਿਸ਼ਾਂ ਸਦਕਾ ਹੀ ਲਕਸ਼ਦੀਪ, ਜੂਨਾਗੜ੍ਹ, ਹੈਦਰਾਬਾਦ ਅਤੇ ਹੋਰ ਰਿਆਸਤਾਂ ਦਾ ਭਾਰਤ ਵਿੱਚ ਰਲੇਵਾਂ ਹੋਇਆ। ਇੱਥੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ, ‘ਪਰ ਦੇਸ਼ ਲਈ ਸਰਦਾਰ ਪਟੇਲ ਦੇ ਯੋਗਦਾਨ ਨੂੰ ਮਿਟਾਉਣ ਅਤੇ ਘੱਟ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੂੰ ‘ਭਾਰਤ ਰਤਨ’ ਤੋਂ ਵੀ ਲੰਮੇ ਸਮੇਂ ਤੱਕ ਵਾਂਝੇ ਰੱਖਿਆ ਗਿਆ।’
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਵੜੀਆ ਵਿੱਚ ਪਟੇਲ ਦੀ ਸਭ ਤੋਂ ਉੱਚੀ ਮੂਰਤੀ ਸਥਾਪਤ ਕਰਕੇ ਉਨ੍ਹਾਂ ਨੂੰ ਬਣਦਾ ਸਨਮਾਨ ਦਿੱਤਾ ਅਤੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਰੱਖਿਆ।
ਸਰਦਾਰ ਪਟੇਲ ਨੂੰ 1950 ਵਿੱਚ ਉਨ੍ਹਾਂ ਦੀ ਮੌਤ ਤੋਂ 41 ਸਾਲ ਬਾਅਦ 1991 ਵਿੱਚ ਦੇਸ਼ ਦੇ ਸਰਬਉੱਚ ਨਾਗਰਿਕ ਸਨਮਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ। ਸ਼ਾਹ ਨੇ ਕਿਹਾ ਕਿ ਦੇਸ਼ ਦੇ ਲੋਕ ਹੁਣ ਇਕਜੁੱਟ ਹਨ ਅਤੇ 2047 ਤੱਕ ਭਾਰਤ ਨੂੰ ਪੂਰੀ ਤਰ੍ਹਾਂ ਵਿਕਸਤ ਰਾਸ਼ਟਰ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੁਫਨੇ ਨੂੰ ਪੂਰਾ ਕਰਨ ਲਈ ਖੁਦ ਨੂੰ ਸਮਰਪਿਤ ਕਰ ਚੁੱਕੇ ਹਨ। ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਨੇ 2047 ਤੱਕ ਦੇਸ਼ ਨੂੰ ਪੂਰੀ ਤਰ੍ਹਾਂ ਵਿਕਸਤ ਕਰਨ ਦਾ ਟੀਚਾ ਰੱਖਿਆ ਹੈ।’
ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਜਨਮ ਅਤੇ ਮੌਤ ਦੀ ਆਸਾਨੀ ਨਾਲ ਆਰਜਿਸਟ੍ਰੇਸ਼ਨ ਲਈ ਇੱਕ ਮੋਬਾਈਲ ਐਪ ਲਾਂਚ ਕੀਤੀ। ਉਨ੍ਹਾਂ ਭਾਰਤ ਦੇ ਰਜਿਸਟਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ ਦੇ ਦਫ਼ਤਰ (ਜਨਗਣਨਾ ਭਵਨ) ਵਿੱਚ ਸਰਦਾਰ ਵੱਲਭ ਭਾਈ ਪਟੇਲ ਦੇ ਬੁੱਤ ਦਾ ਵੀ ਉਦਘਾਟਨ ਕੀਤਾ।

Advertisement

ਦੀਵਾਲੀ ਕਾਰਨ ਦੋ ਦਿਨ ਪਹਿਲਾਂ ਕਰਵਾਈ ਦੌੜ

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ‘ਰਨ ਫਾਰ ਯੂਨਿਟੀ’ ਆਮ ਤੌਰ ’ਤੇ ਪਟੇਲ ਦੀ ਜਯੰਤੀ ਮੌਕੇ 31 ਅਕਤੂਬਰ ਨੂੰ ਕਰਵਾਈ ਜਾਂਦੀ ਹੈ ਪਰ ਇਸ ਸਾਲ ਉਸ ਦਿਨ ਦੀਵਾਲੀ ਹੋਣ ਕਾਰਨ ਇਹ ਦੌੜ ਦੋ ਦਿਨ ਪਹਿਲਾਂ ਕਰਵਾਈ ਗਈ। ਗ੍ਰਹਿ ਮੰਤਰੀ ਨੇ ਕਿਹਾ, ‘ਅੱਜ ਧਨਤੇਰਸ ਹੈ ਅਤੇ ਅਸੀਂ ਇਸ ਸ਼ੁਭ ਮੌਕੇ ’ਤੇ ਦੌੜ ਕਰਵਾ ਰਹੇ ਹਾਂ।’ ਮੋਦੀ ਸਰਕਾਰ 2014 ਤੋਂ ਹਰ ਸਾਲ 31 ਅਕਤੂਬਰ ਨੂੰ ‘ਕੌਮੀ ਏਕਤਾ ਦਿਵਸ’ ਵਜੋਂ ਮਨਾ ਰਹੀ ਹੈ।

Advertisement

Advertisement
Author Image

joginder kumar

View all posts

Advertisement