ਪਤੰਜਲੀ ਇਸ਼ਤਿਹਾਰਬਾਜ਼ੀ ਮਾਮਲਾ: ਰਾਮਦੇਵ ਤੇ ਬਾਲਕ੍ਰਿਸ਼ਨ ਸੁਪਰੀਮ ਕੋਰਟ ’ਚ ਪੇਸ਼
ਨਵੀਂ ਦਿੱਲੀ, 2 ਅਪਰੈਲ
ਯੋਗ ਗੁਰੂ ਰਾਮਦੇਵ ਅਤੇ ਪਤੰਜਲੀ ਆਯੁਰਵੇਦ ਦੇ ਪ੍ਰਬੰਧ ਨਿਰਦੇਸ਼ਕ (ਐੱਮਡੀ) ਆਚਾਰੀਆ ਬਾਲਕ੍ਰਿਸ਼ਨ ਅੱਜ ਸੁਪਰੀਮ ਕੋਰਟ ਵਿੱਚ ਉਸ ਕਾਰਨ ਦੱਸੋ ਨੋਟਿਸ ਦੇ ਸਬੰਧ ਵਿੱਚ ਪੇਸ਼ ਹੋਏ, ਜਿਸ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇ। ਅਦਾਲਤ ਨੇ 19 ਮਾਰਚ ਨੂੰ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਪਤੰਜਲੀ ਆਯੁਰਵੇਦ ਉਤਪਾਦਾਂ ਦੇ ਇਸ਼ਤਿਹਾਰਾਂ ਅਤੇ ਉਨ੍ਹਾਂ ਦੇ ਦਵਾਈਆਂ ਦੇ ਪ੍ਰਭਾਵ ਨਾਲ ਸਬੰਧਤ ਮਾਣਹਾਨੀ ਦੀ ਕਾਰਵਾਈ ਵਿੱਚ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਕਿਹਾ ਸੀ। ਬੈਂਚ ਨੇ ਕੰਪਨੀ ਅਤੇ ਬਾਲਕ੍ਰਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਅਦਾਲਤੀ ਨੋਟਿਸ ਦਾ ਜਵਾਬ ਦਾਇਰ ਨਾ ਕਰਨ ਦਾ ਸਖ਼ਤ ਨੋਟਿਸ ਲਿਆ ਸੀ। ਇਹ ਮਾਮਲਾ ਅੱਜ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਹਿਸਾਨੁਦੀਨ ਅਮਾਨਉੱਲ੍ਹਾ ਦੀ ਬੈਂਚ ਸਾਹਮਣੇ ਸੁਣਵਾਈ ਲਈ ਆਇਆ। ਬੈਂਚ ਨੇ ਪੁੱਛਿਆ, ‘ਕੀ ਉਹ ਦੋਵੇਂ ਹਾਜ਼ਰ ਹਨ?’ ਰਾਮਦੇਵ ਵੱਲੋਂ ਪੇਸ਼ ਹੋਏ ਵਕੀਲ ਨੇ ਕਿਹਾ ਕਿ ਉਹ ਦੋਵੇਂ ਅਦਾਲਤ ਵਿੱਚ ਹਨ। ਬੈਂਚ ਨੇ ਕਿਹਾ ਕਿ ਪਤੰਜਲੀ ਵੱਲੋਂ ਜਾਰੀ ਕੀਤੇ ਗਏ ਇਸ਼ਤਿਹਾਰ ਦੇਸ਼ ਦੇ ‘ਕਾਨੂੰਨ ਦੇ ਦਾਇਰੇ’ ਵਿੱਚ ਹਨ।