ਭਾਜਪਾ ਸਰਕਾਰ ਬਣਨ ’ਤੇ ਪਾਰਟੀ ਕਾਰਕੁਨਾਂ ਨੇ ਲੱਡੂ ਵੰਡੇ
ਪੱਤਰ ਪ੍ਰੇਰਕ
ਕੁਰਾਲੀ, 10 ਜੂਨ
ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਅਤੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਤੋਂ ਭਾਜਪਾ ਦੀ ਸਥਾਨਕ ਮੰਡਲ ਇਕਾਈ ਵਲੋਂ ਲੱਡੂ ਵੰਡੇ ਗਏ। ਦੂਜੇ ਪਾਸੇ, ਰਵਨੀਤ ਬਿੱਟੂ ਦੇ ਕੇਂਦਰੀ ਮੰਤਰੀ ਬਣਨ ’ਤੇ ਸ਼ਹਿਰ ਅਤੇ ਇਲਾਕੇ ਦੇ ਕਾਂਗਰਸੀ ਵੀ ਬਾਗ਼ੋ-ਬਾਗ਼ ਹਨ।
ਸ਼ਹਿਰ ਦੇ ਸੀਨੀਅਰ ਭਾਜਪਾ ਆਗੂ ਹਰਮੇਸ਼ ਰਾਣਾ, ਮੰਡਲ ਪ੍ਰਧਾਨ ਅਭਿਸ਼ੇਖ ਗੁਪਤਾ, ਪ੍ਰਿੰਸ ਅਗਰਵਾਲ ਅਤੇ ਹੋਰਨਾਂ ਨੇ ਨਰਿੰਦਰ ਮੋਦੀ ਦੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਅਤੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਪੰਜਾਬ ਦੀ ਪ੍ਰਤੀਨਿਧਤਾ ਦੇਣ ਦੀ ਖੁਸ਼ੀ ਵਿੱਚ ਸਥਾਨਕ ਮੁੱਖ ਬਾਜ਼ਾਰ ਵਿੱਚ ਲੱਡੂ ਵੰਡੇ।
ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਭਾਵੇਂ ਭਾਜਪਾ ਦੀ ਸਥਾਨਕ ਇਕਾਈ ਵਲੋਂ ਭਾਵੇਂ ਲੱਡੂ ਵੰਡ ਕੇ ਖੁੁਸ਼ੀ ਦਾ ਇਜ਼ਹਾਰ ਕੀਤਾ ਗਿਆ ਪਰ ਬਿੱਟੂ ਦੇ ਮੰਤਰੀ ਬਣਨ ‘ਤੇ ਕਾਂਗਰਸੀ ਵੀ ਅੰਦਰੋਂ ਅੰਦਰੀ ਪੂਰੇ ਖੁਸ਼ ਹਨ। ਕਈ ਕਾਂਗਸੀਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਬਿੱਟੂ ਦੇ ਕੇਂਦਰੀ ਮੰਤਰੀ ਬਣਨ ਦੀ ਉਨ੍ਹਾਂ ਨੂੰ ਵੀ ਡਾਢੀ ਖੁਸ਼ੀ ਹੈ। ਉਨ੍ਹਾਂ ਨੇ ਸ੍ਰੀ ਬਿੱਟੂ ਨੂੰ ਵਧਾਈਆਂ ਦਿੱਤੀਆਂ।