ਹਰਿਆਣਾ ’ਚ ਪਾਰਟੀ ਆਗੂਆਂ ਦੇ ਿਨੱਜੀ ਹਿੱਤਾਂ ਕਾਰਨ ਹਾਰੇ: ਰਾਹੁਲ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 10 ਅਕਤੂਬਰ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਵਿਧਾਨ ਚੋਣਾਂ ’ਚ ਮਿਲੇ ਅਣਕਿਆਸੇ ਨਤੀਜਿਆਂ ਲਈ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਕਿਹਾ ਕਿ ਹਰਿਆਣਾ ’ਚ ਪਾਰਟੀ ਆਗੂਆਂ ਨੇ ਨਿੱਜੀ ਹਿੱਤਾਂ ਨੂੰ ਪਾਰਟੀ ਤੋਂ ਉੱਪਰ ਰੱਖਿਆ।
ਹਰਿਆਣਾ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਦੇ ਕਾਰਨਾਂ ਦੀ ਸਮੀਖਿਆ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ’ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਪਾਰਟੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਚੋਣਾਂ ਦੌਰਾਨ ਸੂਬਾਈ ਆਗੂਆਂ ਨੇ ਪਾਰਟੀ ਨਾਲੋਂ ਆਪਣੇ ਹਿੱਤਾਂ ਨੂੰ ਤਰਜੀਹ ਦਿੱਤੀ ਜਿਸ ਕਾਰਨ ਕਾਂਗਰਸ ਨੂੰ ਝਟਕਾ ਲੱਗਾ ਹੈ। ਮੀਟਿੰਗ ’ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਹਾਰ ਦੇ ਕਾਰਨਾਂ ਦਾ ਪਤਾ ਲਾਉਣ ਲਈ ਤਿੰਨ ਸੀਨੀਅਰ ਆਗੂਆਂ ਦੀ ਕਮੇਟੀ ਬਣਾਈ ਜਾਵੇਗੀ ਜੋ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਸੌਂਪੇਗੀ। ਇਹ ਕਮੇਟੀ ਹਰਿਆਣਾ ਦਾ ਦੌਰਾ ਕਰਕੇ ਸਥਾਨਕ ਆਗੂਆਂ ਨਾਲ ਚਰਚਾ ਕਰੇਗੀ। ਮੀਟਿੰਗ ਦੌਰਾਨ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਪ੍ਰਦੇਸ਼ ਪ੍ਰਧਾਨ ਉਦੈਭਾਨ, ਸੰਸਦ ਮੈਂਬਰ ਕੁਮਾਰੀ ਸ਼ੈਲਜਾ ਤੇ ਰਾਜ ਸਭਾ ਮੈਂਬਰ ਰਣਦੀਪ ਸਿੰਘ ਸੁਰਜੇਵਾਲ ਹਾਜ਼ਰ ਨਹੀਂ ਸਨ। ਸੂਤਰਾਂ ਮੁਤਾਬਕ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ, ਟਿਕਟਾਂ ਦੀ ਵੰਡ ਅਤੇ ਪ੍ਰਦੇਸ਼ ਇੰਚਾਰਜ ਦੀ ਭੂਮਿਕਾ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਰਾਹੁਲ ਗਾਂਧੀ ਨਾਰਾਜ਼ ਸਨ।
ਮੀਟਿੰਗ ’ਚ ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਚੋਣਾਂ ਲਈ ਕਾਂਗਰਸ ਦੇ ਸੀਨੀਅਰ ਅਬਜ਼ਰਵਰ ਅਸ਼ੋਕ ਗਹਿਲੋਤ ਤੇ ਅਜੈ ਮਾਕਨ ਵੀ ਹਾਜ਼ਰ ਸਨ। ਹਰਿਆਣਾ ਕਾਂਗਰਸ ਦੇ ਇੰਚਾਰਜ ਦੀਪਕ ਬਾਬਰੀਆ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ’ਚ ਸ਼ਾਮਲ ਹੋਏ।
ਮੀਟਿੰਗ ਮਗਰੋਂ ਮਾਕਨ ਨੇ ਪੱਤਰਕਾਰਾਂ ਨੂੰ ਕਿਹਾ, ‘ਇਸ ਮੀਟਿੰਗ ’ਚ ਹਰਿਆਣਾ ਦੇ ਚੋਣ ਨਤੀਜਿਆਂ ਦੀ ਸਮੀਖਿਆ ਕੀਤੀ ਗਈ। ਤੁਸੀਂ ਲੋਕ (ਮੀਡੀਆ) ਵੀ ਇਹ ਗੱਲ ਮੰਨਦੇ ਹੋਵੋਗੇ ਕਿ ਨਤੀਜੇ ਅਣਕਿਆਸੇ ਸਨ। ਐਗਜ਼ਿਟ ਪੋਲ ਤੇ ਅਸਲ ਨਤੀਜਿਆਂ ਵਿੱਚ ਜ਼ਮੀਨ-ਅਸਮਾਨ ਦਾ ਫਰਕ ਸੀ। ਅਸਲ ਕਾਰਨ ਕੀ ਹੋ ਸਕਦੇ ਹਨ, ਇਸ ’ਤੇ ਚਰਚਾ ਕੀਤੀ ਗਈ।’ ਉਨ੍ਹਾਂ ਕਿਹਾ ਕਿ ਅੱਗੇ ਦੇ ਕਦਮਾਂ ਦੀ ਜਾਣਕਾਰੀ ਬਾਅਦ ਵਿੱਚ ਦਿੱਤੀ ਜਾਵੇਗੀ। ਇਹ ਪੁੱਛੇ ਜਾਣ ’ਤੇ ਕਿ ਕੀ ਅੰਦਰੂਨੀ ਮਤਭੇਦਾਂ ਨੇ ਚੋਣਾਂ ’ਚ ਕਾਂਗਰਸ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾਇਆ ਹੈ, ਮਾਕਨ ਨੇ ਕਿਹਾ, ‘ਚੋਣ ਕਮਿਸ਼ਨ ਤੋਂ ਲੈ ਕੇ ਅੰਦਰੂਨੀ ਮਤਭੇਦਾਂ ਤੱਕ ਕਈ ਕਾਰਨ ਹਨ। ਅਸੀਂ ਉਨ੍ਹਾਂ ਸਾਰਿਆਂ ’ਤੇ ਚਰਚਾ ਕੀਤੀ ਹੈ।’ ਸਾਬਕਾ ਮੁੱਖ ਮੰਤਰੀਆਂ ਭੁਪਿੰਦਰ ਸਿੰਘ ਹੁੱਡਾ ਤੇ ਅਸ਼ੋਕ ਗਹਿਲੋਤ ਤੋਂ ਇਲਾਵਾ ਕੇਸੀ ਵੇਣੂਗੋਪਾਲ, ਜੈਰਾਮ ਰਮੇਸ਼, ਅਜੈ ਮਾਕਨ ਤੇ ਪਵਨ ਖੇੜਾ ਨੇ ਹਰਿਆਣਾ ਵਿਧਾਨ ਸਭਾ ਦੇ ਚੋਣ ਨਤੀਜਿਆਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। -ਪੀਟੀਆਈ