For the best experience, open
https://m.punjabitribuneonline.com
on your mobile browser.
Advertisement

ਪਾਰਸਾਈ

06:08 AM Nov 28, 2023 IST
ਪਾਰਸਾਈ
Advertisement

ਜਗਦੀਸ਼ ਕੌਰ ਮਾਨ

ਦੀਵਾਲੀ ਤੋਂ ਚਾਰ ਕੁ ਦਿਨ ਪਹਿਲਾਂ ਦੀ ਗੱਲ ਹੈ। ਬੱਚੇ ਸ਼ਾਪਿੰਗ ਕਰ ਕੇ ਵਾਹਵਾ ਰਾਤ ਗਈ ਲੁਧਿਆਣਿਉਂ ਮੁੜੇ। ‘ਹੁਣ ਵੀ ਆਏ, ਹੁਣ ਵੀ ਆਏ’ ਉਡੀਕ ਉਡੀਕ ਕੇ ਅੱਕ ਗਈ ਸਾਂ। ਜਦੋਂ ਤੱਕ ਉਹ ਵਾਪਸ ਆਏ, ਥੱਕ ਹਾਰ ਕੇ ਸੌਂ ਚੁੱਕੀ ਸਾਂ। ਸਰਦੀਆਂ ਵਾਸਤੇ ਖਰੀਦ ਕੇ ਲਿਆਂਦੇ ਗਰਮ ਕੱਪੜਿਆਂ ਵਾਲਾ ਕੈਰੀ ਬੈਗ ਤੇ ਦੋਸਤਾਂ ਮਿੱਤਰਾਂ ਨੂੰ ਦੇਣ ਵਾਸਤੇ ਲਿਆਂਦੇ ਦੀਵਾਲੀ ਵਾਲੇ ਤੋਹਫ਼ੇ ਉਹ ਘਰ ਦੇ ਅੰਦਰ ਲੈ ਆਏ ਸਨ ਪਰ ਕੁਝ ਸਾਮਾਨ ਬਾਹਰ ਵਰਾਂਡੇ ਵਿਚ ਰੱਖਿਆ ਹੋਇਆ ਸੀ। ਸਵੇਰ ਹੋਣ ਤੱਕ ਵੀ ਉਹ ਸਾਮਾਨ ਮੇਰੀ ਨਜ਼ਰੇ ਨਹੀਂ ਸੀ ਪਿਆ।
“ਵੱਡੀ ਮੰਮੀ! ਤੁਸੀਂ ਬਾਹਰ ਵਰਾਂਡੇ ’ਚ ਪਏ ਪੈਕਟ ਦੇਖੇ ਈ ਨਹੀਂ?” ਬੱਚਿਆਂ ਨੇ ਬੜੇ ਉਤਸ਼ਾਹ ਨਾਲ ਪੁੱਛਿਆ।
“ਨਹੀਂ ਪੁੱਤ! ਕੀ ਏ ਉਨ੍ਹਾਂ ’ਚ?”
“ਵੱਡੀ ਮੰਮੀ! ਪਟਾਕੇ ਨੇ ਉਨ੍ਹਾਂ ’ਚ। ਅਸੀਂ ਤਾਂ ਸੁਪਰ ਮਾਰਕੀਟ ਵਿਚ ਕੋਈ ਵਰਾਇਟੀ ਛੱਡੀ ਨਹੀਂ। ਤੁਸੀਂ ਦੇਖੋ ਤਾਂ ਸਹੀ ਬਾਹਰ ਆ ਕੇ।” ਉਹ ਬਾਹੋਂ ਖਿੱਚ ਕੇ ਮੈਨੂੰ ਪਟਾਕਿਆਂ ਦੇ ਪੈਕਟਾਂ ਕੋਲ ਲੈ ਗਏ।
ਮੈਂ ਦੇਖਿਆ, ਪਟਾਕਿਆਂ ਵਾਲੇ ਵੱਡੇ ਵੱਡੇ ਪੈਕਟਾਂ ਨਾਲ ਸਾਰਾ ਵਰਾਂਡਾ ਭਰਿਆ ਪਿਆ ਸੀ।
“ਕਿੰਨੇ ਕੁ ਪੈਸੇ ਖਰਚ ਆਏ ਹੋ ਇਨ੍ਹਾਂ ’ਤੇ?”
“ਵੱਡੀ ਮੰਮੀ, ਪੂਰੇ ਬਾਰਾਂ ਹਜ਼ਾਰ ਦੇ ਆਏ ਨੇ।” ਦੋਹਾਂ ਭੈਣ ਭਰਾਵਾਂ ਨੇ ਚਾਂਭਲ ਕੇ ਦੱਸਿਆ। ਮੇਰਾ ਉਪਰਲਾ ਸਾਹ ਉਪਰ ਤੇ ਹੇਠਲਾ ਸਾਹ ਹੇਠਾਂ ਹੀ ਰਹਿ ਗਿਆ: “ਹੈਂ! ਬਾਰਾਂ ਹਜ਼ਾਰ ਦੇ ਸਿਰਫ਼ ਪਟਾਕੇ!! ਜਿਨ੍ਹਾਂ ਨੇ ਮਿੰਟਾਂ ਵਿਚ ਹੀ ਧੂੰਂ-ਧੜੈਂ ਹੋ ਜਾਣਾ?”
ਸੁਣ ਕੇ ਮੂਡ ਹੀ ਖ਼ਰਾਬ ਹੋ ਗਿਆ ਸੀ। ਨਾਲ ਹੀ ਆਪਣੀ ਨੌਕਰੀ ਦੇ ਮੁਢਲੇ ਦਿਨਾਂ ਦਾ ਸਮਾਂ ਯਾਦ ਆ ਗਿਆ। ਵਿੱਤੀ ਸਾਲ ਦੇ ਅਖੀਰ ਵਿਚ ਸਰਲ ਫਾਰਮ ਭਰਨ ਲੱਗਿਆਂ ਸਾਲਾਨਾ ਆਮਦਨ ਦਾ ਜੋੜ ਕਰੀਦਾ ਸੀ ਤਾਂ ਮੇਰੀ ਸਾਰੇ ਸਾਲ ਦੀ ਤਨਖਾਹ ਦਾ ਕੁੱਲ ਜੋੜ ਬਾਰਾਂ ਹਜ਼ਾਰ ਰੁਪਏ ਤੋਂ ਘੱਟ ਹੀ ਰਹਿ ਜਾਂਦਾ ਸੀ; ਤੇ ਅੱਜ ਉਸੇ ਘਰ ਵਿਚ ਅੱਧੇ ਕੁ ਘੰਟੇ ਦੀ ਮਸਨੂਈ ਖੁਸ਼ੀ ਹਾਸਲ ਕਰਨ ਲਈ ਬਾਰਾਂ ਹਜ਼ਾਰ ਦੇ ਨੋਟਾਂ ਨੂੰ ਅੱਗ ਲਾਈ ਜਾ ਰਹੀ ਸੀ। ਪਟਾਕਿਆਂ ਵਿਚੋਂ ਨਿਕਲੇ ਜ਼ਹਿਰੀਲੇ ਰਸਾਇਣਕ ਧੂੰਏ ਨਾਲ ਜਿਸ ਪੱਧਰ ਤੱਕ ਵਾਤਾਵਰਨ ਪਲੀਤ ਕੀਤਾ ਜਾਂਦਾ ਹੈ, ਉਸ ਦਾ ਅੰਦਾਜ਼ਾ ਲਾਉਣਾ ਤਾਂ ਆਸਮਾਨ ’ਤੇ ਦਿਸਦੇ ਤਾਰਿਆਂ ਦੀ ਗਿਣਤੀ ਕਰਨ ਬਰਾਬਰ ਹੈ। ਵਾਤਾਵਰਨ ਪ੍ਰਦੂਸ਼ਤ ਕਰਨ ਦੇ ਨੁਕਤੇ ਨਿਗਾਹ ਤੋਂ ਸੋਚੀਏ ਤਾਂ ਅਸੀਂ ਭਲਾ ਨੁਕਸਾਨ ਕਿਸ ਦਾ ਕਰ ਰਹੇ ਹਾਂ? ਪੱਕੀ ਪਹੀ ਵਰਗੀ ਸਿੱਧੀ ਜਿਹੀ ਗੱਲ ਹੈ: ਮੂਰਖ ਸ਼ੇਖ ਚਿੱਲੀ ਵਾਂਗ ਅਸੀਂ ਉਹੀ ਟਾਹਣਾ ਕੱਟ ਰਹੇ ਹਾਂ ਜਿਸ ਉਪਰ ਖ਼ੁਦ ਬੈਠੇ ਹਾਂ। ਗੁਰਬਾਣੀ ਵਿਚ ਪਵਨ ਨੂੰ ਗੁਰੂ ਕਿਹਾ ਗਿਆ ਹੈ; ਜੇ ਸਿ਼ਸ਼ਾਂ (ਅਸੀਂ) ਨੇ ਅਜਿਹੀਆਂ ਹੁਲੜਬਾਜ਼ੀਆਂ ਸਦਕਾ ਗੁਰੂ ਹੀ ਬਿਮਾਰ ਕਰ ਦਿੱਤਾ, ਫਿਰ ਤੰਦਰੁਸਤ ਰਹਿ ਕੇ ਜਿਊਂਦੇ ਰਹਿਣ ਦਾ ਹੀਲਾ ਵਸੀਲਾ ਕਿੱਥੋਂ ਤੇ ਕਿਵੇਂ ਪ੍ਰਾਪਤ ਕਰਾਂਗੇ? ਪਟਾਕਿਆਂ ਦੀ ਠਾਹ ਠਾਹ ਤੋਂ ਪਹਿਲਾਂ ਕੀ ਕਦੇ ਕਿਸੇ ਨੇ ਸੋਚਿਆ ਕਿ ਕਈ ਘਰਾਂ ਵਿਚ ਗੰਭੀਰ ਬਿਮਾਰੀਆਂ ਨਾਲ ਪੀੜਤ ਮਰੀਜ਼ ਪਏ ਹੁੰਦੇ; ਕੀ ਪਤਾ ਕਿਸੇ ਦੁੱਖ ਵਿਚ ਪਏ ਪਾਸੇ ਮਾਰਦੇ ਮਰੀਜ਼ ਨੂੰ ਬੜੀ ਮੁਸ਼ਕਿਲ ਨਾਲ ਨੀਂਦ ਆਈ ਹੋਵੇ ਜਦੋਂ ਇਹ ਠਾਹ ਠਾਹ ਦਾ ਕੰਨ ਪਾੜਵਾਂ ਸ਼ੋਰ ਪੈਂਦਾ ਹੋਵੇਗਾ ਤਾਂ ਉਨ੍ਹਾਂ ਨੂੰ ਇਹ ਕਿੰਨੀ ਤਕਲੀਫ਼ ਦਿੰਦਾ ਹੋਵੇਗਾ! ਹੋ ਸਕਦੈ, ਇਕ ਵਾਰ ਖੁੰਝੀ ਨੀਂਦ ਮੁੜ ਆਵੇ ਹੀ ਨਾ। ਕਈ ਘਰਾਂ ਜਾਂ ਹਸਪਤਾਲਾਂ ਵਿਚ ਨਵਜੰਮੇ ਬਾਲ ਸੁੱਤੇ ਪਏ ਹੁੰਦੇ ਜਿਨ੍ਹਾਂ ਦੇ ਅਤਿ ਕੋਮਲ ਕੰਨਾਂ ਵਿਚ ਜਦੋਂ ਇਹ ਕੰਨ ਪਾੜਵੀਆਂ ਆਵਾਜ਼ਾਂ ਪੈਂਦੀਆਂ ਤਾਂ ਉਹ ਉਮਰ ਭਰ ਲਈ ਬਹਿਰੇ ਹੋ ਸਕਦੇ ਹਨ ਕਿਉਂਕਿ ਉਹ ਇੰਨੀ ਗਰਜਵੀਂ ਆਵਾਜ਼ ਸਹਿ ਸਕਣ ਦੇ ਸਮਰੱਥ ਹੀ ਨਹੀਂ ਹੁੰਦੇ। ਦੀਵਾਲੀ ਵਾਲੀ ਰਾਤ ਘਰਾਂ ਜਾਂ ਦੁਕਾਨਾਂ/ਗੋਦਾਮਾਂ ਵਿਚ ਅੱਗ ਲੱਗਣ ਦੇ ਜਿ਼ੰਮੇਵਾਰ ਵੀ ‘ਖੁਸ਼ੀ’ ਦੀ ਤਲਾਸ਼ ਵਿਚ ਨਿਕਲੇ ਲੋਕਾਂ ਵੱਲੋਂ ਚਲਾਏ ਜਾ ਰਹੇ ਇਹ ਪਟਾਕੇ ਹੀ ਹੁੰਦੇ।
... ਫਜ਼ੂਲ ਖਰਚੇ ਬਾਰਾਂ ਹਜ਼ਾਰ ਰੁਪਈਆਂ ਵਾਲੀ ਗੱਲ ਦਿਲ ਦਿਮਾਗ ’ਚੋਂ ਨਿਕਲ ਨਹੀਂ ਸੀ ਰਹੀ। ਮਨ ਨੂੰ ਬਥੇਰਾ ਸਮਝਾਇਆ- ਇਨ੍ਹਾਂ ਦੇ ਆਪਣੇ ਸ਼ੌਕ ਹਨ, ਆਪਣੀ ਮਰਜ਼ੀ ਹੈ, ਇਨ੍ਹਾਂ ਦੇ ਹੀ ਪੈਸੇ ਹਨ, ਉਡਾਈ ਜਾਣ ਜਿਵੇਂ ਉਡਾਉਣੇ, ਮੈਂ ਕੀ ਲੈਣਾ ਵਿਚੋਂ? ਪਰ ਵਕੀਲ ਮਨ ਦੀ ਦਲੀਲ ਫਿਰ ਫਣ ਚੁੱਕ ਖੜ੍ਹ ਗਈ: ਮੈਂ ਵੀ ਇਸ ਦੇਸ਼ ਦੀ ਨਾਗਰਿਕ ਹਾਂ, ਦੇਸ਼ ਤੇ ਸਮਾਜ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਸੋਚਣਾ ਮੇਰਾ ਫਰਜ਼ ਹੈ।... ਮਨ ਪੁਰਾਣੀਆਂ ਯਾਦਾਂ ਦੀ ਰੀਲ ਉਧੇੜ ਰਿਹਾ ਸੀ। ਵਿਆਹ ਦਾ ਵੇਲਾ ਯਾਦ ਆਇਆ ਜਦੋਂ ਛੇ ਸੌ ਰੁਪਏ ਤੋਲੇ ਦੇ ਹਿਸਾਬ ਨਾਲ ਮਾਪਿਆਂ ਨੇ ਦਸ ਤੋਲੇ ਸੋਨਾ ਖਰੀਦ ਕੇ ਵੀ ਦਸ ਹਜ਼ਾਰ ਰੁਪਈਆਂ ’ਚੋਂ ਕੱਪੜਾ ਲੀੜਾ ਖਰੀਦਣ ਜੋਗੀ ਰਕਮ ਬਚਾ ਲਈ ਸੀ। ਉਨ੍ਹਾਂ ਵੇਲਿਆਂ ਵਿਚ ਜੇ ਮਹਿੰਗਾਈ ਘੱਟ ਸੀ ਤਾਂ ਆਮਦਨ ਵੀ ਘੱਟ ਹੀ ਸੀ। ਮਸਾਂ ਹੱਥ ਘੁੱਟ ਕੇ ਮਹੀਨਾ ਲੰਘਾਉਣ ਜੋਗੀਆਂ ਉਜਰਤਾਂ ਮਿਲਦੀਆਂ ਸਨ। ਸਿਆਣੇ ਲੋਕ ਪੈਸੇ ਖਰਚਣ ਲੱਗੇ ਇਕ ਸੌ ਇਕ ਵਾਰ ਸੋਚਦੇ ਸਨ। ਲੋਕਾਂ ਅੰਦਰ ਸਾਦਗੀ ਸੀ, ਸੰਜਮ ਸੀ। ਚਾਦਰ ਦੇਖ ਕੇ ਪੈਰ ਪਸਾਰਦੇ ਸਨ। ਵਿਆਹਾਂ ਸ਼ਾਦੀਆਂ ਤੇ ਤਿਉਹਾਰਾਂ ਵਿਚ ਹੁਣ ਨਾਲੋਂ ਦੁੱਗਣੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਸਨ, ਰੌਣਕਾਂ ਵੀ ਵਾਧੂ ਹੁੰਦੀਆਂ ਸਨ ਤੇ ਸਭ ਤੋਂ ਵੱਡੀ ਗੱਲ: ਨਾ ਕੋਈ ਫਿ਼ਕਰ ਨਾ ਫਾਕਾ। ਹੁਣ ਕੋਈ ਉਮੀਦ ਹੀ ਨਹੀਂ ਕਿ ਉਹੀ ਸੱਭਿਆਚਾਰਕ ਰੀਤੀ ਰਿਵਾਜ, ਉਹੀ ਭਾਈਚਾਰਕ ਸਾਂਝ ਕਦੇ ਮੁੜ ਕੇ ਆ ਜਾਣਗੇ! ਸਮਾਜ ਵਿਚ ਤਾਂ ਸਗੋਂ ਹੋਰ ਨਿਘਾਰ ਤੇ ਵਿਗਾੜ ਆਉਣ ਦਾ ਖ਼ਦਸ਼ਾ ਹੈ। ਟੌਹਰ ਬਣਾਉਣ ਲਈ ਰੱਜ ਕੇ ਦਿਖਾਵਾ ਕੀਤਾ ਜਾਂਦਾ ਹੈ। ਕਿੰਨਾ ਚੰਗਾ ਹੋਵੇ ਜੇ ਦੀਵਾਲੀ ਵਾਲੀ ਰਾਤ ਦਸ ਵੀਹ ਪ੍ਰਦੂਸ਼ਣ ਰਹਿਤ ਗਰੀਨ ਪਟਾਕੇ ਚਲਾ ਕੇ ਸ਼ਗਨ ਮਨਾ ਲਿਆ ਕਰੀਏ ਤੇ ਫ਼ਜ਼ੂਲ ਖਰਚੀ ਵਾਲਾ ਪੈਸਾ ਲੋੜਵੰਦਾਂ ਦੇ ਬੱਚਿਆਂ ਦੀ ਪੜ੍ਹਾਈ ’ਤੇ ਲਾਈਏ; ਪੈਸੇ ਖੁਣੋਂ ਬਿਮਾਰ ਪਏ ਸਾਧਨਹੀਣ ਲੋਕਾਂ ਦੇ ਇਲਾਜ ਅਤੇ ਦਵਾਈਆਂ ’ਤੇ ਖਰਚ ਕਰੀਏ; ਠੰਢ ਨਾਲ ਠੁਰ ਠੁਰ ਕਰਦੇ ਸੜਕਾਂ ਕੰਢੇ ਸੌਂਦੇ ਬੇਘਰਿਆਂ ਵਾਸਤੇ ਕੰਬਲ ਖਰੀਦ ਕੇ ਉਨ੍ਹਾਂ ਨੂੰ ਬਿਮਾਰ ਹੋਣ ਤੋਂ ਬਚਾਈਏ। ਬਾਬੇ ਨਾਨਕ ਦੀਆਂ ਸਿੱਖਿਆਵਾਂ ’ਤੇ ਚਲਦਿਆਂ ਭੁੱਖਿਆਂ ਨੂੰ ਭੋਜਨ, ਲੋੜਵੰਦਾਂ ਨੂੰ ਕੱਪੜਾ ਲੀੜਾ ਤੇ ਨਿਆਸਰਿਆਂ ਨੂੰ ਆਸਰਾ ਦੇਈਏ।... ਸਮਝ ਜਾਵੋਗੇ ਤਾਂ ਚੰਗਾ ਰਹੇਗਾ, ਇਸੇ ਵਿਚ ਮਨੁੱਖਤਾ ਦੀ ਭਲਾਈ ਤੇ ਵਾਤਾਵਰਨ ਦੀ ਪਾਰਸਾਈ (ਪਾਕੀਜ਼ਗੀ) ਦਾ ਰਾਜ਼ ਹੈ।
ਸੰਪਰਕ: 78146-98117

Advertisement

Advertisement
Advertisement
Author Image

joginder kumar

View all posts

Advertisement