ਜ਼ਕਰਬਰਗ ਦੇ ਚੋਣਾਂ ਬਾਰੇ ਦਾਅਵੇ ਲਈ ਮੈਟਾ ਨੂੰ ਤਲਬ ਕਰੇਗੀ ਸੰਸਦੀ ਕਮੇਟੀ
ਨਵੀਂ ਦਿੱਲੀ:
ਸੂਚਨਾ ਤਕਨਾਲੋਜੀ ਅਤੇ ਸੰਚਾਰ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਨਿਸ਼ੀਕਾਂਤ ਦੂਬੇ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਕਮੇਟੀ ਮੈਟਾ ਮੁਖੀ ਮਾਰਕ ਜ਼ਕਰਬਰਗ ਨੂੰ ਭਾਰਤ ਦਾ ਅਕਸ ਖ਼ਰਾਬ ਕਰਨ ਵਾਲੇ ਦਿੱਤੇ ਬਿਆਨ ਲਈ ਤਲਬ ਕਰੇਗੀ। ਭਾਜਪਾ ਦੇ ਸੰਸਦ ਮੈਂਬਰ ਦੂਬੇ ਨੇ ਕਿਹਾ ਕਿ ਜ਼ਕਰਬਰਗ ਨੇ ਹਾਲ ਹੀ ਵਿੱਚ ਬਿਆਨ ਦਿੱਤਾ ਕਿ ਮੌਜੂਦਾ ਸਰਕਾਰ ਕੋਵਿਡ ਨਾਲ ਨਜਿੱਠਣ ਲਈ ਸਹੀ ਢੰਗ ਨਾਲ ਕਾਰਵਾਈ ਨਾ ਕਰਨ ਕਾਰਨ ਆਮ ਚੋਣਾਂ ਹਾਰ ਗਈ। ਦੂਬੇ ਨੇ ਐਕਸ ’ਤੇ ਕਿਹਾ, ‘ਮੇਰੀ ਕਮੇਟੀ ਇਸ ਗਲਤ ਜਾਣਕਾਰੀ ਲਈ ਮੈਟਾ ਨੂੰ ਜਵਾਬ ਦੇਣ ਲਈ ਬੁਲਾਏਗੀ। ਕਿਸੇ ਵੀ ਲੋਕਤੰਤਰੀ ਮੁਲਕ ਵਿੱਚ ਗ਼ਲਤ ਜਾਣਕਾਰੀ ਉਸ ਦੇ ਅਕਸ ਨੂੰ ਖ਼ਰਾਬ ਕਰਦੀ ਹੈ। ਉਸ ਅਦਾਰੇ ਨੂੰ ਇਸ ਗ਼ਲਤੀ ਲਈ ਭਾਰਤੀ ਸੰਸਦ ਅਤੇ ਇੱਥੋਂ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਵੇਗੀ।’ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਸ਼ਿਵਨੀ ਵੈਸ਼ਨਵ ਨੇ ਜ਼ਕਰਬਰਗ ’ਤੇ ਪਲਟਵਾਰ ਕਰਦਿਆਂ ਸੋਮਵਾਰ ਨੂੰ ਕਿਹਾ ਸੀ, ‘ਜ਼ਕਰਬਰਗ ਦਾ ਇਹ ਦਾਅਵਾ ਕਿ 2024 ਦੀਆਂ ਚੋਣਾਂ ਵਿੱਚ ਭਾਰਤ ਸਮੇਤ ਜ਼ਿਆਦਾਤਰ ਮੌਜੂਦਾ ਸਰਕਾਰਾਂ ਨੂੰ ਕਰੋਨਾ ਮਹਾਮਾਰੀ ਮਗਰੋਂ ਹਾਰ ਦਾ ਸਾਹਮਣਾ ਕਰਨਾ ਪਿਆ, ਤੱਥਾਂ ਅਨੁਸਾਰ ਗਲਤ ਹੈ।’ ਜ਼ਿਕਰਯੋਗ ਹੈ ਕਿ ਜ਼ਕਰਬਰਗ ਨੇ ਜੋਅ ਰੋਗਨ ਦੇ ਪੋਡਕਾਸਟ ’ਤੇ ਕਿਹਾ ਸੀ ਕਿ 2024 ਚੋਣਾਂ ਦੇ ਨਜ਼ਰੀਏ ਤੋਂ ਦੁਨੀਆ ਭਰ ਲਈ ਵੱਡਾ ਸਾਲ ਸੀ ਅਤੇ ਇਸ ਦੌਰਾਨ ਭਾਰਤ ਵਰਗੇ ਕਈ ਦੇਸ਼ਾਂ ’ਚ ਸੱਤਾਧਾਰੀ ਪਾਰਟੀਆਂ ਹਾਰ ਗਈਆਂ। 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਬਹੁਮਤ ਹਾਸਲ ਨਹੀਂ ਕਰ ਸਕੀ ਸੀ ਪਰ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੇ ਸੌਖਿਆਂ ਹੀ ਜਿੱਤ ਹਾਸਲ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲਗਾਤਾਰ ਤੀਜੇ ਕਾਰਜਕਾਲ ਦਾ ਰਾਹ ਪੱਧਰਾ ਕਰ ਦਿੱਤਾ ਸੀ। -ਪੀਟੀਆਈ