ਯੂਥ ਕਾਂਗਰਸ ਵੱਲੋਂ ਸੰਸਦ ਦਾ ਘਿਰਾਓ
ਪੱਤਰ ਪ੍ਰੇਰਕ
ਨਵੀਂ ਦਿੱਲੀ, 27 ਜੂਨ
ਇੰਡੀਅਨ ਯੂਥ ਕਾਂਗਰਸ ਨੇ ਨੀਟ-ਯੂਜੀ ਪ੍ਰੀਖਿਆ ਅਤੇ ਅਗਨੀਵੀਰ ਸਕੀਮ ਵਿੱਚ ਕਥਿਤ ਧਾਂਦਲੀ ਦੇ ਵਿਰੋਧ ਵਿਚ ਅੱਜ ਇਥੇ ਜੰਤਰ-ਮੰਤਰ ’ਤੇ ਰੋਸ ਪ੍ਰਦਰਸ਼ਨ ਕੀਤਾ। ਯੂਥ ਕਾਂਗਰਸ ਦੇ ਵਰਕਰ ਤਖ਼ਤੀਆਂ ਲੈ ਕੇ ਇਕੱਠੇ ਹੋਏ। ਆਗੂਆਂ ਨੇ ਨਾਅਰੇਬਾਜ਼ੀ ਕਰਦੇ ਹੋਏ ਪ੍ਰਭਾਵਿਤ ਵਿਦਿਆਰਥੀਆਂ ਲਈ ਜਵਾਬਦੇਹੀ ਅਤੇ ਨਿਆਂ ਦੀ ਲੋੜ ’ਤੇ ਜ਼ੋਰ ਦਿੱਤਾ। ਨੀਟ ਯੂਜੀ ਪ੍ਰੀਖਿਆ ਘੁਟਾਲੇ ਨੇ 24 ਲੱਖ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਨੂੰ ਹਨੇਰੇ ਵੱਲ ਧੱਕ ਦਿੱਤਾ ਹੈ।
ਰੋਸ ਪ੍ਰਦਰਸ਼ਨ ਦੌਰਾਨ ਕਾਂਗਰਸ ਪਾਰਟੀ ਦੇ ਕਈ ਸੀਨੀਅਰ ਆਗੂਆਂ, ਕਾਂਗਰਸ ਪਾਰਟੀ ਦੇ ਨਵੇਂ ਚੁਣੇ ਲੋਕ ਸਭਾ ਮੈਂਬਰਾਂ, ਯੂਥ ਕਾਂਗਰਸ ਦੇ ਕੌਮੀ ਅਹੁਦੇਦਾਰਾਂ ਅਤੇ ਸੂਬਾ ਪ੍ਰਧਾਨਾਂ ਅਤੇ ਕਈ ਯੂਥ ਕਾਂਗਰਸੀ ਵਰਕਰਾਂ ਨੇ ਸੰਸਦ ਦੇ ਘਿਰਾਓ ਵਿੱਚ ਸ਼ਮੂਲੀਅਤ ਕੀਤੀ। ਜੰਤਰ-ਮੰਤਰ ’ਤੇ ਇਕੱਠੇ ਹੋਏ ਵਰਕਰਾਂ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ। ਉਪਰੰਤ ਸਾਰੇ ਯੂਥ ਕਾਂਗਰਸੀ ਵਰਕਰ ਕੌਮੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਦੀ ਅਗਵਾਈ ’ਚ ਸੰਸਦ ਦਾ ਘਿਰਾਓ ਕਰਨ ਲਈ ਅੱਗੇ ਵਧੇ। ਦਿੱਲੀ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲੀਸ ਨੇ ਉਨ੍ਹਾਂ ’ਤੇ ਲਾਠੀਚਾਰਜ ਵੀ ਕੀਤਾ ਅਤੇ ਕਈ ਵਰਕਰਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਨੇ ਯੂਥ ਕਾਂਗਰਸ ਦੇ ਮੰਚ ਅੱਗੇ ਕੁਰਸੀਆਂ ਉਪਰ ਬੈਠੇ ਨੌਜਵਾਨਾਂ ਨੂੰ ਵੀ ਲਾਠੀਚਾਰਜ ਕਰ ਕੇ ਖਦੇੜ ਦਿੱਤਾ। ਪੁਲੀਸ ਮੁਲਾਜ਼ਮਾਂ ਨੇ ਕਈ ਨੌਜਵਾਨਾਂ ਨੂੰ ਬੇਰਹਿਮੀ ਨਾਲ ਕੁੱਟਿਆ।
ਇਸ ਮੌਕੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਨੇ ਕਿਹਾ ਕਿ ਨੀਟ ਪ੍ਰੀਖਿਆ ਵਿੱਚ ਘਪਲਾ 24 ਲੱਖ ਵਿਦਿਆਰਥੀਆਂ ਨਾਲ ਸਿਰਫ ਧੋਖਾ ਨਹੀਂ ਸਗੋਂ ਦੇਸ਼ ਦੀ ਮੈਡੀਕਲ ਪ੍ਰਣਾਲੀ ਅਤੇ ਦੇਸ਼ ਦੇ ਭਵਿੱਖ ਨਾਲ ਵੀ ਧੋਖਾ ਹੈ। ਹੋਰ ਬੁਲਾਰਿਆਂ ਨੇ ਵੀ ਕਿਹਾ ਕਿ ਸਰਕਾਰ ਨੀਟ ਪ੍ਰੀਖਿਆ ਦੇ ਨਤੀਜਿਆਂ ਵਿੱਚ ਪੇਪਰ ਲੀਕ ਅਤੇ ਧੋਖਾਧੜੀ ’ਤੇ ਚੁੱਪ ਹੈ। ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਸ਼ੱਕ ਦੇ ਘੇਰੇ ’ਚ ਹੈ, ਕਿਉਂਕਿ ਪੇਪਰ ਲੀਕ ਦਾ ਮਾਮਲਾ ਸਾਹਮਣੇ ਆਇਆ ਸੀ।