ਪੈਰਿਸ ਪੈਰਾਲੰਪਿਕ: ਪਹਿਲੀ ਵਾਰ ਕਈ ਪ੍ਰਾਪਤੀਆਂ ਸਦਕਾ ਸ਼ਕਤੀ ਵਜੋਂ ਉੱਭਰਿਆ ਭਾਰਤ
ਪੈਰਿਸ, 8 ਸਤੰਬਰ
ਦਿਵਿਆਂਗ ਪਰ ਬੇਮਿਸਾਲ ਦ੍ਰਿੜ੍ਹ ਇਰਾਦੇ ਵਾਲੇ ਭਾਰਤ ਦੇ ਪੈਰਾ ਅਥਲੀਟ ਆਪਣੀ ਪੈਰਾਲੰਪਿਕ ਮੁਹਿੰਮ ’ਤੇ ਮਾਣ ਮਹਿਸੂਸ ਕਰਨਗੇ ਕਿਉਂਕਿ ਜ਼ਿਆਦਾਤਰ ਸਥਾਪਤ ਨਾਮ ਉਮੀਦਾਂ ’ਤੇ ਖਰ੍ਹੇ ਉਤਰੇ ਅਤੇ ਬਹੁਤੇ ਖਿਡਾਰੀਆਂ ਨੇ ਆਪਣੇ ਹੀ ਰਿਕਾਰਡ ਤੋੜੇ ਅਤੇ 29 ਤਗ਼ਮੇ ਜਿੱਤ ਕੇ ਵੱਡੇ ਮੰਚ ’ਤੇ ਆਪਣੀ ਜਗ੍ਹਾ ਬਣਾਈ। ਭਾਰਤ ਨੇ ਕੁੱਲ 29 ਤਗ਼ਮੇ ਜਿੱਤੇ, ਜਿਨ੍ਹਾਂ ਵਿੱਚ ਸੱਤ ਸੋਨ ਤਗ਼ਮੇ ਹਨ, ਜੋ ਦੇਸ਼ ਲਈ ਪਹਿਲੀ ਵਾਰ ਹੋਇਆ ਹੈ। ਭਾਰਤ ਨੇ 2016 ਦੇ ਸੈਸ਼ਨ ਵਿੱਚ ਹੀ ਆਪਣੀ ਮੌਜੂਦਗੀ ਦਰਜ ਕਰਵਾਉਣੀ ਸ਼ੁਰੂ ਕੀਤੀ ਸੀ, ਜਿਸ ਵਿੱਚ ਦੇਸ਼ ਦੇ ਪੈਰਾ ਅਥਲੀਟ ਚਾਰ ਤਗ਼ਮੇ ਜਿੱਤ ਸਕੇ ਸੀ। ਇਸ ਮਗਰੋਂ ਟੋਕੀਓ ਵਿੱਚ ਪੈਰਾ ਖਿਡਾਰੀਆਂ ਨੇ 19 ਤਗ਼ਮੇ ਜਿੱਤੇ। ਪੰਜ ਖੇਡਾਂ ਵਿੱਚ ਕੁੱਲ 29 ਤਗ਼ਮਿਆਂ ਵਿੱਚੋਂ ਸਿਰਫ਼ ਟਰੈਕ ਐਂਡ ਫੀਲਡ ਮੁਕਾਬਲੇ ’ਚ ਹੀ 17 ਤਗ਼ਮੇ ਮਿਲੇ, ਜਿਸ ਨੇ ਯਕੀਨੀ ਬਣਾਇਆ ਕਿ ਦੇਸ਼ ਇਨ੍ਹਾਂ ਖੇਡਾਂ ਦੇ ਸਿਖਰਲੇ 20 ’ਚ ਸ਼ਾਮਲ ਰਿਹਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ’ਤੇ ਇੱਕ ਪੋਸਟ ਵਿੱਚ ਭਾਰਤੀ ਪੈਰਾ ਅਥਲੀਟਾਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤਾ। ਉਨ੍ਹਾਂ ਕਿਹਾ, ‘‘ਭਾਰਤ ਬਹੁਤ ਖੁਸ਼ ਹੈ ਕਿ ਸਾਡੇ ਪੈਰਾ ਅਥਲੀਟ 29 ਤਗ਼ਮੇ ਘਰ ਲਿਆਏ ਹਨ, ਜੋ ਕਿ ਪੈਰਾਲੰਪਿਕ ਵਿੱਚ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।’’ ਭਾਰਤ ਨੇ 84 ਮੈਂਬਰੀ ਦਲ ਵਿੱਚੋਂ ਦੌੜਾਕ ਪ੍ਰੀਤੀ ਪਾਲ ਨੇ ਮਹਿਲਾਵਾਂ ਦੀ 100 ਮੀਟਰ ਟੀ35 ਤੇ 200 ਮੀਟਰ ਟੀ35 ਸ਼੍ਰੇਣੀ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਪਹਿਲੀ ਵਾਰ ਜੂਡੋ ’ਚ ਤਗ਼ਮਾ ਮਿਲਿਆ। ਕਪਿਲ ਪਰਮਾਰ ਨੇ ਪੁਰਸ਼ ਜੂਡੋ ਦੇ 60 ਕਿਲੋ ਜੇ1 ਵਰਗ ਵਿੱਚ ਦੇਸ਼ ਲਈ ਕਾਂਸੇ ਦਾ ਪਹਿਲਾ ਤਗ਼ਮਾ ਜਿੱਤਿਆ। ਭਾਰਤ ਜੇਕਰ ਪੈਰਾ ਤੈਰਾਕਾਂ ਲਈ ਇੱਕ ਸਿਖਲਾਈ ਕੇਂਦਰ ਬਣਾ ਲਵੇ ਤਾਂ ਸਿਖਰਲੇ 10 ਵਿੱਚ ਜਗ੍ਹਾ ਬਣਾਉਣ ਦੀ ਉਮੀਦ ਰੱਖ ਸਕਦਾ ਹੈ ਕਿਉਂਕਿ ਪੈਰਿਸ ਵਿੱਚ ਸਿਰਫ਼ ਇੱਕ ਤੈਰਾਕ ਨੇ ਦੇਸ਼ ਦੀ ਅਗਵਾਈ ਕੀਤੀ। ਦੂਜੇ ਪਾਸੇ ਸਿਖਰ ’ਤੇ ਰਹੇ ਚੀਨ ਨੇ ਤੈਰਾਕੀ ਵਿੱਚ 20 ਸੋਨ ਤਗ਼ਮਿਆਂ ਸਣੇ 54 ਤਗ਼ਮੇ ਜਿੱਤੇ। -ਪੀਟੀਆਈ
ਅਸੀਂ ਵੀ ਬਰਾਬਰ ਸਨਮਾਨ ਦੇ ਹੱਕਦਾਰ: ਨਵਦੀਪ ਸਿੰਘ
ਛੋਟੇ ਕੱਦ ਦੇ ਨਵਦੀਪ ਸਿੰਘ ਨੂੰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ’ਚ ਆਪਣੇ ਪਿੰਡ ’ਚ ਕਈ ਮੁਸ਼ਕਲਾਂ ਦੇ ਨਾਲ-ਨਾਲ ਲੋਕਾਂ ਦੇ ਤਾਅਨਿਆਂ ਦਾ ਵੀ ਸਾਹਮਣਾ ਕਰਨਾ ਪਿਆ ਸੀ। ਚਾਰ ਫੁੱਟ ਚਾਰ ਇੰਚ ਕੱਦ ਦਾ 23 ਸਾਲਾ ਇਹ ਖਿਡਾਰੀ ਜੈਵਲਿਨ ਥਰੋਅ ਦੇ ਐੱਫ41 ਵਰਗ ’ਚ ਭਾਰਤ ਦਾ ਪਹਿਲਾ ਸੋਨ ਤਗ਼ਮਾ ਜੇਤੂ ਬਣਿਆ। ਨਵਦੀਪ ਨੇ ਆਪਣੇ ਵਰਗੇ ਪੈਰਾ ਖਿਡਾਰੀਆਂ ਲਈ ਉਸ ਤਰ੍ਹਾਂ ਦੇ ਸਨਮਾਨ ਦੀ ਮੰਗ ਕੀਤੀ ਜਿਵੇਂ ਦਾ ਆਮ ਖਿਡਾਰੀਆਂ ਨੂੰ ਮਿਲਦਾ ਹੈ। ਭਾਰਤੀ ਪੈਰਾਲੰਪਿਕ ਕਮੇਟੀ (ਪੀਸੀਆਈ) ਤਰਫ਼ੋਂ ਜਾਰੀ ਵੀਡੀਓ ਵਿੱਚ ਨਵਦੀਪ ਨੇ ਆਪਣਾ ਸੋਨ ਤਗ਼ਮਾ ਦਿਖਾਉਂਦਿਆਂ ਕਿਹਾ, ‘‘ਸਾਨੂੰ ਵੀ ਉਨਾਂ ਦਰਜਾ ਮਿਲਣਾ ਚਾਹੀਦਾ ਹੈ, ਮੈਂ ਵੀ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ।’’ ਉਸ ਨੇ ਕਿਹਾ, ‘‘ਮੇਰਾ ਉਦੇਸ਼ ਸਮਾਜ ਨੂੰ ਜਾਗਰੂਕ ਕਰਨਾ ਹੈ ਕਿ ਅਸੀਂ ਵੀ ਇਸ ਦੁਨੀਆ ਵਿੱਚ ਮੌਜੂਦ ਹਾਂ ਅਤੇ ਕਿਸੇ ਨੂੰ ਸਾਡਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ, ਜੋ ਅਕਸਰ ਹੁੰਦਾ ਹੈ। ਅਸੀਂ ਵੀ ਆਪਣੇ ਦੇਸ਼ ਦਾ ਮਾਣ ਵਧਾ ਸਕਦੇ ਹਾਂ।’’ ਨਵਦੀਪ 47.32 ਮੀਟਰ ਦੀ ਆਪਣੀ ਸਰਵੋਤਮ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਸੀ ਪਰ ਇਰਾਨ ਦੇ ਬੇਤ ਸਯਾਹ ਸਾਦੇਹ ਨੂੰ ਅਯੋਗ ਕਰਾਰ ਦਿੱਤੇ ਜਾਣ ਮਗਰੋਂ ਉਸ ਦੇ ਚਾਂਦੀ ਦੇ ਤਗ਼ਮੇ ਨੂੰ ਸੋਨੇ ’ਚ ਬਦਲ ਦਿੱਤਾ ਗਿਆ। ਸਯਾਹ ਨੂੰ ਵਾਰ-ਵਾਰ ਇਤਰਾਜ਼ਯੋਗ ਝੰਡਾ ਦਿਖਾਉਣ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਉਸ ਦੇ ਕਾਰਨਾਮਿਆਂ ਕਾਰਨ ਉਹ ਸੋਨ ਤਗ਼ਮਾ ਗੁਆ ਬੈਠਾ।