ਟੈਸਟ: ਭਾਰਤ ਵੱਲੋਂ ਆਸਟਰੇਲੀਆ ’ਤੇ ਸਭ ਤੋਂ ਵੱਡੀ ਜਿੱਤ ਦਰਜ
ਪਰਥ, 25 ਨਵੰਬਰ
ਕਪਤਾਨ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤ ਨੇ ਅੱਜ ਇੱਥੇ ਪਹਿਲੇ ਟੈਸਟ ਕ੍ਰਿਕਟ ਦੇ ਚੌਥੇ ਦਿਨ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਇਸ ਦੇਸ਼ ’ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਪੰਜ ਮੈਚਾਂ ਦੀ ਲੜੀ ਵਿੱਚ 1-0 ਨਾਲ ਲੀਡ ਲੈ ਲਈ ਹੈ। ਭਾਰਤ ਵੱਲੋਂ ਦਿੱਤੇ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ 238 ਦੌੜਾਂ ’ਤੇ ਢੇਰ ਹੋ ਗਈ।
ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਤਿੰਨ-ਤਿੰਨ, ਵਾਸ਼ਿੰਗਟਨ ਸੁੰਦਰ ਅਤੇ ਨਿਤੀਸ਼ ਕੁਮਾਰ ਰੈੱਡੀ ਨੇ ਦੋ-ਦੋ ਜਦਕਿ ਹਰਸ਼ਿਤ ਰਾਣਾ ਨੇ ਇੱਕ ਵਿਕਟ ਲਈ। ਆਸਟਰੇਲੀਆ ਲਈ ਸ਼ਾਨਦਾਰ ਲੈਅ ਵਿੱਚ ਚੱਲ ਰਹੇ ਟਰੈਵਿਸ ਹੈੱਡ ਨੇ ਸਭ ਤੋਂ ਵੱਧ 89 ਦੌੜਾਂ ਬਣਾਈਆਂ। ਉਸ ਨੇ ਸਟੀਵ ਸਮਿਥ (17) ਨਾਲ ਪੰਜਵੀਂ ਵਿਕਟ ਲਈ 62 ਦੌੜਾਂ ਅਤੇ ਮਿਸ਼ੇਲ ਮਾਰਸ਼ (47) ਨਾਲ ਛੇਵੀਂ ਵਿਕਟ ਲਈ 82 ਦੌੜਾਂ ਦੀ ਭਾਈਵਾਲੀ ਕੀਤੀ ਪਰ ਆਸਟਰੇਲੀਆ ਨੂੰ ਹਾਰ ਤੋਂ ਬਚਾਅ ਨਹੀਂ ਸਕਿਆ।
ਜ਼ਿਕਰਯੋਗ ਹੈ ਕਿ ਭਾਰਤ ਨੇ ਪਹਿਲੀ ਪਾਰੀ ਵਿੱਚ 150 ਦੌੜਾਂ ਬਣਾਉਣ ਮਗਰੋਂ ਆਸਟਰੇਲੀਆ ਨੂੰ 104 ਦੌੜਾਂ ’ਤੇ ਢੇਰ ਕਰਕੇ 46 ਦੌੜਾਂ ਦੀ ਲੀਡ ਲਈ ਸੀ। ਦੂਜੀ ਪਾਰੀ ਵਿੱਚ ਭਾਰਤ ਨੇ ਛੇ ਵਿਕਟਾਂ ’ਤੇ 487 ਦੌੜਾਂ ਬਣਾ ਕੇ ਆਸਟੇਰੀਲਆ ਨੂੰ 534 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਆਸਟਰੇਲੀਆ ਦੀ ਟੀਮ 238 ਦੌੜਾਂ ਹੀ ਬਣਾ ਸਕੀ। -ਪੀਟੀਆਈ
ਭਾਰਤ ਡਬਲਿਊਟੀਸੀ ਸੂਚੀ ਵਿੱਚ ਮੁੜ ਸਿਖ਼ਰ ’ਤੇ
ਦੁਬਈ:
ਭਾਰਤ ਅੱਜ ਪਰਥ ਵਿੱਚ ਖੇਡੇ ਗਏ ਪਹਿਲੇ ਟੈਸਟ ’ਚ ਆਸਟਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਿਊਟੀਸੀ) ਦੀ ਸੂਚੀ ਵਿੱਚ ਮੁੜ ਸਿਖਰ ’ਤੇ ਪਹੁੰਚ ਗਿਆ ਹੈ। ਘਰੇਲੂ ਜ਼ਮੀਨ ’ਤੇ ਨਿਊਜ਼ੀਲੈਂਡ ਖ਼ਿਲਾਫ਼ 0-3 ਦੀ ਕਰਾਰੀ ਹਾਰ ਤੋਂ ਬਾਅਦ ਭਾਰਤ ਦੂਜੇ ਸਥਾਨ ’ਤੇ ਖਿਸਕ ਗਿਆ ਸੀ। ਭਾਰਤ ਦੇ ਹੁਣ 15 ਮੈਚਾਂ ਵਿੱਚ ਨੌਂ ਜਿੱਤਾਂ, ਪੰਜ ਹਾਰਾਂ ਅਤੇ ਇੱਕ ਡਰਾਅ ਨਾਲ 110 ਅੰਕ (61.11 ਫੀਸਦ) ਹਨ। ਆਸਟਰੇਲੀਆ 57.69 ਫੀਸਦ ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਉਸ ਦੇ 13 ਮੈਚਾਂ ਵਿੱਚ ਅੱਠ ਜਿੱਤਾਂ, ਚਾਰ ਹਾਰਾਂ ਅਤੇ ਇੱਕ ਡਰਾਅ ਨਾਲ 90 ਅੰਕ ਹਨ। ਆਈਸੀਸੀ ਅਨੁਸਾਰ ਭਾਰਤ ਨੂੰ ਡਬਲਿਊਟੀਸੀ ਫਾਈਨਲ ਵਿੱਚ ਜਗ੍ਹਾ ਬਣਾਉਣ ਲਈ ਆਸਟਰੇਲੀਆ ਖ਼ਿਲਾਫ਼ ਬਾਕੀ ਰਹਿੰਦੇ ਚਾਰ ਟੈਸਟ ਮੈਚਾਂ ’ਚੋਂ ਤਿੰਨ ਜਿੱਤਣੇ ਪੈਣਗੇ। ਇਸੇ ਤਰ੍ਹਾਂ ਆਸਟਰੇਲੀਆ ਦੀ ਨਜ਼ਰ ਆਪਣੇ ਬਾਕੀ ਰਹਿੰਦੇ ਛੇ ’ਚੋਂ ਚਾਰ ਟੈਸਟ ਮੈਚ ਜਿੱਤ ਕੇ ਫਾਈਨਲ ’ਚ ਪਹੁੰਚਣ ਦੀ ਹੋਵੇਗੀ। ਪੈਟ ਕਮਿਨਸ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਭਾਰਤ ਖ਼ਿਲਾਫ਼ ਘਰੇਲੂ ਲੜੀ ਤੋਂ ਬਾਅਦ ਦੋ ਟੈਸਟ ਮੈਚਾਂ ਦੀ ਲੜੀ ਲਈ ਸ੍ਰੀਲੰਕਾ ਦਾ ਦੌਰਾ ਕਰੇਗੀ। -ਪੀਟੀਆਈ
1977 ’ਚ ਮੇਜ਼ਬਾਨ ਮੁਲਕ ਨੂੰ 222 ਦੌੜਾਂ ਨਾਲ ਦਿੱਤੀ ਸੀ ਸ਼ਿਕਸਤ
ਆਸਟਰੇਲੀਆ ਵਿੱਚ ਦੌੜਾਂ ਦੇ ਮਾਮਲੇ ’ਚ ਭਾਰਤ ਦੀ ਇਹ ਸਭ ਤੋਂ ਵੱਡੀ ਅਤੇ ਏਸ਼ੀਆ ਤੋਂ ਬਾਹਰ ਦੂਜੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਨੇ ਇਸ ਤੋਂ ਪਹਿਲਾਂ ਦਸੰਬਰ 1977 ਵਿੱਚ ਮੈਲਬਰਨ ’ਚ ਆਸਟਰੇਲੀਆ ਨੂੰ 222 ਦੌੜਾਂ ਨਾਲ ਹਰਾਇਆ ਸੀ। ਏਸ਼ੀਆ ਤੋਂ ਬਾਹਰ ਭਾਰਤ ਨੇ ਅਗਸਤ 2019 ਵਿੱਚ ਨਾਰਥ ਸਾਊਂਡ ’ਚ ਵੈਸਟਇੰਡੀਜ਼ ਖ਼ਿਲਾਫ਼ 318 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ।