ਪੁੱਤ ਦੀ ਮੌਤ ਦੇ ਇਨਸਾਫ਼ ਲਈ ਠੋਕਰਾਂ ਖਾ ਰਹੇ ਨੇ ਮਾਪੇ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 21 ਅਗਸਤ
ਨੇੜਲੇ ਪਿੰਡ ਰਣਧੀਰਗੜ੍ਹ (ਛੋਟਾ ਭੰਮੀਪੁਰਾ) ਨਾਲ ਸਬੰਧਤ ਪਰਿਵਾਰ ਆਪਣੇ ਨੌਜਵਾਨ ਪੁੱਤਰ ਦੇ ਕਥਿਤ ਕਾਤਲਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣ ਲਗਪਗ 9 ਮਹੀਨਿਆਂ ਤੋਂ ਦਰ-ਦਰ ਭਟਕ ਰਿਹਾ ਹੈ। ਪੀੜਤ ਪਿਤਾ ਬਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਊਸ ਦਾ ਪੁੱਤਰ ਦਇਆ ਸਿੰਘ (25) ਲੁਧਿਆਣਾ ਵਿਚ ਮੈਡੀਕਲ ਦੀ ਪੜ੍ਹਾਈ ਕਰਦਾ ਸੀ ਤੇ ਊੱਥੇ ਹੀ ਪੀਜੀ ’ਚ ਦੋਸਤਾਂ ਨਾਲ ਰਹਿੰਦਾ ਸੀ। 9 ਅਕਤੂਬਰ 2019 ਨੂੰ ਦਇਆ ਸਿੰਘ ਦੇ ਇੱਕ ਦੋਸਤ ਦਾ ਫੋਨ ਆਇਆ ਕਿ ਗਿੱਲਾਂ ਵਾਲੀ ਨਹਿਰ ’ਤੇ ਉਸ ਦਾ ਐਕਸੀਡੈਂਟ ਹੋ ਗਿਆ ਹੈ। ਜਦੋਂ ਪਰਿਵਾਰ ਊੱਥੇ ਪੁੱਜਾ ਤਾਂ ਪਤਾ ਲੱਗਾ ਕਿ ਊਹ ਘਟਨਾ 8 ਅਕਤੂਬਰ ਦੀ ਸੀ। ਉਸ ਦੀ ਮ੍ਰਿਤਕ ਦੇਹ ਸਰਕਾਰੀ ਹਸਪਤਾਲ ਲੁਧਿਆਣਾ ’ਚ ਪਈ ਸੀ।
ਇਸ ਸਬੰਧੀ ਜਦੋਂ ਥਾਣਾ ਸਿਮਲਾਪੁਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਾਰਵਾਈ ਦਾ ਭਰੋਸਾ ਦਿੱਤਾ ਸੀ। ਕਾਗਜ਼ੀ ਕਾਰਵਾਈ ਕਰਦਿਆਂ 10 ਅਕਤੂਬਰ ਨੂੰ ਦਇਆ ਸਿੰਘ ਦੀ ਲਾਸ਼ ਪੋਸਟਮਾਰਟਮ ਕਰ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ ਸੀ। ਊਨਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਮਾਮਲਾ ਸ਼ੱਕੀ ਤੇ ਕਤਲ ਦਾ ਜਾਪਦਾ ਹੋਣ ਕਰ ਕੇ ਊਹ ਕਈ ਵਾਰ ਥਾਣੇ ਨਾਲ ਸੰਪਰਕ ਕਰ ਚੁੱਕੇ ਹਨ। ਲੁਧਿਆਣਾ ਪੁਲੀਸ ਕਮਿਸ਼ਨਰ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਵੀ ਬਣਾਈ ਸੀ ਪਰ ਅਜੇ ਤਕ ਪਰਿਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਸੂਬਾ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਊਨ੍ਹਾਂ ਕਿਹਾ ਊਹ ਇਨਸਾਫ਼ ਲਈ ਅਦਾਲਤ ਦਾ ਬੂਹਾ ਖੜਕਾਊਣਗੇ।
ਮਾਮਲੇ ਦੀ ਪੜਤਾਲ ਕਰਾਂਗਾ: ਐੱਸਐੱਚਓ
ਇਸ ਸਬੰਧੀ ਐੱਸਐੱਚਓ ਵਰਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਪੁਰਾਣਾ ਹੈ, ਪਰ ਊਨ੍ਹਾਂ ਦੀ ਹੁਣੇ ਨਿਯੁਕਤੀ ਹੋਈ ਹੈ, ਇਸ ਲਈ ਇਹ ਮਾਮਲਾ ਊਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਊਹ ਇਸ ਬਾਰੇ ਪੜਤਾਲ ਕਰਨ ਊਪਰੰਤ ਹੀ ਕੁਝ ਦੱਸ ਸਕਦਾ ਹਾਂ।