For the best experience, open
https://m.punjabitribuneonline.com
on your mobile browser.
Advertisement

ਬੀੜ ਬਿਲਿੰਗ ’ਚ ਪੈਰਾਗਲਾਈਡਿੰਗ ਵਿਸ਼ਵ ਕੱਪ ਸ਼ੁਰੂ

08:58 AM Nov 03, 2024 IST
ਬੀੜ ਬਿਲਿੰਗ ’ਚ ਪੈਰਾਗਲਾਈਡਿੰਗ ਵਿਸ਼ਵ ਕੱਪ ਸ਼ੁਰੂ
ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਦੇ ਚੇਅਰਮੇੈਨ ਆਰ ਐੱਸ ਬਾਲੀ ਪੈਰਾਗਲਾਈਡਿੰਗ ਸਮਾਗਮ ਦਾ ਆਗਾਜ਼ ਕਰਦੇ ਹੋਏ। -ਫੋਟੋ: ਕਮਲਜੀਤ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਬਿਲਿੰਗ (ਧਰਮਸ਼ਾਲਾ), 2 ਨਵੰਬਰ
ਇੱਥੇ ਪੈਰਾਗਲਾਈਡਿੰਗ ਦਾ ਪੰਜ ਰੋਜ਼ਾ ਵਿਸ਼ਵ ਕੱਪ ਅੱਜ ਸ਼ੁਰੂ ਹੋਇਆ, ਜਿਸ ਵਿਚ 38 ਦੇਸ਼ਾਂ ਦੇ 105 ਪਾਇਲਟਾਂ ਨੇ ਹਿੱਸਾ ਲਿਆ, ਜੋ ਵੱਖ ਵੱਖ ਵਰਗਾਂ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਇਸ ਸਮਾਗਮ ਨੂੰ ਹਿਮਾਚਲ ਪ੍ਰਦੇਸ਼ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਚਪੀਟੀਡੀਸੀ) ਦੇ ਚੇਅਰਮੈਨ ਆਰਐਸ ਬਾਲੀ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪੈਰਾਗਲਾਈਡਿੰਗ ਨੂੰ ਉਤਸ਼ਾਹਿਤ ਕਰ ਰਹੀ ਹੈ ਤੇ ਇਸ ਵਿਸ਼ਵ ਕੱਪ ਦੀ ਮੇਜ਼ਬਾਨੀ ਹਿਮਾਚਲ ਪ੍ਰਦੇਸ਼ ਨੂੰ ਦਲੇਰਾਨਾ ਖੇਡਾਂ ਲਈ ਪ੍ਰਮੁੱਖ ਸਥਾਨ ਵਜੋਂ ਸਥਾਪਿਤ ਕਰੇਗੀ। ਉਨ੍ਹਾਂ ਬੀੜ ਪੈਰਾਗਲਾਈਡਿੰਗ ਐਸੋਸੀਏਸ਼ਨ ਲਈ 31 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਉਨ੍ਹਾਂ ਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਲਈ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੌਮਾਂਤਰੀ ਮੁਕਾਬਲਿਆਂ ਨਾਲ ਹਿਮਾਚਲ ਪ੍ਰਦੇਸ਼ ਵਿੱਚ ਸੈਰ ਸਪਾਟਾ ਨੂੰ ਵੀ ਹੁਲਾਰਾ ਮਿਲੇਗਾ। ਇਹ ਸਮਾਗਮ ਸੱਤ ਨਵੰਬਰ ਨੂੰ ਸਮਾਪਤ ਹੋਵੇਗਾ।
ਪੈਰਾਗਲਾਈਡਿੰਗ ਵਿਸ਼ਵ ਕੱਪ ਐਸੋਸੀਏਸ਼ਨ ਦੇ ਪ੍ਰਧਾਨ ਗੋਰਾਨ ਦਿਮਿਸ਼ਕੋਵਸਕੀ ਨੇ ਕਿਹਾ ਕਿ ਬੀੜ ਬਿਲਿੰਗ ਵਿਚ ਦੂਜੀ ਵਾਰ ਵਿਸ਼ਵ ਕੱਪ ਹੋ ਰਿਹਾ ਹੈ ਤੇ ਬੀੜ ਬਿਲਿੰਗ ਨੂੰ ਵਿਸ਼ਵ ਪੱਧਰ ’ਤੇ ਸਭ ਤੋਂ ਵਧੀਆ ਪੈਰਾਗਲਾਈਡਿੰਗ ਟੇਕ-ਆਫ ਸਾਈਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬੀੜ ਪੈਰਾਗਲਾਈਡਿੰਗ ਐਸੋਸੀਏਸ਼ਨ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਦਾ ਸਹਿਯੋਗ ਲਈ ਧੰਨਵਾਦ ਕਰਦਿਆਂ ਬੀੜ ਬਿਲਿੰਗ ਵਿਚ ਹੋਰ ਕੌਮਾਂਤਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੀ ਉਮੀਦ ਜਤਾਈ। ਇਸ ਮੌਕੇ ਮੁੱਖ ਸੰਸਦੀ ਸਕੱਤਰ ਅਤੇ ਕਾਂਗਰਸ ਦੇ ਵਿਧਾਇਕ ਬੈਜਨਾਥ ਕਿਸ਼ੋਰੀ ਲਾਲ, ਸਾਬਕਾ ਵਿਧਾਇਕ ਸੁਰਿੰਦਰ ਕਾਕੂ ਵੀ ਮੌਜੂਦ ਸਨ।

Advertisement

Advertisement
Advertisement
Author Image

Advertisement