ਪੈਰਾ ਖੇਡਾਂ: 1500 ਮੀਟਰ ਦੌੜ ’ਚ ਸਰਬਜੀਤ ਨੇ ਮਾਰੀ ਬਾਜ਼ੀ
ਖੇਤਰੀ ਪ੍ਰਤੀਨਿਧ
ਲੁਧਿਆਣਾ, 24 ਨਵੰਬਰ
ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਪੈਰਾ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਖੇਡ ਵਿਭਾਗ ਰਾਹੀਂ ਕਰਵਾਈਆਂ ਜਾ ਰਹੀਆਂ ਪੈਰਾ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਅੱਜ ਮਰਦਾਂ ਦੀ ਟੀ-45, 46 ਅਤੇ 47 ਕੈਟਾਗਰੀ ਦੀ 1500 ਮੀਟਰ ਦੌੜ ਵਿੱਚੋਂ ਪਟਿਆਲਾ ਦੇ ਸਰਬਜੀਤ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਨ੍ਹਾਂ ਖੇਡਾਂ ਤਹਿਤ ਲੁਧਿਆਣਾ ਵਿੱਚ ਰਾਜ ਪੱਧਰ ਦੇ ਅਥਲੈਟਿਕਸ, ਬੈਡਮਿੰਟਨ ਅਤੇ ਪਾਵਰ ਲਿਫਟਿੰਗ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। 25 ਨਵੰਬਰ ਨੂੰ ਇਨ੍ਹਾਂ ਖੇਡਾਂ ਦਾ ਆਖਰੀ ਦਿਨ ਹੈ। ਗੁਰੂ ਨਾਨਕ ਸਟੇਡੀਅਮ ਦੇ ਅਥਲੈਟਿਕਸ ਟਰੈਕ ਵਿੱਚ ਪੈਰਾ ਅਥਲੀਟਾਂ ਦੇ ਮੁਕਾਬਲਿਆਂ ਵਿੱਚ- ਟੀ 45,46,47 ਕੈਟਾਗਰੀ ਦੇ 1500 ਮੀਟਰ ਦੌੜ ਮੁਕਾਬਲੇ ਵਿੱਚ ਪਟਿਆਲਾ ਦੇ ਸਰਬਜੀਤ ਸਿੰਘ, ਲੁਧਿਆਣਾ ਦੇ ਸੁਮਿਤ ਕੁਮਾਰ ਅਤੇ ਗੁਰਦਾਸਪੁਰ ਦੇ ਜੋਗਾ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। 400 ਮੀਟਰ ਦੌੜ ਵਿੱਚ ਹੁਸ਼ਿਆਰਪੁਰ ਦੇ ਮਿਥੁਨ ਨੇ ਪਹਿਲਾ, ਸ੍ਰੀ ਫਤਿਹਗੜ੍ਹ ਸਾਹਿਬ ਦੇ ਆਮੀਤ ਕੁਮਾਰ ਨੇ ਦੂਜਾ ਜਦਕਿ ਸੰਗਰੂਰ ਦੇ ਗੁਰਹਰਮਨਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀ 46,47 ਕੈਟਾਗਿਰੀ ਦੇ 100 ਮੀਟਰ ਵਿੱਚ ਫਿਰੋਜਪੁਰ ਦੇ ਕਰਨਦੀਪ ਸਿੰਘ ਨੂੰ ਪਹਿਲਾ ਸਥਾਨ ਹਾਸਲ ਹੋਇਆ। ਐਫ 45,46,47 ਕੈਟਾਗਰੀ ਦੇ ਸਾਟਪੁੱਟ ਵਿੱਚ ਸੰਗਰੂਰ ਦੇ ਮੁਹੰਮਦ ਇਆਸਰ, ਮਾਨਸਾ ਦੇ ਬਲਵੀਰ ਸਿੰਘ ਅਤੇ ਸੁਖਵੀਰ ਸਿੰਘ ਨੇ, ਐਫ 47 ਕੈਟਾਗਰੀ ਦੇ ਲੰਮੀ ਛਾਲ ਮੁਕਾਬਲੇ ਵਿੱਚ ਹੁਸ਼ਿਆਰਪੁਰ ਦੇ ਮਿਥੁਨ, ਫਿਰੋਜ਼ਪੁਰ ਦੇ ਕਰਨਦੀਪ ਕੁਮਾਰ ਅਤੇ ਬਰਨਾਲਾ ਦੇ ਪਰਦੀਪ ਸਿੰਘ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀ-44 ਕੈਟਾਗਰੀ ਦੇ 100 ਮੀਟਰ ਵਿੱਚ ਜਲੰਧਰ ਦੇ ਸਤਿੰਦਰਪਾਲ, ਐਫ 54 ਕੈਟਾਗਰੀ ਦੇ ਸਾਟਪੁੱਟ ਈਵੈਂਟ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਬਲਜਿੰਦਰ ਸਿੰਘ ਨੇ, ਡਿਸਕਸ ਥਰੋ ਵਿੱਚ ਐਸਏਐਸ ਨਗਰ ਦੇ ਅਜੀਤ ਕੁਮਾਰ ਪਹਿਲੀਆਂ ਪੁਜੀਸ਼ਨਾਂ ਲਈਆਂ।