‘ਕਾਗਜ਼ੀ’ ਓਐੱਸਡੀ
ਡਾ. ਕਮਲੇਸ਼ ਸਿੰਘ ਦੁੱਗਲ
ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਤੋਂ 1982 ਵਿਚ ਐੱਮਐੱਸਸੀ ਕਰਨ ਬਾਅਦ ਪੂਰੇ ਸੱਤ ਸਾਲ ਰੋਡ-ਘਸਾਈ ਕੀਤੀ ਤਾਂ ਕਿ ਕਿਸੇ ਵਧੀਆ ਨੌਕਰੀ ਨੂੰ ਹੱਥ ਪੈ ਸਕੇ। ਅਸਲ ਵਿੱਚ ‘ਛੋਟੀ’ ਨੌਕਰੀ ਮੈਂ ਕਰਨੀ ਨਹੀਂ ਸੀ ਚਾਹੁੰਦਾ ਤੇ ‘ਵੱਡੀ’ ਆਪਣਾ ਪੱਲੂ ਨਹੀਂ ਸੀ ਫੜਾ ਰਹੀ। ਅਖ਼ੀਰ 1989 ’ਚ ਮੈਨੂੰ ਪੱਤਰਕਾਰੀ ਦੇ ਲੈਕਚਰਾਰ ਵਜੋਂ ਐਡਹਾਕ ਨੌਕਰੀ ਨਸੀਬ ਹੋਈ ਜੋ ਸਾਲ ਵਿੱਚ ਹੀ ਪੱਕੀ ਵਿੱਚ ਤਬਦੀਲ ਹੋ ਗਈ। ਨੌਕਰੀ ਮਿਲਦਿਆਂ ਹੀ ਮੈਂ ਪਹਿਲੇ ਦਿਨ ਤੋਂ ਹੀ ਆਪਣੇ ਕਾਲਜ ਦੇ ਨਵੇਂ ਸ਼ੁਰੂ ਹੋਏ ਪੱਤਰਕਾਰੀ ਵਿਭਾਗ ਦਾ ਅਣ-ਐਲਾਨਿਆ ਮੁਖੀ ਬਣ ਬੈਠਾ।
ਨੌਕਰੀ ਮਿਲਣ ਦੀ ਖੁਸ਼ੀ ਮੇਰੇ ਨਾਲੋਂ ਕਿਤੇ ਜਿ਼ਆਦਾ ਮੇਰੇ ਬੁਜ਼ਰਗ ਮਾਪਿਆਂ ਨੂੰ ਸੀ ਜਿਹੜੇ ਹੁਣ ਮੇਰੀ ਨੌਕਰੀ ਦੀ ਆਸ ਆਪਣੇ ਦਿਲੋ-ਦਿਮਾਗ ਵਿਚੋਂ ਪੂਰੀ ਤਰ੍ਹਾਂ ਕੱਢ ਚੁੱਕੇ ਸਨ। ਉਨ੍ਹਾਂ ਦੀ ਖ਼ਾਹਿਸ਼ ਸੀ ਕਿ ਮੈਂ ਵੀ ਆਪਣੇ ਭੈਣ ਭਰਾਵਾਂ ਵਾਂਗ ਆਪਣੇ ਪੈਰਾਂ ’ਤੇ ਖੜ੍ਹਾ ਹੋਵਾਂ। ਮੈਨੂੰ ਭੋਰਾ ਭਰ ਵੀ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਮੇਰੀ ਨੌਕਰੀ ਲਈ ਕਿੰਨੀਆਂ ਸੁਖਾਂ ਸੁਖੀਆਂ ਹੋਣਗੀਆਂ। ਪਰਿਵਾਰ ਵਿੱਚ ਸਭ ਤੋਂ ਛੋਟਾ ਹੋਣ ਕਰ ਕੇ ਵੱਡੀ ਚਿੰਤਾ ਉਨ੍ਹਾਂ ਨੂੰ ਮੇਰੀ ਹੀ ਸੀ; ਸੱਤ ਭੈਣ ਭਰਾਵਾਂ ਵਿਚੋਂ ਮੈਂ ਹੀ ਵਿਹਲੜਾਂ ਦੀ ਸ਼੍ੇਣੀ ਵਿੱਚ ਖੜ੍ਹਾ ਸੀ, ਉਪਰੋਂ ਉਨ੍ਹਾਂ ਨੂੰ ਇਹ ਡਰ ਵੀ ਸੀ ਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ, ਕਿਤੇ ਮੁੰਡਾ ਗ਼ਲਤ ਸੰਗਤ ’ਚ ਪੈ ਕੇ ਕੁਰਾਹੇ ਨਾ ਪੈ ਜਾਵੇ।
ਖ਼ੈਰ ਨੌਕਰੀ ਮਿਲਦਿਆਂ ਹੀ ਉਨ੍ਹਾਂ ਦੇ ਇਹ ਸ਼ੰਕੇ ਦੂਰ ਹੋ ਗਏ। ਹੁਣ ਉਹ ਬੜੇ ਮਾਣ ਨਾਲ ਲੋਕਾਂ ਨੂੰ ਦੱਸਦੇ ਕਿ ਛੋਟਾ ਪੁੱਤਰ ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਪੱਤਰਕਾਰੀ ਵਿਭਾਗ ’ਚ ਪ੍ਰੋਫੈਸਰ ਹੈ; ਹਾਲਾਂਕਿ ਪ੍ਰੋਫੈਸਰ ਦਾ ਅਹੁਦਾ ਮੈਨੂੰ 20-22 ਸਾਲਾਂ ਬਾਅਦ ਨਸੀਬ ਹੋਇਆ। ਮੇਰੇ ਬਾਪੂ ਜੀ ਨੇ ਮੈਨੂੰ ਇਹ ਅਹੁਦਾ ਪਹਿਲੇ ਦਿਨ ਤੋਂ ਹੀ ਨਿਵਾਜ ਦਿੱਤਾ ਸੀ।
ਮੇਰੀ ਪੱਕੀ ਨੌਕਰੀ ਲਈ ਇੰਟਰਵਿਊ ਦਿੱਲੀ ਯੂਨੀਵਰਸਿਟੀ ਵਿੱਚ ਹੋਈ। ਇਸ ਦਾ ਇਕ ਕਾਰਨ ਸੀ ਕਿ 1990ਵਿਆਂ ਵਿਚ ਪੰਜਾਬ ਕਾਲੇ ਦੌਰ ਵਿਚੋਂ ਗੁਜ਼ਰ ਰਿਹਾ ਸੀ। ਹਰ ਕੋਈ ਸ਼ਾਮ ਢਲਦਿਆਂ ਹੀ ਘਰਾਂ ਦੀ ਦਹਿਲੀਜ਼ ਅੰਦਰ ਦਾਖ਼ਲ ਹੋਣਾ ਚਾਹੁੰਦਾ ਸੀ। ਉਦੋਂ ਕੋਈ ਵੀ ਵਿਸ਼ਾ ਮਾਹਿਰ ਖਾਸਕਰ ਪੰਜਾਬੋਂ ਬਾਹਰ ਦਾ, ਅੰਮ੍ਰਿਤਸਰ ਆਉਣ ਨੂੰ ਰਾਜ਼ੀ ਨਹੀਂ ਸੀ ਹੁੰਦਾ। ਗੁਰੂ ਨਾਨਕ ਦੇਵ ਯੂਨੀਵਰਸਟੀ ਦੇ ਉਦੋਂ ਦੇ ਉਪ ਕੁਲਪਤੀ ਪ੍ਰੋ. ਗੁਰਦੀਪ ਸਿੰਘ ਰੰਧਾਵਾ ਨੇ ਦਿੱਲੀ ਵਿੱਚ ਇੰਟਰਵਿਊ ਰੱਖ ਕੇ ਇਸ ਦਾ ਤੋੜ ਲੱਭ ਲਿਆ ਸੀ। ਉਹ ਸਖ਼ਤ ਸੁਭਾਅ, ਅਨੁਸ਼ਾਸਨੀ ਤੇ ਕਦਰਾਂ-ਕੀਮਤਾਂ ਦੇ ਧਾਰਨੀ ਮੰਨੇ ਜਾਂਦੇ ਸੀ।
ਪ੍ਰੋ. ਰੰਧਾਵਾ ਦੇ ਉਪ ਕੁਲਪਤੀ ਵਜੋਂ ਦੂਜੀ ਮਿਆਦ ਖ਼ਤਮ ਹੋਣ ਤੋਂ ਬਾਅਦ ਪੰਜਾਬ ਸਰਕਾਰ ਨੇ ਉਪ ਕੁਲਪਤੀ ਦਾ ਵਾਧੂ ਚਾਰਜ ਉਸ ਵੇਲੇ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਸ੍ਰੀਵਾਸਤਵ ਨੂੰ ਸੌਂਪ ਦਿੱਤਾ। ਉਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਆਮ ਉਪ ਕੁਲਪਤੀਆਂ ਨਾਲੋਂ ਵੱਖਰਾ ਸੀ। ਉਹ ਚਾਹੁੰਦੇ ਸਨ ਕਿ ਜਲੰਧਰ ਵਿੱਚ ਸ਼ਾਨਦਾਰ ਮੀਡੀਆ ਸੈਂਟਰ ਹੋਵੇ ਜਿਹੜਾ ਆਧੁਨਿਕ ਸੰਚਾਰ ਸਾਧਨਾਂ ਨਾਲ ਲੈਸ ਹੋਵੇ। ਇਸ ਮੰਤਵ ਲਈ ਉਨ੍ਹਾਂ ਦਿੱਲੀ ਵਿੱਚ ਪ੍ਰੈੱਸ ਕਾਨਫਰੰਸ ਵੀ ਕੀਤੀ ਜਿਸ ਵਿਚ ਹੋਰ ਯੂਨੀਵਰਸਿਟੀ ਦੇ ਉਚ ਅਧਿਕਾਰੀਆਂ ਨਾਲ ਮੈਨੂੰ ਵੀ ਭੱਜ-ਦੌੜ ਕਰਨੀ ਪਈ। ਕੁਝ ਦਿਨਾਂ ਬਾਅਦ ਉਨ੍ਹਾਂ ਮੈਨੂੰ ਆਪਣੇ ਘਰ ਦੇ ਦਫਤਰ ਬੁਲਾਇਆ ਜਿਥੇ ਪਹਿਲਾਂ ਤੋਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ. ਬੱਤਰਾ ਤੇ ਰਜਿਸਟਰਾਰ ਡਾ. ਬਾਵਾ ਮੌਜੂਦ ਸਨ।
ਉਨ੍ਹਾਂ ਮੇਰੇ ਸਾਹਮਣੇ ਹੀ ਆਪਣੇ ਨਿੱਜੀ ਸੈਕਟਰੀ ਨੂੰ ਮੇਰਾ ‘ਆਫੀਸਰ ਆਨ ਸਪੈਸ਼ਲ ਡਿਊਟੀ’ ਵਾਲਾ ਨਿਯੁਕਤੀ ਪੱਤਰ ਟਾਈਪ ਕਰਨ ਲਈ ਕਿਹਾ ਤੇ ਮਿੰਟਾਂ ਸਕਿੰਟਾਂ ਵਿੱਚ ਹੀ ਹਰੇ ਪੈੱਨ ਨਾਲ ਦਸਤਖ਼ਤ ਕਰ ਕੇ ਓਐੱਸਡੀ ਵਾਲਾ ਨਿਯੁਕਤੀ ਪੱਤਰ ਮੇਰੇ ਹੱਥ ਫੜਾ ਦਿੱਤਾ। ਨਾਲ ਹੀ ਰਜਿਸਟਰਾਰ ਨੂੰ ਕਿਹਾ ਕਿ ਯੂਨੀਵਰਸਟੀ ’ਚ ਇਹਦੇ ਲਈ ਵਧੀਆ ਜਿਹੇ ਦਫ਼ਤਰ ਦਾ ਇੰਤਜ਼ਾਮ ਕਰ ਦਿਓ। ਉਦੋਂ ਓਐੱਸਡੀ ਦਾ ਅਹੁਦਾ ਬਹੁਤ ਮਹੱਤਵ ਰੱਖਦਾ ਸੀ।
ਅਗਲੇ ਦਿਨ ਕਈ ਅਖ਼ਬਾਰਾਂ ’ਚ ਖ਼ਬਰਾਂ ਛਪੀਆਂ ਕਿ ਪ੍ਰੋ. ਦੁੱਗਲ ਦੀ ਓਐੱਸਡੀ ਵਜੋਂ ਨਿਯੁਕਤੀ; ਕਈਆਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਕ ਪਲ ਤਾਂ ਮੈਂ ਆਪਣੇ ਆਪ ਨੂੰ ਯੂਨੀਵਰਸਿਟੀ ਦੇ ਆਲੀਸ਼ਾਨ ਦਫ਼ਤਰ ਦੇ ਵੱਡੇ ਮੇਜ਼ ਅਤੇ ਘੁੰਮਣ ਵਾਲੀ ਕੁਰਸੀ ’ਤੇ ਬੈਠਿਆ ਤਸੱਵੁਰ ਕੀਤਾ। ਕਈ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਮੇਰੀ ਇਸ ਨਿਯੁਕਤੀ ਦਾ ਸਵਾਗਤ ਕੀਤਾ। ਵਧਾਈਆਂ ਦਾ ਹੜ੍ਹ ਆ ਗਿਆ ਪਰ ਇਸ ਨਿਯੁਕਤੀ ’ਤੇ ਯੂਨੀਵਰਸਿਟੀ ਦੇ ਮੇਰੇ ਉਚ ਅਧਿਕਾਰੀ ਬਿਲਕੁਲ ਮੌਨ ਰਹੇ। ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ।
ਕੁਝ ਦਿਨਾਂ ਬਾਅਦ ਨਵੇਂ ਉਪ ਕੁਲਪਤੀ ਪ੍ਰੋਫੈਸਰ ਸੋਚ ਦੀ ਨਿਯੁਕਤੀ ਹੋ ਗਈ ਅਤੇ ਮੇਰੀ ਇਹ ਨਿਯੁਕਤੀ ਕੁਝ ਦਿਨਾਂ ਦੀ ਖੁਸ਼ੀ ਦੇ ਕੇ ਲੋਪ ਹੋ ਗਈ। ਫਿਰ ਇਕ ਦਿਨ ਮੈਂ ਪੱਤਰਕਾਰੀ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਕੇ ਸੇਵਾਮੁਕਤ ਹੋ ਗਿਆ। ਉਂਝ, ਤਸੱਲੀ ਵਾਲੀ ਗੱਲ ਇਹ ਹੈ ਕਿ ਅੱਜ ਕੱਲ੍ਹ ਮੈਂ ਬਕਾਇਦਾ ਚੋਣ ਕਮੇਟੀ ਦੀ ਇੰਟਰਵਿਊ ਤੋਂ ਬਾਅਦ ਇਕ ਕਾਲਜ ਵਿਚ ਪਿਛਲੇ 6 ਸਾਲ ਤੋਂ ਇਸੇ ਅਹੁਦੇ ’ਤੇ ਤਾਇਨਾਤ ਹਾਂ।
ਸੰਪਰਕ: 98098-30605