ਬਿਹਾਰ ਵਿਧਾਨ ਸਭਾ ਵਿੱਚ ਪੇਪਰ ਲੀਕ ਰੋਕੂ ਬਿੱਲ ਪਾਸ
ਪਟਨਾ, 24 ਜੁਲਾਈ
ਬਿਹਾਰ ਵਿਧਾਨ ਸਭਾ ਵਿੱਚ ਅੱਜ ਪੇਪਰ ਲੀਕ ਵਿਰੋਧੀ ਬਿੱਲ ਜ਼ੁਬਾਨੀ ਵੋਟ ਰਾਹੀਂ ਪਾਸ ਕੀਤਾ ਗਿਆ। ਇਸ ਦੌਰਾਨ ਵਿਰੋਧੀ ਧਿਰ ਨੇ ਸਦਨ ਵਿੱਚੋਂ ਵਾਕਆਊਟ ਕਰ ਦਿੱਤਾ।
ਬਿਹਾਰ ਵਿਧਾਨ ਸਭਾ ਵੱਲੋਂ ਅੱਜ ਬਿਹਾਰ ਲੋਕ ਪ੍ਰੀਖਿਆਵਾਂ (ਅਣਉਚਿਤ ਸਾਧਨਾਂ ਦੀ ਰੋਕਥਾਮ) ਬਿੱਲ, 2024 ਪਾਸ ਕੀਤਾ ਗਿਆ। ਇਹ ਬਿੱਲ ਸੂਬੇ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੈ ਕੁਮਾਰ ਚੌਧਰੀ ਵੱਲੋਂ ਪੇਸ਼ ਕੀਤਾ ਗਿਆ। ਇਸ ਦਾ ਮਕਸਦ ਸਰਕਾਰੀ ਭਰਤੀ ਪ੍ਰੀਖਿਆਵਾਂ ਵਿੱਚ ਗੜਬੜ ਨੂੰ ਰੋਕਣਾ ਹੈ। ਇਹ ਬਿੱਲ ਵਿਰੋਧੀ ਧਿਰ ਦੇ ਵਾਕਆਊਟ ਵਿਚਾਲੇ ਜ਼ੁਬਾਨੀ ਵੋਟ ਰਾਹੀਂ ਪਾਸ ਕੀਤਾ ਗਿਆ। ਇਸ ਬਿੱਲ ਵਿੱਚ ਗੜਬੜ ਕਰਨ ਵਾਲਿਆਂ ਲਈ ਸਜ਼ਾ ਦਾ ਪ੍ਰਬੰਧ ਹੈ, ਜਿਸ ਵਿੱਚ ਘੱਟੋ-ਘੱਟ 10 ਸਾਲ ਦੀ ਕੈਦ ਅਤੇ ਘੱਟੋ-ਘੱਟ ਇਕ ਕਰੋੜ ਰੁਪਏ ਜੁਰਮਾਨਾ ਸ਼ਾਮਲ ਕੀਤਾ ਗਿਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੌਧਰੀ ਨੇ ਕਿਹਾ, ‘‘ਅਸੀਂ ਸਦਨ ਵਿੱਚ ਕਿਹਾ ਹੈ ਕਿ ਪ੍ਰੀਖਿਆਵਾਂ ਵਿੱਚ ਗੜਬੜਾਂ ਅਤੇ ਗ਼ਲਤ ਸਾਧਨਾਂ ਦੇ ਇਸਤੇਮਾਲ ਖ਼ਿਲਾਫ਼ ਇਕ ਸਖ਼ਤ ਕਾਨੂੰਨ ਦੀ ਲੋੜ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਇਸ ਵੇਲੇ ਨੀਟ ਦਾ ਮੁੱਦਾ ਚੱਲ ਰਿਹਾ ਹੈ ਜੋ ਕਿ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਇਹ ਸਹੀ ਹੈ ਕਿ ਅੱਜ ਲੋਕ ਪ੍ਰੀਖਿਆਵਾਂ ਵਿੱਚ ਪਾਰਦਰਸ਼ਤਾ ਤੇ ਭਰੋਸੇਯੋਗਤਾ ਬਹਾਲ ਕਰਨ ਦੀ ਲੋੜ ਹੈ। ਉਹ ਲੋਕ ਜਿਹੜੇ ਕਿ ਨਾਵਾਜਬ ਸਾਧਨਾਂ ਦਾ ਇਸਤੇਮਾਲ ਕਰਦੇ ਹਨ, ਉਹ ਸਾਡੇ ਰਾਜ ਦੇ ਬੁੱਧੀਮਾਨ ਤੇ ਮਿਹਨਤੀ ਵਿਦਿਆਰਥੀਆਂ ਦੇ ਭਵਿੱਖ ਨਾਲ ਖੇਡਦੇ ਹਨ। ਤੁਸੀਂ ਇਸ ਬਿੱਲ ਵਿੱਚ ਦੇਖਿਆ ਹੋਣਾ, ਅਜਿਹੀਆਂ ਬੇਨਿਯਮੀਆਂ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਨਿਯਮ ਬਣਾਏ ਗਏ ਹਨ।’’ ਉਨ੍ਹਾਂ ਕਿਹਾ, ‘‘ਜੇ ਕੋਈ ਵੀ ਏਜੰਸੀ ਗੜਬੜਾਂ ਵਿੱਚ ਸ਼ਾਮਲ ਹੁੰਦੀ ਹੈ ਤਾਂ ਅਪਰਾਧੀਆਂ ਖ਼ਿਲਾਫ਼ 10 ਸਾਲ ਦੀ ਕੈਦ ਅਤੇ ਘੱਟੋ-ਘੱਟ ਇਕ ਕਰੋੜ ਰੁਪਏ ਦੇ ਜੁਰਮਾਨੇ ਦਾ ਪ੍ਰਸਤਾਵ ਹੈ। ਇਸ ਵਾਸਤੇ ਇਹ ਸਖ਼ਤ ਕਾਨੂੰਨ ਬਣਾਇਆ ਗਿਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਬਿਹਾਰ ਦੇ ਹੁਸ਼ਿਆਰ ਤੇ ਮਿਹਨਤੀ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।’’ ਇਹ ਬਿੱਲ ਕੌਮੀ ਟੈਸਟਿੰਗ ਏਜੰਸੀ ਵੱਲੋਂ ਕਰਵਾਈ ਗਈ ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਬੇਨਿਯਮੀਆਂ ਤੋਂ ਬਾਅਦ ਲਿਆਂਦਾ ਗਿਆ ਹੈ। -ਪੀਟੀਆਈ
ਵਿਰੋਧੀ ਧਿਰ ਦੀ ਮਹਿਲਾ ਵਿਧਾਇਕ ’ਤੇ ਭੜਕੇ ਨਿਤੀਸ਼
ਪਟਨਾ:
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅੱਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਇਕ ਮਹਿਲਾ ਵਿਧਾਇਕ ’ਤੇ ਭੜਕ ਗਏ। ਵਿਰੋਧੀ ਧਿਰ ਦੇ ਵਿਧਾਇਕ ਸਦਨ ਵਿੱਚ ਸਪੀਕਰ ਦੀ ਕੁਰਸੀ ਅੱਗੇ ਖੜ੍ਹੇ ਹੋ ਕੇ ਸੂਬੇ ਦੇ ਸੋਧੇ ਹੋਏ ਰਾਖਵੇਂਕਰਨ ਕਾਨੂੰਨਾਂ ਨੂੰ ਸੰਵਿਧਾਨ ਦੀ ਨੌਵੀਂ ਅਨੁਸੂਚੀ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਆਰਜੇਡੀ ਦੀਆਂ ਮਹਿਲਾ ਵਿਧਾਇਕਾਂ ਵੀ ਮੁੱਖ ਮੰਤਰੀ ਨਿਤੀਸ਼ ਕੁਮਾਰ ’ਤੇ ਰਾਖਵਾਂਕਰਨ ਵਿਰੋਧੀ ਹੋਣ ਦੇ ਦੋਸ਼ ਲਾਉਂਦੇ ਹੋਏ ਨਾਅਰੇਬਾਜ਼ੀ ਕਰ ਰਹੀਆਂ ਸਨ। ਇਸ ’ਤੇ ਮੁੱਖ ਮੰਤਰੀ ਨੇ ਆਪਾ ਗੁਆ ਦਿੱਤਾ ਅਤੇ ਵਿਧਾਇਕਾਂ, ਖ਼ਾਸ ਕਰ ਕੇ ਆਰਜੇਡੀ ਦੀ ਮਹਿਲਾ ਵਿਧਾਇਕ ਰੇਖਾ ਦੇਵੀ ਵੱਲ ਉਂਗਲ ਕਰਦੇ ਹੋਏ ਉੱਚੀ ਆਵਾਜ਼ ਵਿੱਚ ਕਿਹਾ, ‘‘ਤੁਸੀਂ ਇਕ ਮਹਿਲਾ ਹੋ, ਕੁਝ ਜਾਣਦੀ ਨਹੀਂ ਹੋ। ਇਨ੍ਹਾਂ ਲੋਕਾਂ (ਆਰਜੇਡੀ) ਨੇ ਕਿਸੇ ਮਹਿਲਾ ਨੂੰ ਅੱਗੇ ਨਹੀਂ ਵਧਾਇਆ ਸੀ। ਕੀ ਤੁਹਾਨੂੰ ਪਤਾ ਹੈ ਕਿ ਮੇਰੇ ਸੱਤਾ ਸੰਭਾਲਣ ਤੋਂ ਬਾਅਦ ਹੀ ਬਿਹਾਰ ਵਿੱਚ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਸ਼ੁਰੂ ਹੋਇਆ। ਬੋਲ ਰਹੀ ਹੈ, ਫਾਲਤੂ ਗੱਲ... ਇਸ ਵਾਸਤੇ ਕਹਿ ਰਿਹਾ ਹਾਂ, ਚੁੱਪਚਾਪ ਸੁਣੋ।’’ ਨਿਤੀਸ਼ ਦੇ ਐਨਾ ਬੋਲਦੇ ਹੀ ਸਦਨ ਵਿੱਚ ਹੰਗਾਮਾ ਹੋ ਗਿਆ ਅਤੇ ਆਰਜੇਡੀ ਆਗੂਆਂ ਨੇ ਮੁੱਖ ਮੰਤਰੀ ਦੇ ਵਿਹਾਰ ਦੀ ਤਿੱਖੇ ਸ਼ਬਦਾਂ ਵਿੱਚ ਆਲੋਚਨਾ ਕੀਤੀ। ਵਿਰੋਧੀ ਧਿਰ ਦੀ ਨੇਤਾ ਰਾਬੜੀ ਦੇਵੀ ਨੇ ਕਿਹਾ, ‘‘ਇਹ ਪਹਿਲੀ ਵਾਰ ਨਹੀਂ ਹੋਇਆ ਹੈ। ਲੋਕ ਜਾਣਦੇ ਹਨ ਕਿ ਮੁੱਖ ਮੰਤਰੀ ਦੇ ਦਿਲ ਵਿੱਚ ਮਹਿਲਾਵਾਂ ਲਈ ਕੋਈ ਸਨਮਾਨ ਨਹੀਂ ਹੈ। ਅੱਜ ਉਨ੍ਹਾਂ ਜੋ ਕੁਝ ਵਿਧਾਨ ਸਭਾ ਵਿੱਚ ਕੀਤਾ ਉਹ ਔਰਤਾਂ ਦਾ ਘੋਰ ਅਪਮਾਨ ਹੈ।’’ -ਪੀਟੀਆਈ