For the best experience, open
https://m.punjabitribuneonline.com
on your mobile browser.
Advertisement

ਪਾਪਾ ਜੀ

11:29 AM Jun 02, 2024 IST
ਪਾਪਾ ਜੀ
Advertisement

ਦੀਪਿਕਾ ਅਰੋੜਾ

ਹੱਡਬੀਤੀ ਜੱਗਬੀਤੀ

ਸਹੇਲੀਆਂ ਸੰਗ ਨੇੜਲੇ ਸਰਕਾਰੀ ਕਾਲਜ ਦਾਖਲਾ ਲੈਣ ਦਾ ਮੇਰਾ ਹਰ ਹੀਲਾ-ਵਸੀਲਾ ਅਜਾਈਂ ਜਾਪਿਆ। ਛੋਟੀ ਤੋਂ ਛੋਟੀ ਗੱਲ ਦਾ ਮਾਣ ਰੱਖਣ ਵਾਲੇ ਪਾਪਾ ਜੀ ਨੇ ਮੇਰੀ ਇਸ ਜ਼ਿੱਦ ਨੂੰ ਸਿਰਿਉਂ ਨਕਾਰ ਛੱਡਿਆ। ਉਨ੍ਹਾਂ ਆਖਿਆ, ‘‘ਦਾਖਲਾ ਲੈਣਾ ਤਾਂ ਬਸ ਚੰਡੀਗੜ੍ਹ ਆਲੇ ਉਸ ਨਾਮਵਰ ਕਾਲਜ ਹੀ।’’ ਪਾਪਾਜੀ ਨੇ ਜਿਵੇਂ ਘਰੋਂ ਦੂਰ ਘੱਲਣ ਦੀ ਸਹੁੰ ਹੀ ਖਾ ਲਈ ਹੋਵੇ। ਮੇਰੇ ਸਾਰੇ ਕਿੰਤੂ-ਪਰੰਤੂ ਇੱਕ-ਇੱਕ ਕਰ ਕੇ ਢਹਿ-ਢੇਰੀ ਹੁੰਦੇ ਗਏ।
ਮਾਪਿਆਂ ਤੋਂ ਦੂਰ ਜਾਣ ਦੇ ਖ਼ਿਆਲ ਨੇ ਹੀ ਮਨ ਬੇਚੈਨ ਕਰ ਦਿੱਤਾ। ਭੈਣ-ਭਰਾ ਅਤੇ ਗੂੜ੍ਹੀ ਸਹੇਲਿਆਂ ਦਾ ਵਿਛੋੜਾ ਸਹਿਣਾ ਵੀ ਭਲਾ ਕਿੱਥੇ ਸੁਖਾਲਾ ਸੀ? ਸੱਚ ਕਹਾਂ ਤਾਂ ਮੈਨੂੰ ਪੇਂਡੂ ਸਭਿਆਚਾਰ ਦੀ ਮਹਿਕ ਅਤੇ ਰੁਹਾਨੀ ਰਿਸ਼ਤਿਆਂ ਦੀਆਂ ਮੋਹ ਭਿੱਜੀਆਂ ਤੰਦਾਂ ਨੇ ਆਪਣੇ ਨਾਲ ਜਕੜ ਰੱਖਿਆ ਸੀ, ਨਹੀਂ ਤਾਂ ਪਾਪਾ ਜੀ ਨਾਲ ਬਹਿਸ ਕਰਨ ਦਾ ਸਵਾਲ ਹੀ ਨਹੀਂ ਉੱਠਦਾ।
ਪਾਪਾ ਜੀ ਆਪਣੀ ਜਗ੍ਹਾ ਬਿਲਕੁਲ ਸਹੀ ਸਨ। ਸਾਡੇ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਘਰੋਂ ਨਜ਼ਦੀਕ ਅਤੇ ਸਹੇਲੀਆਂ ਦਾ ਸਾਥ ਹੋਣ ਤੋਂ ਇਲਾਵਾ ਕੋਈ ਅਜਿਹੀ ਗੱਲ ਵੀ ਤਾਂ ਨਹੀਂ ਸੀ ਜੋ ਪਾਪਾ ਜੀ ਨੂੰ ਮੇਰੀ ਗੱਲ ’ਤੇ ਤਵੱਜੋ ਦੇਣ ਲਈ ਪ੍ਰੇਰ ਸਕਦੀ। ਨਾ ਲੋੜੀਂਦੀਆਂ ਸੁਖ-ਸਹੂਲਤਾਂ ਤੇ ਨਾ ਹੀ ਮਿਆਰੀ ਸਿੱਖਿਆ। ਸਹੂਲਤਾਂ ਨਾਲ ਤਾਂ ਸ਼ਾਇਦ ਪਾਪਾ ਜੀ ਸਮਝੌਤਾ ਕਰ ਵੀ ਲੈਂਦੇ, ਪਰ ਪੜ੍ਹਾਈ ਦੇ ਮਿਆਰ ਨਾਲ ਸਮਝੌਤੇ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ। ਮਰਦੀ ਕੀ ਨਾ ਕਰਦੀ! ਬੁਝੇ ਮਨ ਹਾਮੀ ਭਰਨੀ ਹੀ ਪਈ।
ਪਾਪਾ ਜੀ ਦੀ ਮਰਜ਼ੀ ਮੁਤਾਬਿਕ ਮੇਰਾ ਦਾਖ਼ਲਾ ਚੰਡੀਗੜ੍ਹ ਸ਼ਹਿਰ ਵਿਖੇ ਇੱਕ ਮਸ਼ਹੂਰ ਕਾਲਜ ’ਚ ਹੋ ਗਿਆ। ਫਿਰ ਕੀ ਸੀ, ਦਿਨ ਜਿਵੇਂ ਖੰਭ ਲਗਾ ਉੱਡਣ ਲੱਗੇ। ਅਖ਼ੀਰ ਉਹ ਦਿਨ ਵੀ ਆ ਪੁੱਜਾ, ਜਦੋਂ ਮਾਪਿਆਂ ਅਤੇ ਸਖੀਆਂ-ਸਹੇਲੀਆਂ ਦਾ ਸਾਥ ਛੱਡ ਕੇ ਇੱਕ ਨਵੀਂ ਦੁਨੀਆ ਨਾਲ ਮੁਖ਼ਾਤਿਬ ਹੋਣਾ ਸੀ।
ਪਹੁ-ਫੁਟਾਲੇ ਹੀ ਮੈਂ ਮੰਮੀ-ਪਾਪਾ ਨਾਲ ਬੱਸ ਸਟੈਂਡ ਜਾ ਪੁੱਜੀ। ‘‘ਤੁਸੀਂ ਬੈਠੋ, ਮੈਂ ਜ਼ਰਾ ਟਿਕਟ ਫੜ ਲਿਆਵਾਂ।’’ ਸਾਨੂੰ ਬੈਂਚ ’ਤੇ ਬਿਠਾ ਕੇ ਪਾਪਾ ਜੀ ਟਿਕਟ ਕਾਊਂਟਰ ਵੱਲ ਵਧ ਗਏ।
‘‘ਖ਼ਿਆਲ ਰੱਖੀਂ ਆਪਣਾ ਪੁੱਤ! ਰੋਟੀ-ਪਾਣੀ ਟਾਈਮ ਨਾਲ ਖਾ ਲਿਆ ਕਰੀਂ। ਘੰਟੀ ਵੱਜਦਿਆਂ ਸਾਰ ਮੈੱਸ ਚਲੀ ਜਾਇਆ ਕਰੀਂ। ਉੱਥੇ ਕਿਸੇ ਨਹੀਂ ਪੁੱਛਣਾ ਬਈ ਰੋਟੀ ਖਾਧੀ ਕਿ ਨਹੀਂ! ਸਭ ਕੁਝ ਆਪ ਹੀ ਵੇਖਣਾ ਪਊ ਧੀ ਰਾਣੀਏ।’’ ਮੱਥਾ ਚੁੰਮਦੀ ਅੰਮੜੀ ਨੇ ਘੁੱਟ ਕੇ ਗਲਵੱਕੜੀ ਪਾਉਂਦਿਆਂ ਕਿਹਾ।
‘‘ਚਲੋ, ਬਾਈ ਬੈਠੋ ਬੱਸੇ।’’ ਸੀਟੀ ਮਾਰਦਿਆਂ ਕੰਡਕਟਰ ਨੇ ਬਾਹਰ ਖੜ੍ਹੀਆਂ ਸਵਾਰੀਆਂ ਨੂੰ ਹਾਕ ਮਾਰੀ। ਮੰਮੀ ਦਾ ਦਿੱਤਾ ਰੋਟੀਆਂ ਵਾਲਾ ਝੋਲਾ ਫੜੀ, ਭਾਰੀ ਮਨ ਨਾਲ ਮੈਂ ਖਿੜਕੀ ਵਾਲੇ ਪਾਸੇ ਜਾ ਬੈਠੀ। ਹਮੇਸ਼ਾ ਸਵਾਲ ਪੁੱਛਣ ਵਾਲੀ ਮੇਰੀ ਜ਼ਬਾਨ ਅੱਜ ਵਧੇਰੇ ਸ਼ਾਂਤ ਸੀ। ਦੋਸਤ ਵਾਂਗੂੰ ਖੁੱਲ੍ਹ ਕੇ ਮੇਰੇ ਹਰ ਸਵਾਲ ਦਾ ਜਵਾਬ ਦੇਣ ਵਾਲੇ ਪਾਪਾ ਜੀ ਵੀ ਪੂਰੀ ਤਰ੍ਹਾਂ ਖ਼ਾਮੋਸ਼ ਸਨ, ਕਿਸੇ ਡੂੰਘੀ ਸੋਚ ’ਚ ਡੁੱਬੇ ਹੋਏ। ਸਿਰਫ਼ ਜ਼ਰੂਰੀ ਹੂੰ-ਹਾਂ ਤੋਂ ਇਲਾਵਾ ਸਾਡੇ ਦੋਹਾਂ ਵਿਚਾਲੇ ਕੋਈ ਖ਼ਾਸ ਗੱਲਬਾਤ ਨਾ ਹੋਈ। ਪੂਰੇ ਸਫ਼ਰ ਦੌਰਾਨ ਬਸ ਸ਼ਾਂ-ਸ਼ਾਂ ਕਰਦੀ ਹਵਾ, ਜਿਵੇਂ ਅਹਿਸਾਸਾਂ ਅਤੇ ਉਮੀਦਾਂ ਦੇ ਦੀਵਿਆਂ ਦੀ ਫੜਫੜਾਉਂਦੀ ਲੋਅ ਨਾਲ ਲੁਕਣਮੀਟੀ ਖੇਡ ਰਹੀ ਹੋਵੇ।
ਬੈੱਡ-ਹੋਲਡਰ, ਬਾਲਟੀ-ਮੱਗੇ ਤੋਂ ਲੈ ਕੇ ਜ਼ਰੂਰਤ ਦਾ ਸਾਰਾ ਸਾਮਾਨ ਹੋਸਟਲ ਦੇ ਕਮਰਾ ਨੰਬਰ 2 ਵਿੱਚ ਪੁੱਜ ਚੁੱਕਾ ਸੀ। ਪਾਪਾ ਜੀ ਨਾਲੋਂ ਵੱਖ ਹੋਣ ਦਾ ਖ਼ਿਆਲ ਮੇਰੀਆਂ ਅੱਖਾਂ ਨਮ ਕਰ ਗਿਆ।
‘‘ਠੀਕ ਹੈ ਮੈਡਮ! ਮੈਂ ਚਲਦਾਂ ਹੁਣ। ਖ਼ਿਆਲ ਰੱਖਣਾ ਜੀ ਬੱਚੀ ਦਾ, ਨਾਸਮਝ ਹੈ।’’ ਹੋਸਟਲ ਵਾਰਡਨ ਦੇ ਹਵਾਲੇ ਕਰ ਪਾਪਾ ਜੀ ਬੜੀ ਤੇਜ਼ੀ ਨਾਲ ਬਾਹਰ ਅੱਪੜ ਗਏ। ਹੰਝੂਆਂ ਭਰੀ ਨਜ਼ਰਾਂ ਲਈ ਮੈਂ ਕਿੰਨੀ ਦੇਰ ਗੇਟ ’ਤੇ ਖੜ੍ਹੀ ਹੱਥ ਹਿਲਾਉਂਦੀ ਰਹੀ ਕਿ ਇੱਕ ਵਾਰ ਹੀ ਸਹੀ ਪਾਪਾ ਜੀ ਜ਼ਰੂਰ ਪਿੱਛੇ ਪਰਤਣਗੇ। ਪਰ ਕਿੱਥੇ? ਉਨ੍ਹਾਂ ਨੇ ਤਾਂ ਮੁੜ ਵੇਖਣਾ ਜ਼ਰੂਰੀ ਹੀ ਨਹੀਂ ਸਮਝਿਆ।
ਗੱਲ ਭਾਵੇਂ ਮਾਮੂਲੀ ਜਿਹੀ ਸੀ, ਪਰ ਸਿੱਧੀ ਮੇਰੇ ਕਾਲਜੇ ਚੁਭੀ। ਕਾਸ਼! ਇੱਕ ਵਾਰ ਤਾਂ ਦੇਖਦੇ ਮੇਰੇ ਵੱਲ। ਬਸ ਗ਼ੈਰਾਂ ਵਾਂਗ ਇਕੱਲਿਆਂ ਛੱਡਿਆ ਤੇ ਚਲਦੇ ਬਣੇ। ‘ਪਿਛਲੇ ਪੰਦਰ੍ਹਾਂ ਵਰ੍ਹੇ ਜਿਸ ਨੇ ਇੱਕ ਪਲ ਵੀ ਮਾਪਿਆਂ ਬਗ਼ੈਰ ਨਾ ਗੁਜ਼ਾਰਿਆ, ਉਹ ਧੀ ਅੱਜ ਅਚਾਨਕ ਹੀ ਏਨੀ ਬੇਗਾਨੀ ਕਿਵੇਂ ਹੋ ਗਈ, ਪਾਪਾ ਜੀ?’ ਇਹ ਸੋਚ ਬੁੱਲ ਟੁੱਕਦੀ ਦਾ ਚਿਹਰਾ ਹੰਝੂਆਂ ਨਾਲ ਭਿੱਜ ਗਿਆ।
ਖ਼ੈਰ, ਚੰਗੇ-ਮਾੜੇ ਦਿਨ ਤਾਂ ਬੀਤਣੇ ਹੀ ਸਨ, ਬੱਸ ਬੀਤਦੇ ਗਏ। ਭੀੜ ਭਰੇ ਮਾਹੌਲ ’ਚ ਇਕੱਲਾਪਣ ਜਿਹਾ ਮਹਿਸੂਸ ਹੁੰਦਾ। ਭੈਣ-ਭਰਾ, ਸਹੇਲੀਆਂ ਦੀ ਯਾਦ ਤੜਫ਼ਾ ਜਾਂਦੀ। ਉਦਾਸੀ ਭਰੇ ਬੇਸ਼ੁਮਾਰ ਲਮਹਿਆਂ ’ਚ ਵੀ ਜਿਉਣ ਦਾ ਸਬੱਬ ਬਣਦੇ ਤਾਂ ਸਿਰਫ਼ ਮੰਮੀ-ਪਾਪਾ ਦੇ ਲਿਖੇ ਖ਼ਤ, ਜੋ ਬਿਨਾ ਨਾਗਾ ਹਰ ਹਫ਼ਤੇ ਪੁੱਜਦੇ। ਹੌਸਲਾ ਵਧਾਊ ਗੱਲਾਂ ਨਾਲ ਸ਼ਿੰਗਾਰੇੇ, ਮੇਰੀ ਅੱਲ੍ਹੜ ਮੱਤ ਨੂੰ ਜਿਉਣ ਜਾਚ ਸਿਖਾਉਣ ਦੀ ਕੋਸ਼ਿਸ਼ ਕਰਦੇ।
ਗੁਜ਼ਰਤੇ ਵਕਤ ਨਾਲ ਹਾਲਾਤ ਬਿਹਤਰ ਹੁੰਦੇ ਗਏ। ਰੈਗੂਲਰ ਕਲਾਸਾਂ ਤੋਂ ਬਾਅਦ ਬਚਿਆ ਸਮਾਂ ਲਾਇਬਰੇਰੀ ਗੁਜ਼ਰਦਾ। ਮੈਂ ਨੋਟਸ ਬਣਾਉਣ ਲਈ ਕਾਫ਼ੀ ਕਿਤਾਬਾਂ ਲੱਭ ਲੈਂਦੀ। ਇਉਂ ਤਾਂ ਮੈਨੂੰ ਪਹਿਲਾਂ ਹੀ ਪੁਸਤਕਾਂ ਨਾਲ ਖ਼ਾਸਾ ਪਿਆਰ ਰਿਹਾ ਸੀ, ਪਰ ਹੁਣ ਅੰਦਰ ਉਪਜੇ ਖ਼ਲਾਅ ਨੇ ਇਹ ਸਾਥ ਹੋਰ ਗੂੜ੍ਹਾ ਕਰ ਦਿੱਤਾ।
‘‘ਬਹੁਤ ਅੱਛੇ ਖ਼ਤ ਲਿਖਦੇ ਨੇ ਤੁਹਾਡੇ ਮਾਪੇ।’’ ਸੈਂਸਰ ਪ੍ਰਕਿਰਿਆ ਦੌਰਾਨ ਖ਼ਤ ਜਾਂਚਦੀ ਵਾਰਡਨ ਅਕਸਰ ਆਖਦੀ ਤਾਂ ਮਨ ਹੀ ਮਨ ਪੜ੍ਹੇ-ਲਿਖੇ ਸੂਝਵਾਨ ਮਾਪਿਆਂ ਦੀ ਧੀ ਹੋਣ ਦਾ ਫਖ਼ਰ ਮੇਰਾ ਸਿਰ ਉੱਚਾ ਕਰ ਦਿੰਦਾ। ‘ਇੰਦੂ’ ਨੂੰ ਇੰਦਰਾ ਅਤੇ ਇੰਦਰਾ ਨੂੰ ‘ਆਇਰਨ ਲੇਡੀ’ ਬਣਾਉਣ ’ਚ ਜ਼ਰੂਰ ਪਿਤਾ ਦੇ ਲਿਖੇ ਖ਼ਤਾਂ ਦੀ ਅਹਿਮ ਭੂਮਿਕਾ ਰਹੀ ਹੋਵੇਗੀ, ਦਿਨੋਂ-ਦਿਨ ਆਪਣੀ ਸ਼ਖ਼ਸੀਅਤ ਵਿੱਚ ਆ ਰਹੇ ਨਿਖ਼ਾਰ ’ਤੇ ਝਾਤ ਮਾਰਦੀ ਅਕਸਰ ਸੋਚਿਆ ਕਰਦੀ।
ਪਾਪਾ ਜੀ ਦੇ ਮੁੜ ਨਾ ਵੇਖਣ ਦੀ ਪੀੜ ਹਾਲਾਂਕਿ ਹਾਲੇ ਵੀ ਸੋਚੀਂ ਸਮੋਈ ਸੀ।
ਛੁੱਟੀਆਂ ਦੌਰਾਨ ਘਰੇ ਆਉਣ ’ਤੇ ਦਿਲ ਦਾ ਦਰਦ ਅਖ਼ੀਰ ਮੰਮੀ ਜੀ ਅੱਗੇ ਫੁੱਟ ਹੀ ਪਿਆ।
‘‘ਕਮਲੀਏ ਆਪਣੇ ਪਾਪਾ ਜੀ ਨੂੰ ਹੀ ਨਹੀਂ ਪਛਾਣ ਸਕੀ ਤੂੰ? ਉਨ੍ਹਾਂ ਦਾ ਇਹ ਵਤੀਰਾ ਸਿਰਫ਼ ਤੈਨੂੰ ਮਜ਼ਬੂਤ ਬਣਾਉਣ ਦੀ ਪਹਿਲੀ ਕੋਸ਼ਿਸ਼ ਸੀ। ਭਰੀਆਂ ਅੱਖਾਂ ਨਾਲ ਮੁੜ ਪਰਤ ਵੇਖ ਲੈਂਦੇ ਤਾਂ ਸ਼ਾਇਦ ਹੀ ਇਹ ਵਿਛੋੜਾ ਸਹਾਰ ਸਕਦੀ ਤੂੰ। ਹੋ ਸਕਦੈ, ਭਾਵਨਾਵਾਂ ਦੇ ਵਹਿਣ ਵਿੱਚ ਵਹਿ, ਤੈਨੂੰ ਹੋਸਟਲ ਛੱਡਣ ਦਾ ਇਰਾਦਾ ਵੀ ਕਮਜ਼ੋਰ ਪੈ ਜਾਂਦਾ। ਤੇਰੇ ਪਾਪਾ ਜੀ ਇਹ ਹਰਗਿਜ਼ ਨਹੀਂ ਸਨ ਚਾਹੁੰਦੇ। ਬੱਚਿਆਂ ਦਾ ਭਵਿੱਖ ਸੰਵਾਰਨ ਲਈ ਕਦੇ-ਕਦੇ ਕਰੜੇ ਕਦਮ ਵੀ ਚੁੱਕਣੇ ਪੈਂਦੇ ਨੇ ਪੁੱਤ! ਵਕਤ ਆਉਣ ’ਤੇ ਤੂੰ ਖ਼ੁਦ-ਬ-ਖ਼ੁਦ ਸਮਝ ਜਾਵੇਂਗੀ, ਇਸ ਲਈ ਮੈਂ ਵੀ ਕਦੇ ਜ਼ਿਕਰ ਨਹੀਂ ਛੇੜਿਆ। ਪਰ ਤੇਰੀ ਨਾਰਾਜ਼ਗੀ ਵੇਖ ਹੁਣ ਦੱਸਣਾ ਜ਼ਰੂਰੀ ਹੈ। ਪਤੈ ਤੈਨੂੰ, ਵਾਪਸ ਆਣ ਕੇ ਕਿੰਨੀ ਦੇਰ ਬੱਚਿਆਂ ਵਾਂਗ ਡੁਸ-ਡੁਸ ਕਰਦੇੇ ਰਹੇ ਤੇਰੇ ਪਾਪਾ ਜੀ? ਅਖੇ, ਅੱਜ ਮੈਂ ਜਾਣਬੁੱਝ ਕੇ ਆਪਣੇ ਜਿਗਰ ਦੇ ਟੁਕੜੇ ਨੂੰ ਤਕਲੀਫ਼ ਪਹੁੰਚਾਈ। ਬਿਹਤਰ ਭਵਿੱਖ ਲਈ ਹੀ ਸਹੀ, ਪਰ ਅਸਲ ਵਿੱਚ ਮੈਂ ਤਾਂ ਅੱਜ ਹੀ ਆਪਣੀ ਲਾਡੋ ਨੂੰ ਡੋਲੀ ਤੋਰ ਦਿੱਤਾ।’’
ਸ਼ਿਕਵੇ-ਸ਼ਿਕਾਇਤ ਦੀ ਟੀਸ ਗੰਗਾ-ਜਮੁਨਾ ਬਣ ਵਗ ਨਿਕਲੀ। ਮਨ ਹੌਲਾ, ਰੂਹ ਪਾਕ-ਸਾਫ਼ ਹੋ ਗਈ। ਦੁਨੀਆ ਦੇ ਸਾਰੇ ਪਾਪਾ ਅਜਿਹੇ ਹੀ ਹੁੰਦੇ ਹਨ ਸ਼ਾਇਦ! ਬਿਲਕੁਲ ਨਾਰੀਅਲ ਵਾਂਗ, ਬਾਹਰੋਂ ਸਖ਼ਤ ਅਤੇ ਅੰਦਰੋਂ ਇਕਦਮ ਨਰਮ। ਪੱਕੇ ਇਰਾਦਿਆਂ ਨਾਲ ਮੈਂ ਪਾਪਾ ਜੀ ਦੇ ਵੇਖੇ ਸੁਪਨਿਆਂ ਨੂੰ ਆਕਾਰ ਦੇਣ ਵਿੱਚ ਜੁਟ ਗਈ।

Advertisement

ਸੰਪਰਕ: 90411-60739

Advertisement

Advertisement
Author Image

sukhwinder singh

View all posts

Advertisement