ਪੰਨੂ ਕੇਸ: ਅਮਰੀਕੀ ਕੋਰਟ ਵੱਲੋਂ ਭਾਰਤ ਸਰਕਾਰ ਤੇ ਡੋਵਾਲ ਖ਼ਿਲਾਫ਼ ਸੰਮਨ
* ਪ੍ਰਧਾਨ ਮੰਤਰੀ ਦੋ ਰੋਜ਼ਾ ਦੌਰੇ ਲਈ ਭਲਕੇ ਜਾਣਗੇ ਅਮਰੀਕਾ
ਅਜੈ ਬੈਨਰਜੀ
ਨਵੀਂ ਦਿੱਲੀ, 19 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਨਿੱਚਰਵਾਰ ਲਈ ਤਜਵੀਜ਼ਤ ਅਮਰੀਕਾ ਫੇਰੀ ਤੋਂ ਪਹਿਲਾਂ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਅਮਰੀਕਾ ਦੀ ਸੰਘੀ ਅਦਾਲਤ ਨੇ ਸਿੱਖਸ ਫਾਰ ਜਸਟਿਸ (ਐੱਸਐੱਫਜੇ) ਮੁਖੀ ਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਗ਼ੈਰ-ਫੌਜਦਾਰੀ ਕੇਸ ਵਿਚ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ‘ਰਾਅ’ ਦੇ ਸਾਬਕਾ ਮੁਖੀ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ ਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਨਾਂ ਖ਼ਿਲਾਫ਼ ਸੰਮਨ ਜਾਰੀ ਕੀਤੇ ਹਨ। ਭਾਰਤ ਨੇ ਹਾਲਾਂਕਿ ਇਨ੍ਹਾਂ ਸੰਮਨਾਂ ਨੂੰ ‘ਪੂਰੀ ਤਰ੍ਹਾਂ ਗੈਰਵਾਜਬ’ ਤੇ ‘ਬੇਬੁਨਿਆਦ ਦੋਸ਼ਾਂ’ ਉੱਤੇ ਅਧਾਰਿਤ ਦੱਸਿਆ ਹੈ। ਸ੍ਰੀ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦੇ ਦੌਰੇ ’ਤੇ ਹਨ।
ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸੰਮਨਾਂ ਬਾਰੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਨਾਲ ਭਾਰਤ ਦਾ ਅੰਦਰੂਨੀ ਹਾਲਾਤ ਬਾਰੇ ਖਿਆਲ ਨਹੀਂ ਬਦਲੇਗਾ। ਮਿਸਰੀ ਨੇ ਕਿਹਾ, ‘ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ, ਇਹ ਸੰਮਨ ਪੂਰੀ ਤਰ੍ਹਾਂ ਗੈਰਵਾਜਬ ਤੇ ਬੇਬੁਨਿਆਦ ਦੋਸ਼ਾਂ ’ਤੇ ਆਧਾਰਿਤ ਹਨ, ਹੁਣ ਜਦੋਂ ਇਹ ਵਿਅਕਤੀਗਤ ਕੇਸ ਦਰਜ ਕੀਤਾ ਗਿਆ ਹੈ, ਇਸ ਨਾਲ ਬੁਨਿਆਦੀ ਹਾਲਾਤ ਬਾਰੇ ਸਾਡੀ ਰਾਏ ਬਦਲਣ ਵਾਲੀ ਨਹੀਂ ਹੈ। ਇਸ ਵਿਅਕਤੀਗਤ ਕੇਸ ਪਿਛਲੇ ਸ਼ਖ਼ਸ (ਪੰਨੂ) ਵੱਲ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ, ਜਿਸ ਦੇ ਪਿਛੋਕੜ ਬਾਰੇ ਸਾਰਿਆਂ ਨੂੰ ਪਤਾ ਹੈ।’ ਮਿਸਰੀ ਨੇ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਅਸਿੱਧੇ ਹਵਾਲੇ ਨਾਲ ਕਿਹਾ ਕਿ ਇਹ ਗੈਰਕਾਨੂੰਨੀ ਜਥੇਬੰਦੀ ਹੈ, ਜਿਸ ਨੂੰ ਯੂਏਪੀਏ 1967 ਤਹਿਤ ਗੈਰਕਾਨੂੰਨੀ ਐਲਾਨਿਆ ਹੋਇਆ ਹੈ। ਮਿਸਰੀ ਨੇ ਕਿਹਾ ਕਿ ਦੇਸ਼ ਵਿਰੋਧੀ ਸਰਗਰਮੀਆਂ, ਜਿਸ ਦਾ ਮੁੱਖ ਮੰਤਵ ਦੇਸ਼ ਦੀ ਪ੍ਰਭੂਸੱਤਾ ਤੇ ਪ੍ਰਦੇਸ਼ਕ ਅਖੰਡਤਾ ਨੂੰ ਵਿਗਾੜਨਾ ਸੀ, ’ਚ ਸ਼ਮੂਲੀਅਤ ਲਈ ਐੱਸਐੱਫਜੇ ’ਤੇ ਪਾਬੰਦੀ ਲਾਈ ਗਈ ਸੀ।
ਪੰਨੂ ਨੇ ਮੋਦੀ ਸਰਕਾਰ ਤੇ ਐੱਨਐੱਸਏ ਅਜੀਤ ਡੋਵਾਲ ਖਿਲਾਫ਼ ਅਮਰੀਕੀ ਫੈਡਰਲ ਸੰਘੀ ਕੋਰਟ ਵਿਚ ਗੈਰ-ਫੌਜਦਾਰੀ ਮੁਕੱਦਮਾ ਦਰਜ ਕੀਤਾ ਹੈ। ਅਮਰੀਕੀ ਡਿਸਟ੍ਰਿਕਟ ਕੋਰਟ ਵੱਲੋਂ ਜਾਰੀ ਸੰਮਨਾਂ ਵਿਚ ਭਾਰਤ ਸਰਕਾਰ, ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ‘ਰਾਅ’ ਦੇ ਸਾਬਕਾ ਮੁਖੀ ਸਾਮੰਤ ਗੋਇਲ, ਰਾਅ ਏਜੰਟ ਵਿਕਰਮ ਯਾਦਵ ਤੇ ਭਾਰਤੀ ਕਾਰੋਬਾਰੀ ਨਿਖਿਲ ਗੁਪਤਾ ਦੇ ਨਾਮ ਹਨ। ਪਿਛਲੇ ਸਾਲ ਨਵੰਬਰ ਵਿਚ ਅਮਰੀਕੀ ਵਕੀਲਾਂ ਨੇ ਗੁਪਤਾ ’ਤੇ ਅਮਰੀਕਾ ਵਿਚ ਪੰਨੂ ਸਣੇ ਚਾਰ ਸਿੱਖ ਵੱਖਵਾਦੀਆਂ ਦੇ ਕਤਲ ਦੀ ਸਾਜ਼ਿਸ਼ ਘੜਨ ਦਾ ਦੋਸ਼ ਲਾਇਆ ਸੀ। ਗੁਪਤਾ ਨੇ ਹਾਲਾਂਕਿ ਅਮਰੀਕੀ ਕੋਰਟ ਵਿਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਵਕੀਲਾਂ ਨੇ ਦਾਅਵਾ ਕੀਤਾ ਸੀ ਕਿ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਦੇਣ ਲਈ ਮਈ 2023 ਵਿਚ ਗੁਪਤਾ ਦੀ ਭਰਤੀ ਕੀਤੀ ਗਈ ਸੀ।