ਦਿੱਲੀ ’ਚ ਫੈਲੀ ਦਹਿਸ਼ਤ
ਦਿੱਲੀ-ਐੱਨਸੀਆਰ ਦੇ ਕਰੀਬ 200 ਸਕੂਲਾਂ ਨੂੰ ਬੁੱਧਵਾਰ ਈਮੇਲਾਂ ਰਾਹੀਂ ਮਿਲੇ ਬੰਬਾਂ ਦੇ ਡਰਾਵੇ ਬਾਅਦ ਵਿੱਚ ਨਕਲੀ ਸਿੱਧ ਹੋਏ, ਪਰ ਅਪਰਾਧੀ ਵੱਡੇ ਪੱਧਰ ’ਤੇ ਲੋਕਾਂ ਵਿੱਚ ਸਹਿਮ ਫੈਲਾਉਣ ਤੇ ਜਨਤਕ ਵਿਵਸਥਾ ਨੂੰ ਵਿਗਾੜਨ ’ਚ ਕਾਮਯਾਬ ਹੋ ਗਏ। ਈ-ਮੇਲਾਂ ਨੇ ਵਿਦਿਆਰਥੀਆਂ, ਮਾਪਿਆਂ ਤੇ ਸਕੂਲ ਪ੍ਰਸ਼ਾਸਨਾਂ ’ਚ ਘਬਰਾਹਟ ਪੈਦਾ ਕਰ ਦਿੱਤੀ, ਜਿਸ ਤੋਂ ਬਾਅਦ ਪੁਲੀਸ ਤੇ ਫਾਇਰ ਪ੍ਰਸ਼ਾਸਨ ਕੋਲ ਸਕੂਲਾਂ ਵੱਲੋਂ ਕੀਤੇ ਗਏ ਫੋਨਾਂ ਦਾ ਹੜ੍ਹ ਆ ਗਿਆ। ਸਕੂਲਾਂ ਨੂੰ ਤੇਜ਼ੀ ਨਾਲ ਖਾਲੀ ਕਰਾਇਆ ਗਿਆ ਤੇ ਇਮਾਰਤਾਂ ਨੂੰ ਬਾਰੀਕੀ ਨਾਲ ਜਾਂਚਿਆ ਗਿਆ, ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਸ ਘਟਨਾ ਨੇ ਸਾਈਬਰ ਅਪਰਾਧੀਆਂ ਦੀ ਪ੍ਰਤੱਖ ਜੁਰਅੱਤ ਤੇ ਮੁਹਾਰਤ ਨੂੰ ਸਾਹਮਣੇ ਲਿਆਂਦਾ ਹੈ ਜੋ ਕਿ ‘ਡਾਰਕ ਵੈੱਬ’ ਵਰਤ ਰਹੇ ਹਨ। ਇਸ ’ਚ ਵਰਤੋਂਕਾਰ ਬਹੁ-ਪਰਤੀ ਸੁਰੱਖਿਆ ਲਾ ਕੇ ਆਪਣੀ ਪਛਾਣ ਤੇ ਥਾਂ ਨੂੰ ਦੂਜਿਆਂ ਤੋਂ ਛੁਪਾ ਸਕਦਾ ਹੈ ਅਤੇ ਆਪਣੇ ਘਿਣਾਉਣੇ ਮੰਤਵਾਂ ਨੂੰ ਅੰਜਾਮ ਦੇ ਸਕਦਾ ਹੈ। ਇਸ ਮਾਮਲੇ ’ਚ ਸਰਹੱਦ ਪਾਰ ਬੈਠੇ ਅਪਰੇਟਰਾਂ ਦੀ ਸ਼ਮੂਲੀਅਤ ਹੋਣ ਦਾ ਵੀ ਸ਼ੱਕ ਹੈ। ਭਾਵੇਂ ਜਾਂਚ ਜਾਰੀ ਹੈ ਪਰ ਵਟਸਐਪ ’ਤੇ ਝੂਠੇ ਸੁਨੇਹਿਆਂ ਤੇ ਫ਼ਰਜ਼ੀ ਖ਼ਬਰਾਂ ਦੇ ਪ੍ਰਸਾਰ ਨੇ ਪੁਲੀਸ ਲਈ ਚੀਜ਼ਾਂ ਹੋਰ ਮੁਸ਼ਕਿਲ ਕਰ ਦਿੱਤੀਆਂ ਹਨ। ਪੁਲੀਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫ਼ਵਾਹਾਂ ਜਾਂ ਗੁੰਮਰਾਹਕੁਨ ਜਾਣਕਾਰੀ ਤੋਂ ਬਚਣ। ਇੱਕ ਮਹੀਨੇ ਵਿੱਚ ਇਹ ਅਜਿਹੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ 7-8 ਅਪਰੈਲ ਨੂੰ ਕੋਲਕਾਤਾ ਦੇ 20 ਸਕੂਲਾਂ ਨੂੰ ਬੰਬ ਰੱਖਣ ਦੀਆਂ ਧਮਕੀਆਂ ਮਿਲੀਆਂ ਸਨ। ਧਮਕੀਆਂ ਦੇਣ ਵਾਲਿਆਂ ਨੇ ਕਿਹਾ ਸੀ ਕਿ ‘ਉਨ੍ਹਾਂ ਦਾ ਮਕਸਦ ਖ਼ੂਨ-ਖਰਾਬਾ’ ਹੈ ਤੇ ਬੰਬ ਵੱਖ-ਵੱਖ ਸਕੂਲਾਂ ਦੇ ਕਲਾਸਰੂਮ ਵਿਚ ਰੱਖੇ ਗਏ ਹਨ ਜੋ ਸਵੇਰ ਵੇਲੇ ਫਟ ਜਾਣਗੇ। ਇਹ ਡਰਾਵਾ ਵੀ ਬਾਅਦ ਵਿੱਚ ਫ਼ਰਜ਼ੀ ਨਿਕਲਿਆ ਸੀ।
ਦੇਸ਼ ਭਰ ਦੇ ਕਈ ਹਵਾਈ ਅੱਡਿਆਂ ਨੂੰ ਇਸੇ ਹਫ਼ਤੇ ਚਿਤਾਵਨੀ ਭਰੀਆਂ ਈਮੇਲਾਂ ਮਿਲਣ ਦੇ ਤੱਥ ਦੇ ਮੱਦੇਨਜ਼ਰ, ਸਾਫ਼ ਹੈ ਕਿ ਦੇਸ਼-ਵਿਆਪੀ ਗੜਬੜੀ ਪੈਦਾ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਆਮ ਚੋਣਾਂ ਹੋਣ ਦੇ ਮੱਦੇਨਜ਼ਰ ਸੁਰੱਖਿਆ ਏਜੰਸੀਆਂ ਤੇ ਸਾਈਬਰ ਅਪਰਾਧ ਇਕਾਈਆਂ ਨੂੰ ਚਾਹੀਦਾ ਹੈ ਕਿ ਹਰੇਕ ਕੇਸ ਦੀ ਗਹਿਰਾਈ ਨਾਲ ਜਾਂਚ ਅਤੇ ਅਪਰਾਧੀਆਂ ਦੀ ਪੈੜ ਨੱਪਣ ਲਈ ਉਹ ਨੇੜਿਓਂ ਤਾਲਮੇਲ ਕਰਨ। ਇਸ ਦੇ ਨਾਲ ਹੀ ਸਾਰਿਆਂ ਨੂੰ ਸਹਿਮ ਫੈਲਾਉਣ ਤੋਂ ਬਚਣ ਦੀ ਲੋੜ ਹੈ ਤੇ ਸੋਸ਼ਲ ਮੀਡੀਆ ਉਤੇ ਬਿਨਾਂ ਸੋਚੇ-ਸਮਝੇ ਸਮੱਗਰੀ ਨੂੰ ਅੱਗੇ ਭੇਜਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਪਰਾਧਕ ਤੱਤਾਂ ਨੂੰ ਕਿਸੇ ਵੀ ਤਰ੍ਹਾਂ ਚੋਣ ਪ੍ਰਕਿਰਿਆ ’ਚ ਅੜਿੱਕਾ ਪਾਉਣ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ।