For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਸਕੂਲ ਬੱਸਾਂ ਵਿੱਚ ਲੱਗਣਗੇ ਪੈਨਿਕ ਬਟਨ

10:02 AM Dec 05, 2023 IST
ਚੰਡੀਗੜ੍ਹ ਸਕੂਲ ਬੱਸਾਂ ਵਿੱਚ ਲੱਗਣਗੇ ਪੈਨਿਕ ਬਟਨ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 4 ਦਸੰਬਰ
ਯੂਟੀ ਦੀਆਂ ਸਕੂਲ ਬੱਸਾਂ ਵਿੱਚ ਸਫ਼ਰ ਕਰਦੇ ਵਿਦਿਆਰਥੀਆਂ ਦੀ ਸਹੂਲਤ ਲਈ ਸਟੇਟ ਟਰਾਂਸਪੋਰਟ ਅਥਾਰਟੀ ਨੇ ਨਿਵੇਕਲਾ ਉਪਰਾਲਾ ਕੀਤਾ ਹੈ। ਚੰਡੀਗੜ੍ਹ ਦੇ ਸਕੂਲ ਬੱਸਾਂ ਵਿਚ ਹੁਣ ਪੈਨਿਕ ਬਟਨ ਲਗਾਉਣਾ ਜ਼ਰੂਰੀ ਹੋਵੇਗਾ ਜਿਸ ਨੂੰ ਕੰਟਰੋਲ ਤੇ ਕਮਾਂਡ ਸੈਂਟਰ ਨਾਲ ਜੋੜਿਆ ਜਾਵੇਗਾ। ਜੇ ਕੋਈ ਵਿਦਿਆਰਥੀ ਆਪਾਤਕਾਲੀਨ ਹਾਲਤ ਵਿਚ ਪੈਨਿਕ ਬਟਨ ਦਬਾਉਂਦਾ ਹੈ ਤਾਂ ਇਸ ਦੀ ਜਾਣਕਾਰੀ ਪੁਲੀਸ ਤੇ ਕੰਟਰੋਲ ਤੇ ਕਮਾਂਡ ਸੈਂਟਰ ਨੂੰ ਜਾਵੇਗੀ ਜੋ ਨਾਲ ਦੀ ਨਾਲ ਵਿਦਿਆਰਥੀਆਂ ਦੀ ਸੁਰੱਖਿਆ ਲਈ ਟੀਮ ਭੇਜਣਗੇ। ਇਸ ਪ੍ਰਾਜੈਕਟ ’ਤੇ ਕੰਮ ਕੀਤਾ ਜਾ ਰਿਹਾ ਹੈ ਤੇ ਜਲਦੀ ਹੀ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਵਿਚ ਇਹ ਬਟਨ ਲਗਾ ਦਿੱਤੇ ਜਾਣਗੇ। ਜਾਣਕਾਰੀ ਅਨੁਸਾਰ ਚੰਡਗੜ੍ਹ ਵਿੱਚ 83 ਪ੍ਰਾਈਵੇਟ ਸਕੂਲ ਹਨ ਜਿਨ੍ਹਾਂ ਦੀਆਂ 540 ਸਕੂਲ ਬੱਸਾਂ ਚਲਦੀਆਂ ਹਨ।
ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਚੰਡੀਗੜ੍ਹ ਦੀਆਂ ਸਕੂਲ ਬੱਸਾਂ ਵਿਚ ਪੈਨਿਕ ਬਟਨ ਲਗਾਉਣ ਲਈ ਸਟੇਟ ਟਰਾਂਸਪੋਰਟ ਅਥਾਰਟੀ ਨੇ ਪਿਛਲੇ ਹਫ਼ਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਅਮਲ ਵਿੱਚ ਆ ਜਾਣ ਨਾਲ ਮਾਪੇ ਸਕੂਲ ਬੱਸਾਂ ’ਚ ਸਫ਼ਰ ਕਰਨ ਵੇਲੇ ਆਪਣੇ ਬੱਚਿਆਂ ਦੀ ਲਾਈਵ ਲੋਕੇਸ਼ਨ ਵੀ ਦੇਖ ਸਕਣਗੇ। ਜੇ ਕਿਸੇ ਵੀ ਵਿਦਿਆਰਥੀ ਨੂੰ ਛੇੜਛਾੜ ਜਾਂ ਹੋਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪੈਨਿਕ ਬਟਨ ਦਬਾ ਕੇ ਆਪਣੀ ਸਮੱਸਿਆ ਦੱਸ ਸਕਦਾ ਹੈ। ਇਸ ਤੋਂ ਪਹਿਲਾਂ ਸਕੂਲ ਬੱਸਾਂ ’ਚ ਛੇੜਛਾੜ ਦੀਆਂ ਘਟਨਾਵਾਂ ਰੋਕਣ ਲਈ ਮਹਿਲਾ ਅਟੈਂਡੈਂਟ ਦਾ ਹੋਣਾ ਜ਼ਰੂਰੀ ਕੀਤਾ ਗਿਆ ਹੈ।

Advertisement

ਬਾਲ ਕਮਿਸ਼ਨ ਨੇ ਸਕੂਲਾਂ ’ਚ ਅੱਗ ਬੁਝਾਊ ਇੰਤਜ਼ਾਮਾਂ ਦੀ ਰਿਪੋਰਟ ਮੰਗੀ

ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ (ਸੀਸੀਪੀਸੀਆਰ) ਨੇ ਯੂਟੀ ਦੇ ਸਕੂਲਾਂ ’ਚ ਅੱਗ ਬੁਝਾਊ ਯੰਤਰਾਂ ਦੀ ਅਣਹੋਂਦ ਤੇ ਮਿਆਦ ਪੁੱਗਾ ਚੁੱਕੇ ਯੰਤਰਾਂ ਦਾ ਨੋਟਿਸ ਲੈਂਦਿਆਂ ਸਕੂਲਾਂ ਤੋਂ ਦਸ ਦਿਨ ਵਿਚ ਰਿਪੋਰਟ ਮੰਗੀ ਹੈ। ਇਸ ਸਬੰਧੀ ਬਾਲ ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਅੱਜ ਸਿੱਖਿਆ ਵਿਭਾਗ ਤੇ ਨਗਰ ਨਿਗਮ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਚੇਅਰਪਰਸਨ ਨੇ ਦੋਵਾਂ ਵਿਭਾਗਾਂ ਨੂੰ ਸਕੂਲਾਂ ਵਿੱਚ ਅੱਗ ਬੁਝਾਊ ਇੰਤਜ਼ਾਮਾਂ ਦੀ ਰਿਪੋਰਟ ਦਸ ਦਿਨਾਂ ਦੇ ਅੰਦਰ-ਅੰਦਰ ਪੇਸ਼ ਕਰਨ ਲਈ ਕਿਹਾ। ਜ਼ਿਲ੍ਹਾ ਸਿੱਖਿਆ ਅਫ਼ਸਰ ਬਿੰਦੂ ਅਰੋੜਾ ਨੇ ਦੱਸਿਆ ਕਿ ਉਹ ਸਾਰੇ ਸਕੂਲਾਂ ਵਿੱਚ ਫਾਇਰ ਸੇਫਟੀ ਬੁਨਿਆਦੀ ਢਾਂਚੇ ਦੀ ਉਸਾਰੀ ਦੀ ਪ੍ਰਕਿਰਿਆ ਬਾਰੇ ਇੰਜਨੀਅਰਿੰਗ ਵਿਭਾਗ ਨਾਲ ਤਾਲਮੇਲ ਕਰ ਰਹੇ ਹਨ। ਇਸ ਮੌਕੇ ਅੱਗ ਬੁਝਾਊ ਯੰਤਰਾਂ ਨੂੰ ਲਗਾਉਣ ਦੀ ਪ੍ਰਕਿਰਿਆ ਵਿੱਚ ਪ੍ਰਾਪਰਟੀ ਟੈਕਸ ਆਈਡੀ ਦੀ ਸਮੱਸਿਆ ਆ ਰਹੀ ਹੈ ਜਿਸ ਕਾਰਨ ਇਹ ਯੰਤਰ ਸਥਾਪਿਤ ਕਰਨ ਵਿਚ ਦੇਰੀ ਹੋ ਰਹੀ ਹੈ। ਚੇਅਰਪਰਸਨ ਨੇ ਸਕੂਲਾਂ ਨੂੰ ਹਦਾਇਤ ਕੀਤੀ ਕਿ ਫਰਵਰੀ ਤਕ ਸਾਰੇ ਸਕੂਲਾਂ ਵਿਚ ਮੌਕ ਡਰਿੱਲ ਕਰਵਾਉਣ ਲਈ ਪ੍ਰਬੰਧ ਕੀਤੇ ਜਾਣ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਨੇ ਸਕੂਲਾਂ ਦੀ ਜਾਂਚ ਕੀਤੀ ਸੀ ਤਾਂ ਪਤਾ ਲੱਗਿਆ ਕਿ ਨਗਰ ਨਿਗਮ ਨੇ ਚੰਡੀਗੜ੍ਹ ਦੇ ਸਿਰਫ਼ ਤਿੰਨ ਸਰਕਾਰੀ ਸਕੂਲਾਂ ਨੂੰ ਫਾਇਰ ਸੇਫਟੀ ਸਰਟੀਫਿਕੇਟ ਜਾਰੀ ਕੀਤੇ ਹਨ ਜਦੋਂਕਿ 75 ਸਰਕਾਰੀ ਸਕੂਲਾਂ ਅਤੇ 18 ਪ੍ਰਾਈਵੇਟ ਸਕੂਲਾਂ ਕੋਲ ਫਾਇਰ ਸੇਫਟੀ ਸਰਟੀਫਿਕੇਟਾਂ ਨਹੀਂ ਹਨ ਜਦੋਂਕਿ ਪੰਜ ਪ੍ਰਾਈਵੇਟ ਸਕੂਲਾਂ ਦੇ ਸਰਟੀਫਿਕੇਟਾਂ ਦੀ ਮਿਆਦ ਪੁੱਗ ਚੁੱਕੀ ਸੀ।

Advertisement
Author Image

sukhwinder singh

View all posts

Advertisement
Advertisement
×