ਐੱਮਵੀਏ ਵੱਲੋਂ ‘ਗੱਦਾਰ’ ਸ਼ਿੰਦੇ ਸਰਕਾਰ ਦਾ ਪੰਚਨਾਮਾ ਜਾਰੀ
ਮੁੰਬਈ, 13 ਅਕਤੂਬਰ
ਮਹਾਰਾਸ਼ਟਰ ’ਚ ਵਿਰੋਧੀ ਗੱਠਜੋੜ ਮਹਾਵਿਕਾਸ ਅਘਾੜੀ (ਐੱਮਵੀਏ) ਨੇ ਅੱਜ ਸੂਬੇ ਦੀ ਏਕਨਾਥ ਸ਼ਿੰਦੇ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ‘ਗਦਾਰਾਂਚਾ ਪੰਚਨਾਮਾ’ (ਗੱਦਾਰਾਂ ਦਾ ਪ੍ਰਤੱਖ ਰਿਕਾਰਡ) ਨਾਮੀ ਦਸਤਾਵੇਜ਼ ਜਾਰੀ ਕੀਤਾ ਹੈ। ਇਸ ਵਿੱਚ ਵਿਰੋਧੀ ਗੱਠਜੋੜ ਨੇ ਸ਼ਿੰਦੇ ਸਰਕਾਰ ’ਤੇ ਮਹਾਰਾਸ਼ਟਰ ਨਾਲ ‘ਵਿਸਾਹਘਾਤ’ ਕਰਨ ਤੇ ਗੁਆਂਂਢੀ ਗੁਜਰਾਤ ਦੇ ਹਿੱਤ ’ਚ ਕੰਮ ਕਰਨ ਦਾ ਦੋਸ਼ ਲਾਇਆ ਹੈ। ਐੱਮਵੀਏ ਵਿੱਚ ਊਧਵ ਠਾਕਰੇ ਦੀ ਅਗਵਾਈ ਸ਼ਿਵ ਸੈਨਾ (ਯੂਬੀਟੀ), ਸ਼ਰਦ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਅਤੇ ਕਾਂਗਰਸ ਸ਼ਾਮਲ ਹਨ। ਇਹ ਗੱਠਜੋੜ ਅਕਸਰ ਸੱਤਾਧਾਰੀ ਗੱਠਜੋੜ ‘ਮਹਾਯੁਤੀ’ ਉੱਤੇ ਗੁਜਰਾਤ ਦੇ ਹੱਕ ’ਚ ਜਾ ਰਹੇ ਵੱਡੇ ਪ੍ਰਾਜੈਕਟਾਂ ਨੂੰ ਰੋਕਣ ਦੀ ਢੁੱਕਵੇਂ ਨਾ ਚੁੱਕਣ ਦਾ ਦੋਸ਼ ਲਾਉਂਦਾ ਰਿਹਾ ਹੈ। ਐੇੱਮਵੀਏ ਦੀ ਪ੍ਰੈੱਸ ਕਾਨਫਰੰਸ ’ਚ ਊਧਵ ਠਾਕਰੇ ਨੇ ਸ਼ਿਵ ਸੈਨਾ ਤੇ ਐੱਨਸੀਪੀ ਵਿਚਾਲੇ ਹੋਈ ਵੰਡ ਦਾ ਹਵਾਲਾ ਦਿੰਦਿਆਂ ਆਖਿਆ, ‘‘ਸਿਰਫ ਮੈਂ ਅਤੇ ਸ਼ਰਦ ਪਵਾਰ ਹੀ ਨਹੀਂ ਹਾਂ ਜਿਨ੍ਹਾਂ ਨਾਲ ਗੱਦਾਰਾਂ ਨੇ ਵਿਸਾਹਘਾਤ ਕੀਤਾ ਹੈ ਬਲਕਿ ਮਹਾਰਾਸ਼ਟਰ ਨੂੰ ਵੀ ਧੋਖੇ ਦਾ ਸਾਹਮਣਾ ਕਰਨਾ ਪਿਆ ਹੈ। ਇਹ ਮਹਾਯੁਤੀ ਦਾ ਸਭ ਤੋਂ ਵੱਡਾ ਗੁਨਾਹ ਹੈ।’’ ਊਧਵ ਠਾਕਰੇ ਨੇ ਕਿਹਾ ਕਿ ਐੱਮਵੀਏ ਦੇ ਸੱਤਾ ’ਚ ਆਉਣ ’ਤੇ ਅਸੀਂ ਨੌਕਰੀਆਂ ਦੇਣ ’ਤੇ ਧਿਆਨ ਕੇਂਦਰਤ ਕਰਾਂਗੇ।
ਮਹਾਰਾਸ਼ਟਰ ’ਚ ਸੱਤਾਧਾਰੀ ਗੱਠਜੋੜ ‘ਮਹਾਯੁਤੀ’ ਵਿੱਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਐੱਨਸੀਪੀ ਸ਼ਾਮਲ ਹਨ। ਐੱਮਵੀਏ ਆਗੂਆਂ ਨੇ ਆਖਿਆ ਕਿ ‘ਗਦਾਰਾਂਚਾ ਪੰਚਨਾਮਾ’ ਵਿੱਚ ਸੂਬਾ ਸਰਕਾਰ ਦੇ ‘ਵਿਧਾਇਕਾਂ ਤੇ ਕੌਂਸਲਰਾਂ ਦੀ ਖਰੀਦ, ਸਰਕਾਰੀ ਅਧਿਕਾਰੀਆਂ ਦੀਆਂ ਬਦਲੀਆਂ, ਸਰਕਾਰੀ ਨੌਕਰਆਂ ’ਚ ਭਰਤੀ ਲਈ ਰੇਟ ਕਾਰਡ ਸਣੇ ਧਾਰਾਵੀ ਪੁਨਰਵਿਕਾਸ ਪ੍ਰਾਜੈਕਟ, (ਮੁੰਬਈ) ਕੰਕਰੀਟ ਸੜਕ ਪ੍ਰਾਜੈਕਟ ਅਤੇ ਟੈਂਡਰਾਂ ’ਚ ਘੁਟਾਲਿਆਂ ਦੀ ਸੂਚੀ ਹੈ।’’ ਪੰਚਨਾਮੇ ਵਿੱਚ ਜ਼ਰੂਰੀ ਵਸਤਾਂ ਦੇ ਭਾਅ ’ਚ ਇਤਿਹਾਸਕ ਵਾਧੇ ਦਾ ਵੀ ਜ਼ਿਕਰ ਹੈ।
ਕਾਂਗਰਸ ਦੀ ਮਹਾਰਾਸ਼ਟਰ ਇਕਾਈ ਦੇ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਇੱਥੋਂ ਤੱਕ ਕੇ ਸ਼ਿੰਦੇ ਸਰਕਾਰ ਨੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਬੁੱਤ ਲਾਉਣ ’ਚ ਵੀ ਭ੍ਰਿਸ਼ਟਾਚਾਰ ਕੀਤਾ ਜਦਕਿ ਔਰਤਾਂ ਖ਼ਿਲਾਫ਼ ਅਪਰਾਧ ਵਧ ਰਹੇ ਹਨ ਜੋ ਸੱਤਾਧਾਰੀ ਗੱਠਜੋੜ ਦਾ ਸਭ ਤੋਂ ‘ਗੰਭੀਰ ਪਾਪ’ ਹੈ। ਪਟੋਲੇ ਨੇ ਆਖਿਆ, ‘‘ਸ਼ਿੰਦੇ ਸਰਕਾਰ ਸੱਤਾ ਤੋਂ ਲਾਂਭੇ ਕਰਨੀ ਪਵੇਗੀ ਕਿਉਂਕਿ ਉਸ ਨੇ ਨਫ਼ਰਤ ਫੈਲਾਈ ਹੈ ਅਤੇ ਜਾਤਾਂ ਤੇ ਭਾਈਚਾਰਿਆਂ ’ਚ ਵਿਵਾਦ ਪੈਦਾ ਕੀਤੇ ਹਨ। -ਪੀਟੀਆਈ
ਮਹਾਰਾਟਸ਼ਰ ਦੇ ਲੋਕ ਸਿਆਸੀ ਤਬਦੀਲੀ ਲਈ ਕਾਹਲੇ: ਸ਼ਰਦ ਪਵਾਰ
ਮੁੰਬਈ: ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸਪੀ) ਮੁਖੀ ਸ਼ਰਦ ਪਵਾਰ ਨੇ ਅੱਜ ਆਖਿਆ ਕਿ ਮਹਾਰਾਸ਼ਟਰ ਦੇ ਲੋਕ ਸਿਆਸੀ ਤਬਦੀਲੀ ਲਈ ਕਾਹਲੇ ਹਨ ਤੇ ਭਰੋਸਾ ਜਤਾਇਆ ਕਿ ਸੂਬੇ ’ਚ ਅਗਾਮੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਚ ਇਹ ਭਾਵਨਾ ਝਲਕੇਗੀ। ਪ੍ਰੈੱਸ ਕਾਨਫਰੰਸ ਵਿੱਚ ਪਵਾਰ ਨੇ ਦਾਅਵਾ ਕੀਤਾ ਕਿ ਮਹਯੁਤੀ ਸ਼ਾਸਨ ਦੌਰਾਨ ਸੂਬਾ ਪ੍ਰਸ਼ਾਸਨ ਦੇ ਮਨੋਬਲ ਡਿੱਗਿਆ ਹੈ ਜਦਕਿ ਪ੍ਰਸ਼ਾਸਨ ਦੇਸ਼ ’ਚ ਸਰਵੋਤਮ ਮੰਨਿਆ ਜਾਂਦਾ ਸੀ। ਉਨ੍ਹਾਂ ਕਿਹਾ, ‘‘ਅਸੀਂ ਲੋਕਾਂ ਨੂੰ ਮੌਜੂਦਾ ਸਰਕਾਰ ਤੋਂ ਨਿਜਾਤ ਦਿਵਾਉਣਾ ਚਾਹੁੰਦੇ ਹਾਂ ਅਤੇ ਮੈਨੂੰ ਯਕੀਨ ਹੈ ਕਿ ਲੋਕ ਸਾਡਾ ਸਾਥ ਦੇਣਗੇ।’’ ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ’ਚ ਐੱਮਵੀਏ ਲੋਕ ਸਭਾ ਚੋਣਾਂ ਵਾਲਾ ਪ੍ਰਦਰਸ਼ਨ ਦੁਹਰਾਏਗਾ। -ਪੀਟੀਆਈ