ਸੂਬੇ ਦੀਆਂ ਪੰਚਾਇਤਾਂ ਨੂੰ ਹਾਈਟੈੱਕ ਕੀਤਾ ਜਾਵੇਗਾ: ਸੈਣੀ
ਪੀਪੀ ਵਰਮਾ
ਪੰਚਕੂਲਾ, 12 ਜੁਲਾਈ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਦੇਰ ਸ਼ਾਮ ਪਿੰਜੌਰ ਦੇ ਯਾਦਵਿੰਦਰਾ ਗਾਰਡਨ ਵਿੱਚ 31ਵੇਂ ਮੈਂਗੋ ਮੇਲੇ ਦਾ ਉਦਘਾਟਨ ਕੀਤਾ। ਇਹ ਮੇਲਾ ਹਰਿਆਣਾ ਟੂਰਿਜ਼ਮ ਅਤੇ ਹਰਿਆਣਾ ਬਾਗਬਾਨੀ ਵਿਭਾਗ ਵੱਲੋਂ ਸਾਂਝੇ ਰੂਪ ਵਿੱਚ ਲਗਾਇਆ ਗਿਆ। ਮੁੱਖ ਮੰਤਰੀ ਨੇ ਇੱਥੇ 200 ਤੋਂ ਵੱਧ ਅੰਬਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਭਾਈਚਾਰਾ ਅਤੇ ਏਕਤਾ ਵਧਾਉਂਦੇ ਹਨ ਅਤੇ ਵੱਖ-ਵੱਖ ਰਾਜਾਂ ਦੇ ਅੰਬ ਉਤਪਾਦਕਾਂ ਨੂੰ ਉਤਸ਼ਾਹਿਤ ਵੀ ਕਰਦੇ ਹਨ। ਮੁੱਖ ਮੰਤਰੀ ਦੇ ਗਾਰਡਨ ਵਿੱਚ ਪਹੁੰਚਣ ’ਤੇ ਨਗਾੜਾ ਪਾਰਟੀ, ਜੰਗਮ ਪਾਰਟੀ, ਬੈਗ ਪਾਈਪਰ ਬੈਂਡ, ਬੀਨ ਵਾਜਾ ਪਾਰਟੀ ਅਤੇ ਕਈ ਲੋਕ ਕਲਾਕਾਰਾਂ ਨੇ ਪ੍ਰੋਗਰਾਮ ਪੇਸ਼ ਕੀਤੇ। ਮੇਲੇ ਵਿੱਚ ਦਸ਼ਹਿਰੀ ਅੰਬ, ਚੌਸਾ, ਲਗੜਾ, ਅਮਰਪਾਲੀ, ਰਤੌਲ, ਮਾਲਦਾ, ਮਲਿਕਾ, ਅੰਬਿਕਾ, ਰਾਮਕੇਲਾ, ਤੋਤਾ ਅੰਬ ਦੀਆਂ ਕਿਸਮਾਂ ਪ੍ਰਦਰਸ਼ਨੀ ਵਿੱਚ ਰੱਖੀਆਂ ਗਈਆਂ ਸਨ, ਜਿਨ੍ਹਾਂ ਨੂੰ ਕਾਫੀ ਸਹਿਰਾਇਆ ਗਿਆ। ਮੇਲੇ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਚੰਡੀਗੜ੍ਹ ਦੇ ਅੰਬ ਉਤਪਾਦਕ ਭਾਗ ਲੈ ਰਹੇ ਹਨ ਅਤੇ ਅੰਬਾਂ ਦੇ ਕਾਸ਼ਤਕਾਰਾਂ ਵੱਲੋਂ ਸੈਮੀਨਾਰ ਵਿੱਚ ਭਾਗ ਲਿਆ ਜਾਵੇਗਾ। ਇਹ ਅੰਬ ਮੇਲਾ 14 ਜੁਲਾਈ ਤੱਕ ਚੱਲੇਗਾ।
ਉਥੇ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਚਕੂਲਾ ਵਿੱਚ ਰਾਜ ਭਰ ਦੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਪੰਚਾਇਤਾਂ ਨੂੰ ਹਾਈਟੈੱਕ ਕਰਨ ਲਈ ਹਰ ਪਿੰਡ ਵਿੱਚ ਕੰਪਿਊਟਰ ਸੈਂਟਰ ਬਣੇਗਾ ਅਤੇ ਕੰਪਿਊਟਰ ਆਪਰੇਟਰ ਨਿਯੁਕਤ ਕੀਤੇ ਜਾਣਗੇ।