ਪੰਜਵੀਂ ਵਾਰ ਸਰਬਸਮੰਤੀ ਨਾਲ ਬਣੀ ਸੀਚੇਵਾਲ ਪਿੰਡ ਦੀ ਪੰਚਾਇਤ
ਪੱਤਰ ਪ੍ਰੇਰਕ
ਜਲੰਧਰ, 3 ਅਕਤੂਬਰ
ਪਿੰਡ ਸੀਚੇਵਾਲ ਦੀ ਗ੍ਰਾਮ ਪੰਚਾਇਤ ਪੰਜਵੀਂ ਵਾਰ ਸਰਬਸਮੰਤੀ ਨਾਲ ਚੁਣੀ ਗਈ। ਇਸ ਚੋਣ ਵਿੱਚ ਬੂਟਾ ਸਿੰਘ ਨੂੰ ਸਰਪੰਚ ਚੁਣਿਆ ਗਿਆ ਹੈ। ਪੰਚਾਇਤ ਘਰ ਵਿੱਚ ਹੋਏ ਇੱਕਠ ਦੌਰਾਨ ਪਿੰਡ ਦੇ ਲੋਕਾਂ ਦਾ ਵੱਡਾ ਇੱਕਠ ਹੋਇਆ। ਇਸ ਦੌਰਾਨ ਸਰਬਸਮੰਤੀ ਨਾਲ 7 ਪੰਚਾਇਤ ਮੈਂਬਰਾਂ ਦੀ ਚੋਣ ਕੀਤੀ ਗਈ। ਜਦੋਂ ਬੂਟਾ ਸਿੰਘ ਨੂੰ ਸਰਪੰਚ ਬਣਾਉਣ ਦੀ ਗੱਲ ਪਿੰਡ ਦੇ ਲੋਕਾਂ ਵਿੱਚ ਰੱਖੀ ਗਈ ਤਾਂ ਸਾਰੇ ਲੋਕਾਂ ਨੇ ਇੱਕਸੁਰ ਹੁੰਦਿਆ ਸਹਿਮਤੀ ਪ੍ਰਗਟਾਈ।
ਜੈਕਾਰਿਆਂ ਦੀ ਗੂੰਜ ਵਿੱਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵੀਂ ਚੁਣੀ ਗਈ ਪੰਚਾਇਤ ਦੇ ਮੈਂਬਰਾਂ ਦਾ ਸਨਮਾਨ ਕੀਤਾ। ਪੰਚਾਂ ਵਿੱਚ ਸੁਰਜੀਤ ਸਿੰਘ ਸ਼ੰਟੀ, ਗੁਰਮੇਲ ਸਿੰਘ, ਸੁਲੱਖਣ ਸਿੰਘ, ਸੁਰਜੀਤ ਸਿੰਘ, ਹਰਜਿੰਦਰ ਕੌਰ, ਕਮਲਜੀਤ ਕੌਰ ਅਤੇ ਗੁਰਪ੍ਰੀਤ ਕੌਰ ਸ਼ਾਮਿਲ ਹਨ।
ਦੋ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋਈ
ਸ਼ਾਹਕੋਟ (ਪੱਤਰ ਪ੍ਰੇਰਕ): ਤਿੰਨ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਪਿੰਡ ਰੂਪੇਵਾਲ ਦੇ ਗੁਰਦੁਆਰੇ ਵਿਖੇ ਪਿੰਡ ਦਾ ਸਮੁੱਚਾ ਇਕੱਠ ਕੀਤਾ ਗਿਆ। ਪਿੰਡ ਦੇ ਇਕੱਠ ਵਿੱਚ ਸਰਬਸੰਮਤੀ ਨਾਲ ਬਲਜੀਤ ਸਿੰਘ ਗੱਬਰ ਨੂੰ ਸਰਪੰਚ ਅਤੇ ਪਰਮਿੰਦਰ ਸਿੰਘ, ਬਲਵਿੰਦਰ ਸਿੰਘ, ਬਲਜਿੰਦਰ ਸਿੰਘ ਬਾਬਾ, ਦਲਵਿੰਦਰ ਸਿੰਘ, ਕੁਲਦੀਪ ਕੌਰ, ਰਾਜਵਿੰਦਰ ਕੌਰ ਤੇ ਪੂਜਾ ਦੀ ਪੰਚ ਵਜੋਂ ਚੋਣ ਕੀਤੀ ਗਈ। ਮੱਲ੍ਹੀਆਂ ਖੁਰਦ ਦੇ ਪਿੰਡ ਵਾਸੀਆਂ ਨੇ ਇਕੱਠ ਕਰਕੇ ਸਰਬਸੰਮਤੀ ਨਾਲ ਗੁਰਮੀਤ ਸਿੰਘ ਨੂੰ ਸਰਪੰਚ, ਗੁਰਪਾਲ ਸਿੰਘ, ਰਾਜਨ ਕਲਿਆਣ, ਪਰਮਿੰਦਰ ਸਿੰਘ, ਦੀਨਾ ਨਾਥ, ਪਰਮਜੀਤ ਕੌਰ, ਸੁਖਜਿੰਦਰ ਕੌਰ ਤੇ ਕਿਰਨਜੀਤ ਕੌਰ ਨੂੰ ਪੰਚ ਚੁਣ ਲਿਆ।