ਗ਼ਦਰੀ ਬਾਬਿਆਂ ਦਾ ਮੇਲਾ 7 ਤੋਂ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਨਵੰਬਰ
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦਾ ਮੇਲਾ 7 ਨਵੰਬਰ ਬਾਅਦ ਦੁਪਹਿਰ 2 ਵਜੇ ਚ੍ਰਿਤਰਕਲਾ ਅਤੇ ਫੋਟੋ ਕਲਾ ਪ੍ਰਦਰਸ਼ਨੀ ਦੇ ਉਦਘਾਟਨ ਨਾਲ ਸ਼ੁਰੂ ਹੋਵੇਗਾ। ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ ਨਾਮਵਰ ਚਿੱਤਰਕਾਰ ਅਤੇ ਫੋਟੋਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਕਲਾ ਕਿਰਤਾਂ ਨਾਲ ਮਹਾਨ ਗ਼ਦਰੀ ਦੇਸ਼ ਭਗਤਾਂ ਦੀ ਘਾਲਣਾ ਨੂੰ ਸਿਰ ਨਵਾ ਕੇ ਪ੍ਰਣਾਮ ਕਰਨਗੇ। ਇਸ ਮੌਕੇ ਇਨ੍ਹਾਂ ਨਾਮਵਰ ਕਲਾਕਾਰਾਂ ਦਾ ਸਨਮਾਨ ਕੀਤਾ ਜਾਏਗਾ। ਅਹੁਦੇਦਾਰਾਂ ਨੇ ਦੱਸਿਆ ਕਿ 7 ਨਵੰਬਰ ਨੂੰ ਹੀ ਸ਼ਾਮ 4 ਵਜੇ ਡਾ. ਸੁਰਜੀਤ ਪਾਤਰ, ਸ੍ਰੀਮਤੀ ਕੈਲਾਸ਼ ਕੌਰ, ਇਕਬਾਲ ਖ਼ਾਨ, ਕੁਲਦੀਪ ਜਲੂਰ,ਅਮਰਜੀਤ ਪ੍ਰਦੇਸੀ ਅਤੇ ਹਰਬੰਸ ਹੀਓਂ ਜੋ ਸਾਡੇ ਕਾਫ਼ਲੇ ’ਚੋਂ ਵਿਛੜ ਗਏ ਉਨ੍ਹਾਂ ਨੂੰ ਸਿਜਦਾ ਕੀਤਾ ਜਾਏਗਾ। ਉਨ੍ਹਾਂ ਦੱਸਿਆ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਮੂਹ ਵਿਦਿਅਕ ਸੰਸਥਾਵਾਂ, ਜਨਤਕ ਜਮਹੂਰੀ ਜਥੇਬੰਦੀਆਂ ਅਤੇ ਲੋਕ ਸਰੋਕਾਰਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੂੰ ਮੇਲੇ ਦੀ ਹਰ ਸੰਭਵ ਮਦਦ ਕਰਨ ਅਤੇ ਕਾਫ਼ਲੇ ਬੰਨ੍ਹ ਕੇ ਮੇਲੇ ਵਿੱਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਜਨਤਕ ਅਪੀਲ ਕੀਤੀ ਗਈ ਹੈ।