ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਚਾਇਤ ਚੋਣਾਂ: ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਅੱਜ

06:55 AM Oct 15, 2024 IST
ਪੰਚਾਇਤ ਚੋਣਾਂ ਦੀ ਪੂਰਬਲੀ ਸੰਧਿਆ ਲੁਧਿਆਣਾ ਵਿੱਚ ਬੈਲੇਟ ਬਕਸੇ ਲੈ ਕੇ ਜਾਂਦੇ ਹੋਏ ਚੋਣ ਅਮਲੇ ਦੇ ਮੈਂਬਰ। -ਫੋਟੋ: ਹਿਮਾਂਸ਼ੂ ਮਹਾਜਨ

* ਸਵੇਰੇ ਅੱਠ ਤੋਂ ਸ਼ਾਮ ਚਾਰ ਵਜੇ ਤੱਕ ਪੈਣਗੀਆਂ ਵੋਟਾਂ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 14 ਅਕਤੂਬਰ
ਪੰਜਾਬ ’ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੰਗਲਵਾਰ ਨੂੰ ਵੋਟਾਂ ਪੈਣਗੀਆਂ। ਭਲਕੇ ਸਵੇਰੇ ਅੱਠ ਤੋਂ ਸ਼ਾਮ ਚਾਰ ਵਜੇ ਤੱਕ ਵੋਟਾਂ ਪੈਣਗੀਆਂ ਹਨ। ਵੋਟਾਂ ਦੀ ਗਿਣਤੀ ਪੋਲਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗੀ ਅਤੇ ਦੇਰ ਸ਼ਾਮ ਤੱਕ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ। ਪੰਚਾਇਤ ਚੋਣਾਂ ਵਿਚ ਵੱਡੇ ਪੱਧਰ ’ਤੇ ਤਿਕੋਣੇ ਮੁਕਾਬਲੇ ਹੋਣਗੇ। ਸੂਬੇ ਦੇ ਕਰੀਬ 1.33 ਕਰੋੜ ਵੋਟਰ 1.06 ਲੱਖ ਉਮੀਦਵਾਰਾਂ (ਪੰਚ ਤੇ ਸਰਪੰਚ) ਦੀ ਚੋਣ ਲਈ ਆਪਣੇ ਹੱਕ ਦੀ ਵਰਤੋਂ ਕਰਨਗੇ। ਪੰਜਾਬ ਪੁਲੀਸ ਨੇ ਚੋਣਾਂ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਅਤੇ 168 ਸਫ਼ਿਆਂ ਦਾ ਸੁਰੱਖਿਆ ਪਲਾਨ ਤਿਆਰ ਕੀਤਾ ਹੈ। ਸੂਬੇ ਵਿਚ 1001 ਪੋਲਿੰਗ ਸਟੇਸ਼ਨ ਅਤਿ ਸੰਵੇਦਨਸ਼ੀਲ ਐਲਾਨੇ ਗਏ ਹਨ ਜਿਨ੍ਹਾਂ ’ਤੇ ਪੰਜ-ਪੰਜ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਇਸੇ ਤਰ੍ਹਾਂ ਸੰਵੇਦਨਸ਼ੀਲ ਐਲਾਨੇ ਗਏ ਪੋਲਿੰਗ ਸਟੇਸ਼ਨਾਂ ’ਤੇ ਤਿੰਨ-ਤਿੰਨ ਪੁਲੀਸ ਮੁਲਾਜ਼ਮ ਲਾਏ ਗਏ ਹਨ।

ਐੱਸਐੱਸਪੀ ਹਰਕਮਲ ਪ੍ਰੀਤ ਸਿੰਘ ਜਲੰਧਰ ਦੇ ਇੱਕ ਪੋਲਿੰਗ ਬੂਥ ’ਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਸਰਬਜੀਤ ਸਿੰਘ

ਪ੍ਰਦੇਸ਼ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਨਿਰਪੱਖ ਅਤੇ ਸੁਤੰਤਰ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ। ਚੌਧਰੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਜੋ ਕਿਤੇ ਵੀ ਸ਼ਾਂਤੀ ਭੰਗ ਨਾ ਹੋਵੇ। ਉਨ੍ਹਾਂ ਦੱਸਿਆ ਕਿ ਪੁਲੀਸ ਦੇ ਉੱਡਣ ਦਸਤੇ ਵੀ ਤਾਇਨਾਤ ਰਹਿਣਗੇ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਡੀਜੀਪੀ ਗੌਰਵ ਯਾਦਵ ਨਾਲ ਗੱਲਬਾਤ ਕਰਕੇ ਸਖ਼ਤ ਸੁਰੱਖਿਆ ਇੰਤਜ਼ਾਮ ਕਰਨ ਵਾਸਤੇ ਕਿਹਾ ਤਾਂ ਜੋ ਕਿਤੇ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਉਮੀਦਵਾਰਾਂ ਨੇ ਪੋਲਿੰਗ ਸਟੇਸ਼ਨਾਂ ਦੇ ਨੇੜੇ ਆਪਣੇ ਟੈਂਟ ਲਗਾ ਲਏ ਹਨ ਅਤੇ ਇਹ ਉਮੀਦਵਾਰ ਆਪਣੀ ਜਿੱਤ ਯਕੀਨੀ ਬਣਾਉਣ ਲਈ ਆਖ਼ਰੀ ਵਾਹ ਲਾ ਰਹੇ ਹਨ। ਬਹੁਤੇ ਪਿੰਡਾਂ ਵਿਚ ਸਿਰ-ਧੜ ਦੀ ਬਾਜ਼ੀ ਲੱਗੀ ਹੋਈ ਅਤੇ ਵੱਕਾਰੀ ਚੋਣ ਹੋਣ ਕਰਕੇ ਲੜਾਈ-ਝਗੜੇ ਦਾ ਖ਼ਤਰਾ ਵੀ ਮੰਡਰਾ ਰਿਹਾ ਹੈ। ਕਰੀਬ ਹਫ਼ਤਾ ਭਰ ਚੱਲਿਆ ਚੋਣ ਪ੍ਰਚਾਰ ਲੰਘੇ ਕੱਲ੍ਹ ਖ਼ਤਮ ਹੋ ਗਿਆ ਸੀ ਅਤੇ ਅੱਜ ਉਮੀਦਵਾਰਾਂ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ। ਬੇਸ਼ੱਕ ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਰਹੇ ਹਨ ਪ੍ਰੰਤੂ ਪ੍ਰਮੁੱਖ ਤਿੰਨ ਸਿਆਸੀ ਧਿਰਾਂ ‘ਆਪ’, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਲਈ ਪੰਚਾਇਤ ਚੋਣਾਂ ਵੱਕਾਰ ਦਾ ਸਵਾਲ ਹਨ। ਭਾਜਪਾ ਵੱਲੋਂ ਕੁੱਝ ਹਿੱਸਿਆਂ ’ਚ ਹੀ ਉਮੀਦਵਾਰ ਖੜ੍ਹੇ ਕੀਤੇ ਗਏ ਹਨ। ਆਮ ਆਦਮੀ ਪਾਰਟੀ ਵੱਲੋਂ ਆਪਣੀ ਹਕੂਮਤ ਦੌਰਾਨ ਇਹ ਪਹਿਲੀ ਪੰਚਾਇਤੀ ਚੋਣ ਲੜੀ ਜਾ ਰਹੀ ਹੈ ਅਤੇ ਪਿੰਡਾਂ ਵਿਚ ਆਧਾਰ ਖੜ੍ਹਾ ਕਰਨ ਲਈ ‘ਆਪ’ ਇਨ੍ਹਾਂ ਚੋਣਾਂ ਨੂੰ ਢੁੱਕਵਾਂ ਮੌਕਾ ਮੰਨ ਰਹੀ ਹੈ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਇਨ੍ਹਾਂ ਚੋਣਾਂ ਦੇ ਬਲਬੂਤੇ ਆਪਣੀ ਸਿਆਸੀ ਪੈਂਠ ਨੂੰ ਸੁਰਜੀਤ ਕਰਨ ਵਿਚ ਜੁਟਿਆ ਹੋਇਆ ਹੈ।

Advertisement

ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ

ਜ਼ਿਲ੍ਹਾ ਚੋਣ ਅਫ਼ਸਰਾਂ ਵੱਲੋਂ ਅੱਜ ਦੁਪਹਿਰ ਤੱਕ ਪੋਲਿੰਗ ਸਟਾਫ਼ ਨੂੰ ਚੋਣ ਸਮੱਗਰੀ ਵੰਡੀ ਗਈ ਅਤੇ ਚੋਣ ਅਮਲਾ ਸੁਰੱਖਿਆ ਪ੍ਰਬੰਧ ਹੇਠ ਪੋਲਿੰਗ ਸਟੇਸ਼ਨਾਂ ’ਤੇ ਪੁੱਜ ਗਿਆ। ਵੋਟਾਂ ਲਈ 19,110 ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਲਈ 96 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਸੂਬੇ ਭਰ ਵਿਚ 23 ਆਬਜ਼ਰਵਰ ਚੋਣ ਪ੍ਰਕਿਰਿਆ ’ਤੇ ਨਜ਼ਰ ਰੱਖ ਰਹੇ ਹਨ। ਸੂਬੇ ਵਿਚ 13,237 ਪੰਚਾਇਤਾਂ ਲਈ ਚੋਣ ਹੋ ਰਹੀ ਹੈ। ਇਨ੍ਹਾਂ ਚੋਣਾਂ ਵਿਚ ਕੁੱਲ 13,237 ਸਰਪੰਚ ਅਤੇ 83,427 ਪੰਚ ਚੁਣੇ ਜਾਣੇ ਹਨ ਜਿਨ੍ਹਾਂ ਵਾਸਤੇ ਸਰਪੰਚੀ ਲਈ 25,588 ਅਤੇ ਪੰਚੀ ਦੇ ਅਹੁਦੇ ਲਈ 80,598 ਉਮੀਦਵਾਰ ਚੋਣ ਮੈਦਾਨ ਵਿਚ ਹਨ।

ਮੁੱਖ ਮੰਤਰੀ ਵੱਲੋਂ ਭਾਈਚਾਰਾ ਕਾਇਮ ਰੱਖਣ ਦੀ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤੀ ਚੋਣਾਂ ’ਤੇ ਲਗਾਈ ਰੋਕ ਹਟਾਉਣ ਲਈ ਹਾਈ ਕੋਰਟ ਦਾ ਧੰਨਵਾਦ ਕਰਦਿਆਂ ਪੰਜਾਬੀਆਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਸੁਤੰਤਰਤਾ ਅਤੇ ਨਿਰਪੱਖਤਾ ਨਾਲ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫ਼ੈਸਲੇ ਨੇ ਲੋਕਾਂ ਨੂੰ ਇਨ੍ਹਾਂ ਚੋਣਾਂ ਵਿਚ ਖੁੱਲ੍ਹ ਕੇ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਚੋਣਾਂ ਦੌਰਾਨ ਪੰਜਾਬੀਆਂ ਨੂੰ ਫ਼ਿਰਕੂ ਸਦਭਾਵਨਾ, ਸ਼ਾਂਤੀ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਲਈ ਕਿਹਾ ਹੈ। ਉਨ੍ਹਾਂ ਲੋਕਾਂ ਨੂੰ ਪਿੰਡਾਂ ਵਿੱਚ ਯੋਗ ਨੁਮਾਇੰਦੇ ਚੁਣਨ ਅਤੇ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ ਕਰਦਿਆਂ ਉਮੀਦਵਾਰਾਂ ਨੂੰ ਸੁੱਭ ਕਾਮਨਾਵਾਂ ਵੀ ਦਿੱਤੀਆਂ ਹਨ।

ਹਾਈ ਕੋਰਟ ਵੱਲੋਂ 700 ਪਟੀਸ਼ਨਾਂ ਰੱਦ

ਚੰਡੀਗੜ੍ਹ:

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਚਾਇਤ ਚੋਣਾਂ ਨੂੰ ਚੁਣੌਤੀ ਦੇਣ ਵਾਲੀਆਂ ਕਰੀਬ 700 ਪਟੀਸ਼ਨਾਂ ਨੂੰ ਅੱਜ ਰੱਦ ਕਰ ਦਿੱਤਾ ਹੈ। ਹਾਈ ਕੋਰਟ ਦੇ ਇਸ ਫ਼ੈਸਲੇ ਨਾਲ ਭਲਕੇ ਪੈਣ ਵਾਲੀਆਂ ਵੋਟਾਂ ਦਾ ਰਾਹ ਪੱਧਰਾ ਹੋ ਗਿਆ ਹੈ। ਵੋਟਾਂ ਤੋਂ ਐਨ ਇੱਕ ਦਿਨ ਪਹਿਲਾਂ ਆਏ ਫ਼ੈਸਲੇ ਨਾਲ ਪੰਜਾਬ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਚੋਣ ਕਮਿਸ਼ਨ ਨੇ ਗਿੱਦੜਬਾਹਾ ਬਲਾਕ ਦੀਆਂ 20 ਪੰਚਾਇਤਾਂ ਦੀ ਚੋਣ ਰੱਦ ਕਰ ਦਿੱਤੀ ਸੀ, ਜਿੱਥੇ ਭਲਕੇ ਚੋਣ ਨਹੀਂ ਹੋਵੇਗੀ, ਜਦੋਂ ਕਿ ਬਾਕੀ ਸਮੁੱਚੇ ਪੰਜਾਬ ਵਿਚ ਵੋਟਾਂ ਪੈਣਗੀਆਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁੱਝ ਦਿਨ ਪਹਿਲਾਂ ਸੂਬੇ ਦੀਆਂ 205 ਪੰਚਾਇਤਾਂ ਦੀ ਚੋਣ ’ਤੇ ਰੋਕ ਲਗਾ ਦਿੱਤੀ ਸੀ। ਡਿਵੀਜ਼ਨ ਬੈਂਚ ਨੇ ਅੱਜ ਇਨ੍ਹਾਂ ਪੰਚਾਇਤਾਂ ਦੀ ਚੋਣ ’ਤੇ ਲੱਗੀ ਰੋਕ ਵੀ ਹਟਾ ਦਿੱਤੀ ਹੈ ਅਤੇ ਪੰਚਾਇਤੀ ਚੋਣਾਂ ਨਾਲ ਸਬੰਧਤ ਸਮੁੱਚੀਆਂ ਪਟੀਸ਼ਨਾਂ ਨੂੰ ਖ਼ਾਰਜ ਕਰ ਦਿੱਤਾ ਹੈ। ਹਾਈ ਕੋਰਟ ਵਿੱਚ ਅੱਜ 200 ਤੋਂ ਵੱਧ ਨਵੀਆਂ ਪਟੀਸ਼ਨਾਂ ਦਾਇਰ ਹੋਈਆਂ, ਜਿਨ੍ਹਾਂ ’ਤੇ ਭਲਕੇ ਸੁਣਵਾਈ ਹੋਵੇਗੀ। ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਕਿਹਾ ਕਿ ਪਟੀਸ਼ਨਾਂ ਦੇ ਖ਼ਾਰਜ ਹੋਣ ਮਗਰੋਂ ਇਨ੍ਹਾਂ ਪੰਚਾਇਤਾਂ ਦੀ ਚੋਣ ਵੀ ਭਲਕੇ ਹੀ ਹੋਵੇਗੀ। ਹਾਈ ਕੋਰਟ ਦੇ ਜਸਟਿਸ ਸੁਰੇਸ਼ਵਰ ਠਾਕੁਰ ਅਤੇ ਜਸਟਿਸ ਸੁਦੀਪਤੀ ਸ਼ਰਮਾ ਦੀ ਅਗਵਾਈ ਹੇਠਲੇ ਡਿਵੀਜ਼ਨ ਬੈਂਚ ਨੇ ਪਟੀਸ਼ਨਾਂ ਦਾ ਨਿਪਟਾਰਾ ਕਰਦਿਆਂ ਫ਼ੈਸਲੇ ਨੂੰ ਤਿੰਨ ਹਿੱਸਿਆਂ ’ਚ ਵੰਡ ਕੇ ਸੁਣਾਇਆ। ਵੋਟਰ ਸੂਚੀਆਂ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਅਦਾਲਤ ਨੇ ਨਿਪਟਾਰੇ ਲਈ ਰਾਜ ਚੋਣ ਕਮਿਸ਼ਨ ਕੋਲ ਭੇਜ ਦਿੱਤੀਆਂ ਹਨ ਅਤੇ ਚੋਣ ਕਮਿਸ਼ਨ ਭਲਕੇ ਇਨ੍ਹਾਂ ਬਾਰੇ ਅਦਾਲਤ ਨੂੰ ਪ੍ਰਗਤੀ ਤੋਂ ਜਾਣੂ ਕਰਾਏਗਾ। ਦੂਸਰਾ, ਵਾਰਡਬੰਦੀ ਅਤੇ ਰਾਖਵੇਂਕਰਨ ਨਾਲ ਸਬੰਧਤ ਪਟੀਸ਼ਨਾਂ ਨੂੰ ਵੀ ਖ਼ਾਰਜ ਕੀਤਾ ਗਿਆ ਹੈ, ਕਿਉਂਕਿ ਅਦਾਲਤ ਪਹਿਲਾਂ ਹੀ 3 ਅਕਤੂਬਰ ਨੂੰ ਅਜਿਹਾ ਫ਼ੈਸਲਾ ਸੁਣਾ ਚੁੱਕੀ ਹੈ। ਤੀਜਾ, ਨਾਮਜ਼ਦਗੀ ਦਾਖਲ ਕਰਨ ਤੇ ਉਨ੍ਹਾਂ ਦੀ ਪੜਤਾਲ ਤੋਂ ਇਲਾਵਾ ਕਾਗ਼ਜ਼ ਵਾਪਸੀ ਨਾਲ ਸਬੰਧਤ ਪਟੀਸ਼ਨਾਂ ਨੂੰ ਖ਼ਾਰਜ ਕੀਤਾ ਗਿਆ ਹੈ। ਕੁੱਝ ਪਟੀਸ਼ਨਾਂ ’ਤੇ ਪਹਿਲਾਂ 16 ਅਕਤੂਬਰ ਨੂੰ ਸੁਣਵਾਈ ਰੱਖੀ ਗਈ ਸੀ ਪ੍ਰੰਤੂ ਐਡਵੋਕੇਟ ਜਨਰਲ ਨੇ ਉਨ੍ਹਾਂ ਦੀ ਅਗੇਤੀ ਸੁਣਵਾਈ ਲਈ ਅਰਜ਼ੀ ਲਗਾਈ ਸੀ। ਉਨ੍ਹਾਂ ਪਟੀਸ਼ਨਾਂ ’ਤੇ ਵੀ ਅੱਜ ਹੀ ਫ਼ੈਸਲਾ ਸੁਣਾਇਆ ਗਿਆ ਹੈ। ਪੰਚਾਇਤ ਚੋਣਾਂ ਨਾਲ ਸਬੰਧਤ ਪਟੀਸ਼ਨਾਂ ਵਿਚ ਵੋਟਰ ਸੂਚੀਆਂ, ਵਾਰਡਬੰਦੀ, ਰਾਖਵੇਂਕਰਨ, ਨਾਮਜ਼ਦਗੀਆਂ ਆਦਿ ਨੂੰ ਚੁਣੌਤੀ ਦਿੱਤੀ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦਾ ਕਹਿਣਾ ਸੀ ਕਿ ਉਹ ਅਦਾਲਤ ਦੇ ਫ਼ੈਸਲੇ ’ਤੇ ਕੋਈ ਕਿੰਤੂ ਨਹੀਂ ਕਰਨਗੇ ਪ੍ਰੰਤੂ ਹਕੀਕਤ ਵਿਚ ਪੰਚਾਇਤੀ ਚੋਣਾਂ ਵਿਚ ਹੋਈ ਧੱਕੇਸ਼ਾਹੀ ਤੋਂ ਹਰ ਕੋਈ ਜਾਣੂ ਹੈ।

Advertisement