For the best experience, open
https://m.punjabitribuneonline.com
on your mobile browser.
Advertisement

ਬਹਿਰਾਈਚ: ਹਿੰਸਕ ਭੀੜ ਨੇ ਦੁਕਾਨਾਂ ਅਤੇ ਵਾਹਨ ਸਾੜੇ

07:41 AM Oct 15, 2024 IST
ਬਹਿਰਾਈਚ  ਹਿੰਸਕ ਭੀੜ ਨੇ ਦੁਕਾਨਾਂ ਅਤੇ ਵਾਹਨ ਸਾੜੇ
ਉੱਤਰ ਪ੍ਰਦੇਸ਼ ਦੇ ਬਹਿਰਾਈਚ ਵਿੱਚ ਹਿੰਸਾ ਪ੍ਰਭਾਵਿਤ ਇਲਾਕੇ ਵਿੱਚ ਗੈਰਸਮਾਜਿਕ ਅਨਸਰਾਂ ਵੱਲੋਂ ਸੜਕ ਵਿਚਾਲੇ ਕਿਸੇ ਚੀਜ਼ ਨੂੰ ਲਾਈ ਅੱਗ। -ਫੋਟੋ: ਪੀਟੀਆਈ
Advertisement

* ਪੀੜਤ ਦੇ ਪਰਿਵਾਰ ਨੂੰ ਅੱਜ ਮਿਲ ਸਕਦੇ ਹਨ ਯੋਗੀ

Advertisement

ਬਹਿਰਾਈਚ, 14 ਅਕਤੂਬਰ
ਉੱਤਰ ਪ੍ਰਦੇਸ਼ ਦੇ ਬਹਿਰਾਈਚ ’ਚ ਦੁਰਗਾ ਵਿਸਰਜਨ ਜਲਸੇ ਦੌਰਾਨ ਨੌਜਵਾਨ ਦੀ ਹੱਤਿਆ ਤੋਂ ਭੜਕੀ ਭੀੜ ਨੇ ਅੱਜ ਸੜਕਾਂ ’ਤੇ ਜੰਮ ਕੇ ਹਿੰਸਾ ਕੀਤੀ ਅਤੇ ਦੁਕਾਨਾਂ ਤੇ ਵਾਹਨਾਂ ਨੂੰ ਅੱਗ ਹਵਾਲੇ ਕਰ ਦਿੱਤਾ। ਪੁਲੀਸ ਨੇ ਮਨਸੂਰ ਪਿੰਡ ਦੇ ਮਹਰਾਜਗੰਜ ਇਲਾਕੇ ’ਚ ਫੈਲੀ ਹਿੱਸਾ ਦੇ ਸਬੰਧ ’ਚ ਤਿੰਨ ਵਿਅਕਤੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਦਕਿ ਛੇ ਹੋਰਾਂ ਅਤੇ 24 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਕਰੀਬ 30 ਨੂੰ ਹਿਰਾਸਤ ’ਚ ਲਿਆ ਹੈ। ਪਥਰਾਅ ਅਤੇ ਗੋਲੀਬਾਰੀ ’ਚ ਕਰੀਬ ਅੱਧਾ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ। ਪ੍ਰਸ਼ਾਸਨ ਨੇ ਇਹਤਿਆਤ ਵਜੋਂ ਬਹਿਰਾਈਚ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ। ਇਸ ਦੌਰਾਨ ਰਾਮ ਗੋਪਾਲ ਮਿਸ਼ਰਾ ਦਾ ਭਾਰੀ ਸੁਰੱਖਿਆ ਹੇਠ ਅੰਤਿਮ ਸਸਕਾਰ ਕਰ ਦਿੱਤਾ ਗਿਆ। ਕਈ ਥਾਵਾਂ ’ਤੇ ਪ੍ਰਦਰਸ਼ਨਕਾਰੀਆਂ ਨੇ ਪੁਲੀਸ ਅਤੇ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ, ਜਦਕਿ ਪੁਲੀਸ ਨੇ ਇਲਾਕੇ ’ਚ ਫਲੈਗ ਮਾਰਚ ਕੀਤਾ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਹਿੰਸਾ ਦੀ ਨਿਖੇਧੀ ਕੀਤੀ ਹੈ। ਉਹ ਮਾਰੇ ਗਏ ਨੌਜਵਾਨ ਰਾਮ ਗੋਪਾਲ ਮਿਸ਼ਰਾ (22) ਦੇ ਪਰਿਵਾਰ ਨਾਲ ਭਲਕੇ ਮੁਲਾਕਾਤ ਕਰ ਸਕਦੇ ਹਨ। ਹਿੰਸਾ ਕਾਰਨ ਐੱਸਐੱਚਓ ਸੁਰੇਸ਼ ਕੁਮਾਰ ਵਰਮਾ ਅਤੇ ਸਥਾਨਕ ਪੁਲੀਸ ਚੌਕੀ ਦੇ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਗ੍ਰਹਿ ਸਕੱਤਰ ਸੰਜੀਵ ਗੁਪਤਾ ਅਤੇ ਵਧੀਕ ਡਾਇਰੈਕਟਰ ਜਨਰਲ ਪੁਲੀਸ (ਅਮਨ ਤੇ ਕਾਨੂੰਨ) ਅਮਿਤਾਭ ਯਸ਼ ਨੇ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਬਹਿਰਾਈਚ ਦੀ ਐੱਸਪੀ ਵਰਿੰਦਾ ਸ਼ੁਕਲਾ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਨੂੰ ਕਾਬੂ ਕਰਕੇ ਹਾਲਾਤ ਆਮ ਵਰਗੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਐੱਸਪੀ ਨੇ ਕਿਹਾ ਕਿ ਸਲਮਾਨ ਨਾਮ ਦੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਜਿਸ ਦੇ ਘਰ ਤੋਂ ਗੋਲੀਆਂ ਚਲਾਈਆਂ ਗਈਆਂ ਸਨ। ਬਹਿਰਾਈਚ ਦੀ ਜ਼ਿਲ੍ਹਾ ਮੈਜਿਸਟਰੇਟ ਮੋਨਿਕਾ ਰਾਣੀ ਨੇ ਕਿਹਾ ਕਿ ਮੂਰਤੀ ਜਲ ਪ੍ਰਵਾਹ ਦੌਰਾਨ ਵਿਵਾਦ ਸ਼ੁਰੂ ਹੋਇਆ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਵੱਲੋਂ ਗੋਲੀਆਂ ਚਲਾਏ ਜਾਣ ਮਗਰੋਂ ਹਾਲਾਤ ਵਿਗੜੇ। ਹਿੰਸਾ ’ਤੇ ਪ੍ਰਤੀਕਰਮ ਦਿੰਦਿਆਂ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ‘ਐਕਸ’ ’ਤੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਈ ਵੀ ਸਾਜ਼ਿਸ਼ ਅਸਫ਼ਲ ਰਹੇਗੀ। ਉਨ੍ਹਾਂ ਕਿਹਾ ਕਿ ਦੰਗਾਕਾਰੀਆਂ ਨੂੰ ਸ਼ਹਿ ਦੇਣ ਵਾਲੇ ਮੁੜ ਸਰਗਰਮ ਹੋ ਗਏ ਹਨ। -ਪੀਟੀਆਈ

Advertisement

ਪ੍ਰਿਯੰਕਾ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਅਪੀਲ

ਨਵੀਂ ਦਿੱਲੀ:

ਕਾਂਗਰਸ ਦੀ ਸੀਨੀਅਰ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਬਹਿਰਾਈਚ ’ਚ ਫੈਲੀ ਹਿੰਸਾ ’ਤੇ ਚਿੰਤਾ ਜ਼ਾਹਿਰ ਕਰਦਿਆਂ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਅਪੀਲ ਕੀਤੀ ਹੈ ਕਿ ਉਹ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ। ਉਨ੍ਹਾਂ ਪ੍ਰਸ਼ਾਸਨ ਦੀ ਨਾਕਾਮੀ ’ਤੇ ਵੀ ਅਫ਼ਸੋਸ ਜਤਾਇਆ। ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ ’ਚ ਨਾ ਲੈਣ। -ਪੀਟੀਆਈ

Advertisement
Author Image

joginder kumar

View all posts

Advertisement