ਪੰਚਾਇਤ ਚੋਣਾਂ: ਅਧਿਕਾਰੀ ਦਫ਼ਤਰ ਵਿੱਚ ਨਾ ਮਿਲਣ ਕਾਰਨ ਚੋਣਾਂ ਲੜਨ ਦੇ ਚਾਹਵਾਨ ਪ੍ਰੇਸ਼ਾਨ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 1 ਅਕਤੂਬਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਜ਼ਿਲ੍ਹੇ ਵਿੱਚ ਪੰਚਾਇਤ ਚੋਣਾਂ ਨੂੰ ਲੈ ਕੇ ਪਿੰਡਾਂ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਦਫ਼ਤਰਾਂ ਵਿੱਚ ਬੀਡੀਪੀਓ ਅਤੇ ਹੋਰ ਸਬੰਧਤ ਅਧਿਕਾਰੀ ਨਾ ਮਿਲਣ ਕਾਰਨ ਚੋਣਾਂ ਲੜਨ ਦੇ ਚਾਹਵਾਨਾਂ ਨੂੰ ਕਾਫ਼ੀ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਜਦੋਂ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਸਿਰਫ਼ ਤਿੰਨ ਦਿਨ ਬਾਕੀ ਬਚੇ ਹਨ। ਅੱਜ ਇਤਿਹਾਸਕ ਨਗਰ ਚੱਪੜਚਿੜੀ ਖ਼ੁਰਦ ਅਤੇ ਚੱਪੜਚਿੜੀ ਕਲਾਂ ਸਮੇਤ ਪਿੰਡ ਲਖਨੌਰ ਅਤੇ ਹੋਰਨਾਂ ਪਿੰਡਾਂ ਦੇ ਵਿਅਕਤੀ ਬੀਡੀਪੀਓ ਦਫ਼ਤਰ ਪਹੁੰਚੇ। ਚੱਪੜਚਿੜੀ ਖ਼ੁਰਦ ਦੀ ਤਤਕਾਲੀ ਸਰਪੰਚ ਰਾਜਵੀਰ ਕੌਰ ਨੇ ਦੱਸਿਆ ਕਿ ਉਸ ਨੇ ਬੀਤੀ 28 ਸਤੰਬਰ ਨੂੰ ਫਾਰਮ ਭਰੇ ਸਨ ਪਰ ਹੁਣ ਤੱਕ ਐੱਨਓਸੀ ਨਹੀਂ ਮਿਲੀ। ਅੱਜ ਸ਼ਾਮ ਸਾਢੇ 4 ਵਜੇ ਬੀਡੀਪੀਓ ਨੂੰ ਮਿਲੇ ਸੀ ਪਰ ਉਹ ਤੁਰੰਤ ਫਿਰ ਕਿਸੇ ਮੀਟਿੰਗ ਵਿੱਚ ਚਲੇ ਗਏ। ਹੁਣ ਉਨ੍ਹਾਂ ਨੂੰ ਭਲਕੇ ਬੁੱਧਵਾਰ ਨੂੰ ਦਫ਼ਤਰ ਆਉਣ ਲਈ ਕਿਹਾ ਗਿਆ ਹੈ। ਹੋਰਨਾਂ ਪਿੰਡਾਂ ’ਚੋਂ ਵੀ ਅਜਿਹੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਪੰਚਾਇਤ ਸਕੱਤਰ ਵੀ ਰਿਪੋਰਟਾਂ ਤਿਆਰ ਕਰਕੇ ਦੇਣ ਵਿੱਚ ਆਨਾਕਾਨੀ ਕਰ ਰਹੇ ਹਨ। ਚੱਪੜਚਿੜੀ ਕਲਾਂ ਦੇ ਸਾਬਕਾ ਸਰਪੰਚ ਗੁਰਮੇਲ ਸਿੰਘ, ਸੋਹਨ ਸਿੰਘ ਅਤੇ ਮਹਿਲਾ ਉਮੀਦਵਾਰ ਪਰਮਜੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਦਿਨਾਂ ਤੋਂ ਦਫ਼ਤਰਾਂ ਵਿੱਚ ਧੱਕੇ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਅੱਜ ਪਹਿਲਾਂ ਸਵੇਰੇ ਬੀਡੀਪੀਓ ਨੂੰ ਮਿਲਣ ਗਏ ਪਰ ਉਹ ਦਫ਼ਤਰ ਵਿੱਚ ਨਹੀਂ ਸੀ, ਫਿਰ ਉਹ ‘ਆਪ’ ਵਿਧਾਇਕ ਕੁਲਵੰਤ ਸਿੰਘ ਦੇ ਦਫ਼ਤਰ ਵਿੱਚ ਪਹੁੰਚੇ ਪਰ ਉਹ ਵੀ ਨਹੀਂ ਮਿਲੇ। ਗਰਾਮ ਪੰਚਾਇਤਾਂ ਦੀਆਂ ਆਮ ਚੋਣਾਂ ਲਈ ਨਾਮਜ਼ਦਗੀਆਂ ਦੇ ਤੀਜੇ ਦਿਨ ਮੰਗਲਵਾਰ ਨੂੰ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 438 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਹਨ। ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ 178 ਉਮੀਦਵਾਰਾਂ ਨੇ ਸਰਪੰਚੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ ਜਦੋਂਕਿ 260 ਉਮੀਦਵਾਰਾਂ ਨੇ ਪੰਚੀ ਦੇ ਅਹੁਦੇ ਲਈ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ।
ਛੁੱਟੀ ਵਾਲੇ ਦਿਨ ਵੀ ਦਫਤਰ ਖੁੱਲ੍ਹੇ ਰਹਿਣਗੇ: ਡੀਸੀ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਚੋਣਾਂ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਐੱਨਓਸੀ ਤੇ ਐੱਨਡੀਸੀ ਸਰਟੀਫਿਕੇਟ ਜਾਰੀ ਕਰਨ ਲਈ ਭਲਕੇ 2 ਅਤੇ 3 ਅਕਤੂਬਰ ਨੂੰ ਛੁੱਟੀ ਵਾਲੇ ਦਿਨ ਵੀ ਦਫਤਰ ਖੁਲ੍ਹੇ ਰਹਿਣਗੇ। ਏਡੀਸੀ ਸੋਨਮ ਚੌਧਰੀ ਨੇ ਕਿਹਾ ਕਿ ਬੀਡੀਪੀਓ ਦਫਤਰਾਂ ’ਚ ਖੱਜਲ ਖੁਆਰੀ ਜਿਹੀ ਕੋਈ ਗੱਲ ਨਹੀਂ ਹੈ।