‘ਦਿ ਟ੍ਰਿਬਿਊਨ’ ਨੇ ਸ਼ਿਮਲਾ ਵਿੱਚ ਪ੍ਰਿੰਸੀਪਲ ਮੀਟ ਕਰਵਾਈ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਅਕਤੂਬਰ
‘ਦਿ ਟ੍ਰਿਬਿਊਨ’ ਵੱਲੋਂ ਮਾਲ ਰੋਡ ਸ਼ਿਮਲਾ ਵਿੱਚ ‘ਸਕੂਲਾਂ ਵਿੱਚ ਤਕਨੀਕੀ ਏਕੀਕਰਨ: ਮੌਕੇ ਤੇ ਚੁਣੌਤੀਆਂ’ ਵਿਸ਼ੇ ’ਤੇ ਪ੍ਰਿੰਸੀਪਲ ਮੀਟ ਕਰਵਾਈ ਗਈ। ਇਸ ਮੌਕੇ ਪਰਸਨਲ ਟਰਾਂਸਫਾਰਮੇਸ਼ਨ, ਲੀਡਰਸ਼ਿਪ ਟਰਾਂਸਫੋਰਮੇਸ਼ਨ ਤੇ ਕੰਸਲਟੈਂਟ ਰੋਬਿਨ ਸਾਵਣ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਇਲਾਕੇ ਤੋਂ ਵੱਖ-ਵੱਖ ਸਕੂਲਾਂ ਤੋਂ 50 ਤੋਂ ਵੱਧ ਪ੍ਰਿੰਸੀਪਲਾਂ ਨੇ ਸ਼ਮੂਲੀਅਤ ਕੀਤੀ। ਇਹ ਪ੍ਰਿੰਸੀਪਲ ਮੀਟ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਈ ਗਈ।
ਇਸ ਮੌਕੇ ਸ੍ਰੀ ਰੌਬਿਨ ਸਾਵਣ ਨੇ ਕਿਹਾ ਕਿ ਮੌਜੂਦਾ ਸਮੇਂ ਦੌਰਾਨ ਸਕੂਲਾਂ ਵਿੱਚ ਤਕਨੀਕੀ ਏਕੀਕਰਨ ਸਮੇਂ ਦੀ ਮੁੱਖ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਤਕਨਾਲੋਜੀ ਅਜਿਹੀ ਦੋ ਧਾਰੀ ਤਲਵਾਰ ਹੈ, ਜਿਸ ਦੀ ਵਰਤੋਂ ਕਰਨਾ ਘਾਤਕ ਵੀ ਹੈ ਅਤੇ ਇਸ ਦੀ ਵਰਤੋਂ ਬਿਨਾਂ ਰਿਹਾ ਵੀ ਨਹੀਂ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਕਨੀਕ ਦੀ ਵਾਧੂ ਵਰਤੋਂ ਕਰਨ ਕਰ ਕੇ ਵਿਦਿਆਰਥੀਆਂ ਵਿੱਚ ਬੋਭਰੋਸਗੀ ਵਧ ਰਹੀ ਹੈ, ਇਸ ਕਰਕੇ ਵਿਦਿਆਰਥੀ ਸਮਾਜ ਵਿੱਚ ਇਕੱਲੇ ਰਹਿਣਾ ਪਸੰਦ ਕਰ ਰਹੇ ਹਨ। ਉਹ ਆਪਣੇ ਪੱਧਰ ’ਤੇ ਕੋਈ ਫੈਸਲਾ ਨਹੀਂ ਲੈ ਸਕਦੇ, ਚਿੜ-ਚਿੜੇ ਰਹਿ ਰਹੇ ਹਨ। ਇਸ ਮੌਕੇ ਮੁੱਖ ਬੁਲਾਰੇ ਤੇ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਵਿਦਿਆਰਥੀਆਂ ਤੋਂ ਇਕ ਕਦਮ ਅੱਗੇ ਰਹਿਣ ਲਈ ਅਧਿਆਪਕਾਂ ਨੂੰ ਤਕਨੀਕ ਬਾਰੇ ਹਮੇਸ਼ਾ ਖੁਦ ਨੂੰ ਅਪਡੇਟ ਰੱਖਣਾ ਪੈਂਦਾ ਹੈ। ਇਸ ਲਈ ਅਧਿਆਪਕਾਂ ਨੂੰ ਸਮੇਂ-ਸਮੇਂ ’ਤੇ ਸੈਮੀਨਾਰ ਜਾਂ ਵਰਕਸ਼ਾਪ ਰਾਹੀਂ ਅਪਡੇਟ ਕੀਤਾ ਜਾਣਾ ਚਾਹੀਦਾ ਹੈ।
ਰੌਬਿਨ ਸਾਵਣ ਨੇ ਕਿਹਾ ਕਿ ਭਾਰਤ ਵਿੱਚ ਤਕਨਾਲੋਜੀ ਨੂੰ ਅਪਨਾਉਣ ਲਈ ਬੁਨਿਆਦੀ ਢਾਂਚੇ ਦੀ ਵਧੇਰੇ ਘਾਟ ਹੈ। ਅੱਜ ਇੱਥੇ ਹਰ ਵਿਦਿਆਰਥੀ ਤੇ ਅਧਿਆਪਕ ਕੰਪਿਊਟਰ ਤੇ ਮੋਬਾਈਲ ਤੱਕ ਪਹੁੰਚ ਨਹੀਂ ਸਕਦਾ। ਅਜਿਹੇ ਹਾਲਾਤ ਵਿੱਚ ਤਕਨਾਲੋਜੀ ਦਾ ਏਕੀਕਰਨ ਕਰਨਾ ਮੁਸ਼ਕਲ ਹੈ। ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਪੋਰਟਮੋਰ ਦੀ ਪ੍ਰਿੰਸੀਪਲ ਰਾਖੀ ਪੰਡਿਤ ਨੇ ਕਿਹਾ ਕਿ ਮੀਟ ਕਾਰਨ ਤਕਨੀਕ ਦੇ ਚੰਗੇ ਤੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਮਿਲੀ ਹੈ। ਓਕਲੈਂਡ ਹਾਈ ਸਕੂਲ ਦੀ ਡਾਇਰੈਕਟਰ ਸੁਨੀਤਾ ਕੈਰੋਲ ਨੇ ਕਿਹਾ ਕਿ ਸਾਰਿਆਂ ਨੂੰ ਤਕਨਾਲੋਜੀ ਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ।
ਤਕਨੀਕ ਨੂੰ ਅਪਨਾਉਣ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ
ਸੈਂਟਰ ਐਡਰਵਰਜ਼ ਦੇ ਪ੍ਰਿੰਸੀਪਲ ਫਾਦਰ ਅਨਿਲ ਨੇ ਕਿਹਾ, ‘‘ਨੌਜਵਾਨ ਪੀੜ੍ਹੀ ਦੇ ਤੇਜ਼ ਦਿਮਾਗ ਕਾਰਨ ਸਾਡੇ ਕੋਲ ਤਕਨੀਕ ਦੀ ਵਰਤੋਂ ਕਰਨ ਤੋਂ ਇਲਾਵਾ ਕੋਈ ਹੋਰ ਰਾਹ ਨਹੀਂ ਹੈ। ਜੇ ਭਾਰਤ ਨੂੰ ਆਧੁਨਿਕਤਾ ਵੱਲ ਅੱਗੇ ਲੈ ਕੇ ਜਾਣਾ ਹੈ ਤਾਂ ਸਾਰਿਆਂ ਨੂੰ ਤਕਨਾਲੋਜੀ ਦਾ ਏਕੀਕਰਨ ਕਰਨਾ ਹੀ ਪਵੇਗਾ। ਓਕਲੈਂਡ ਹਾਈ ਸਕੂਲ ਲੜਕੇ, ਸ਼ਿਮਲਾ ਦੇ ਪ੍ਰਿੰਸੀਪਲ ਰੁਬੇਨ ਜ਼ੋਨ ਨੇ ਕਿਹਾ ਕਿ ਤਕਨਾਲੋਜੀ ਕਰ ਕੇ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੀਦਾ ਹੈ।’’