For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਚੋਣਾਂ: ਕੋਈ ‘ਟਰੈਕਟਰ’ ਲੈ ਗਿਆ ਤੇ ਕੋਈ ‘ਜੀਪ’..!

10:27 AM Oct 08, 2024 IST
ਪੰਚਾਇਤੀ ਚੋਣਾਂ  ਕੋਈ ‘ਟਰੈਕਟਰ’ ਲੈ ਗਿਆ ਤੇ ਕੋਈ ‘ਜੀਪ’
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 7 ਅਕਤੂਬਰ
ਪੰਚਾਇਤੀ ਚੋਣਾਂ ’ਚ ‘ਟਰੈਕਟਰ’ ਚੋਣ ਨਿਸ਼ਾਨ ਦੀ ਝੰਡੀ ਰਹੀ। ਅੱਜ ਕਾਗ਼ਜ਼ ਵਾਪਸੀ ਮਗਰੋਂ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਪੇਂਡੂ ਚੋਣਾਂ ਹੋਣ ਕਰਕੇ ਸਰਪੰਚੀ ਦੇ ਅਹੁਦੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੇ ‘ਟਰੈਕਟਰ’ ਚੋਣ ਨਿਸ਼ਾਨ ਲੈਣ ਨੂੰ ਤਰਜੀਹ ਦਿੱਤੀ ਹੈ। ਰਾਜ ਚੋਣ ਕਮਿਸ਼ਨ ਨੇ ਕਰੀਬ 173 ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਵਾਰ ਉਮੀਦਵਾਰ ਪਾਰਟੀ ਚੋਣ ਨਿਸ਼ਾਨ ’ਤੇ ਚੋਣ ਨਹੀਂ ਲੜ ਰਹੇ, ਕਿਉਂਕਿ ਪੰਜਾਬ ਸਰਕਾਰ ਨੇ ਇਸ ਬਾਰੇ ਪੰਜਾਬ ਵਿਧਾਨ ਸਭਾ ’ਚ ਪੰਜਾਬ ਪੰਚਾਇਤੀ ਰਾਜ ਐਕਟ ਵਿਚ ਸੋਧ ਕਰ ਦਿੱਤੀ ਸੀ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਚੋਣ ਨਿਸ਼ਾਨ ਟਰੈਕਟਰ ਤੇ ਬਾਲਟੀ ਲੈਣ ਲਈ ਅੱਜ ਉਮੀਦਵਾਰ ਤਰਲੋਮੱਛੀ ਹੋਏ। ਬਾਲਟੀ ਚੋਣ ਨਿਸ਼ਾਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਲੱਖਾ ਸਿਧਾਣਾ ਦਾ ਚੋਣ ਨਿਸ਼ਾਨ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿਚ ਟਰੈਕਟਰ ਚੋਣ ਨਿਸ਼ਾਨ ਪਹਿਲੀ ਪਸੰਦ ਰਿਹਾ ਹੈ। ਹਲਕਾ ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਅੱਜ ਪਿੰਡਾਂ ਦਾ ਗੇੜਾ ਲਾਇਆ ਹੈ ਅਤੇ ਜ਼ਿਆਦਾ ਉਮੀਦਵਾਰਾਂ ਦਾ ਚੋਣ ਨਿਸ਼ਾਨ ਟਰੈਕਟਰ ਹੀ ਨਜ਼ਰ ਆਇਆ ਹੈ। ਰਿਟਰਨਿੰਗ ਅਫ਼ਸਰਾਂ ਨੇ ਦੱਸਿਆ ਕਿ ਬਹੁਗਿਣਤੀ ਉਮੀਦਵਾਰਾਂ ਨੇ ਪੇਂਡੂ ਪਿਛੋਕੜ ਵਾਲੇ ਚੋਣ ਨਿਸ਼ਾਨ ਲੈਣ ਵਿਚ ਦਿਲਚਸਪੀ ਦਿਖਾਈ। ਹਲਕਾ ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਹਲਕੇ ਵਿਚ ਕੁੱਲ 72 ਪਿੰਡ ਪੈਂਦੇ ਹਨ ਜਿਨ੍ਹਾਂ ’ਚ ਜ਼ਿਆਦਾ ਰੁਝਾਨ ਟਰੈਕਟਰ ਚੋਣ ਨਿਸ਼ਾਨ ਲੈਣ ਦਾ ਹੀ ਸਾਹਮਣੇ ਆਇਆ ਹੈ। ਜ਼ਿਲ੍ਹਾ ਮੋਗਾ ’ਚ ਟਰੈਕਟਰ ਤੋਂ ਇਲਾਵਾ ਬਾਲਟੀ ਅਤੇ ਘੜਾ ਚੋਣ ਨਿਸ਼ਾਨ ਲੈਣ ਦਾ ਜ਼ਿਆਦਾ ਰੁਝਾਨ ਰਿਹਾ। ਔਰਤ ਉਮੀਦਵਾਰਾਂ ਵੱਲੋਂ ਘਰੇਲੂ ਵਰਤੋਂ ਵਾਲੇ ਸਾਜ਼ੋ ਸਾਮਾਨ ਨੂੰ ਚੋਣ ਨਿਸ਼ਾਨ ਵਜੋਂ ਲਿਆ ਗਿਆ ਹੈ। ਹਲਕਾ ਬਾਘਾ ਪੁਰਾਣਾ ਵਿਚ 71 ਪਿੰਡ ਪੈਂਦੇ ਹਨ। ਇਸ ਹਲਕੇ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁੱਖਾਨੰਦ ਦਾ ਕਹਿਣਾ ਸੀ ਕਿ ਬਾਲਟੀ ਤੇ ਘੜਾ ਚੋਣ ਨਿਸ਼ਾਨ ਲੈਣ ਵਾਲੇ ਜ਼ਿਆਦਾ ਹਨ। ਲੈਪਟਾਪ ਚੋਣ ਨਿਸ਼ਾਨ ਲੈਣ ਤੋਂ ਉਮੀਦਵਾਰਾਂ ਨੇ ਪਾਸਾ ਵੱਟਿਆ ਹੈ। ਹਲਕਾ ਅਮਲੋਹ ਵਿਚ ਆਵਾਜਾਈ ਦੇ ਸਾਧਨਾਂ ਵਾਲੇ ਚੋਣ ਨਿਸ਼ਾਨ ਜ਼ਿਆਦਾ ਲਏ ਗਏ ਹਨ ਜਿਨ੍ਹਾਂ ਵਿਚ ਟਰੈਕਟਰ, ਕਾਰ, ਜੀਪ ਆਦਿ ਸ਼ਾਮਲ ਹਨ।

Advertisement

ਪੇਂਡੂ ਆਰਥਿਕਤਾ ਦੀ ਤਰਜ਼ਮਾਨੀ ਕਰਦੇ ਚੋਣ ਨਿਸ਼ਾਨ ਨੂੰ ਤਰਜੀਹ

ਹਲਕਾ ਵਿਧਾਇਕ ਗੈਰੀ ਵੜਿੰਗ ਆਖਦਾ ਹੈ ਕਿ ਜਿਹੜੇ ਚੋਣ ਨਿਸ਼ਾਨ ਬੈਲਟ ਪੇਪਰ ’ਤੇ ਸਾਫ਼ ਨਜ਼ਰ ਆਉਂਦੇ ਹਨ, ਉਨ੍ਹਾਂ ਚੋਣ ਨਿਸ਼ਾਨਾਂ ਪ੍ਰਤੀ ਉਮੀਦਵਾਰਾਂ ਦਾ ਜ਼ਿਆਦਾ ਰੁਝਾਨ ਰਿਹਾ ਹੈ। ਪੰਚ ਲਈ ਔਰਤਾਂ ਉਮੀਦਵਾਰਾਂ ਵੱਲੋਂ ਸਿਲਾਈ ਮਸ਼ੀਨ ਅਤੇ ਸਿਲੰਡਰ ਚੋਣ ਨਿਸ਼ਾਨ ਨੂੰ ਵੀ ਤਰਜੀਹ ਦਿੱਤੀ ਗਈ ਹੈ। ਜਿਹੜੇ ਚੋਣ ਨਿਸ਼ਾਨ ਪੇਂਡੂ ਆਰਥਿਕਤਾ ਦੀ ਤਰਜ਼ਮਾਨੀ ਕਰਦੇ ਹਨ, ਉਹ ਉਮੀਦਵਾਰਾਂ ਦੀ ਪਹਿਲੀ ਤਰਜੀਹ ਰਹੇ ਹਨ। ਕਈ ਉਮੀਦਵਾਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਟਰੈਕਟਰ ਚੋਣ ਨਿਸ਼ਾਨ ਇਸ ਕਰਕੇ ਨਹੀਂ ਲਿਆ ਕਿਉਂਕਿ ਉਨ੍ਹਾਂ ਦੇ ਪਿੰਡ ਵਿਚ ਐਸਸੀ ਵਰਗ ਦੀ ਵੋਟ ਕਾਫ਼ੀ ਹੈ। ਕਿਸਾਨੀ ਵੋਟ ਬੈਂਕ ਨੂੰ ਖਿੱਚਣ ਲਈ ਉਮੀਦਵਾਰ ਟਰੈਕਟਰ ਚੋਣ ਨਿਸ਼ਾਨ ਲੈ ਰਹੇ ਹਨ।

Advertisement

Advertisement
Author Image

sukhwinder singh

View all posts

Advertisement